ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ
ਸੀ.ਪੀ.ਆਈ., ਸੀ.ਪੀ.ਆਈ.(ਐਮ.), ਸੀ.ਪੀ.ਐਮ ਪੰਜਾਬ., ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ
ਬਰਨਾਲਾ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ.(ਐਮ.), ਸੀ.ਪੀ.ਐਮ.ਪੰਜਾਬ, ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਸਾਂਝੇ ਸੱਦੇ 'ਤੇ ਅੱਜ ਅਨਾਜ ਮੰਡੀ 'ਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ, ਜਿਸ 'ਚ ਮਾਲਵਾ ਖੇਤਰ ਦੇ ਹਜ਼ਾਰਾਂ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ।
ਬਰਨਾਲਾ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ.(ਐਮ.), ਸੀ.ਪੀ.ਐਮ.ਪੰਜਾਬ, ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਸਾਂਝੇ ਸੱਦੇ 'ਤੇ ਅੱਜ ਅਨਾਜ ਮੰਡੀ 'ਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ, ਜਿਸ 'ਚ ਮਾਲਵਾ ਖੇਤਰ ਦੇ ਹਜ਼ਾਰਾਂ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ।
ਸਰਵ ਸਾਥੀ ਕਸ਼ਮੀਰ ਸਿੰਘ ਗਦਾਈਆਂ, ਬੰਤ ਸਿੰਘ ਨਮੋਲ, ਗੱਜਣ ਸਿੰਘ ਦੁੱਗਾਂ ਅਤੇ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਨੂੰ ਚਾਰਾਂ ਪਾਰਟੀਆਂ ਦੇ ਸੂਬਾਈ ਆਗੂਆਂ ਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਜਗਰੂਪ, ਵਿਜੈ ਮਿਸ਼ਰਾ, ਭੀਮ ਸਿੰਘ ਆਲਮਪੁਰ, ਭਗਵੰਤ ਸਿੰਘ ਸਮ੍ਹਾਉਂ, ਨਿਰਮਲ ਸਿੰਘ ਧਾਲੀਵਾਲ, ਭੂਪਚੰਦ ਚੰਨੋ, ਮਹੀਪਾਲ ਅਤੇ ਗੁਰਪ੍ਰੀਤ ਸਿੰਘ ਰੂੜ੍ਹੇਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਨਿਰੰਤਰ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ ਅਤੇ ਸਮਾਜਿਕ ਅਫਰਾ-ਤਫਰੀ ਲਈ ਜਿੁੰਮੇਵਾਰ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ। ਆਗੂਆਂ ਨੇ ਪੰਜਾਬ 'ਚ ਨਿੱਤ ਦਿਨ ਵਧ ਰਹੀ ਨਸ਼ਾਖੋਰੀ, ਗੁੰਡਾਗਰਦੀ ਅਤੇ ਲਾ-ਕਾਨੂੰਨੀ ਲਈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧਾ ਜੁੰਮੇਵਾਰ ਕਰਾਰ ਦਿੱਤਾ। ਆਗੂਆਂ ਨੇ ਅੱਗੇ ਕਿਹਾ ਕਿ ਨਸ਼ਾ ਤਸਕਰੀ ਦੇ ਘ੍ਰਿਣਤ ਵਪਾਰ 'ਚ ਸਿਆਸਤਦਾਨਾਂ ਦੀ ਅਪਰਾਧਿਕ ਮਿਲੀਭੁਗਤ ਅਤੇ ਪੁਲਿਸ ਪ੍ਰਸ਼ਾਸਨ ਦੇ ਕਰ ਦਿੱਤੇ ਗਏ ਮੁਕੰਮਲ ਰਾਜਸੀਕਰਨ ਕਰਕੇ ਪੰਜਾਬ 'ਚ ਨਾ ਕੇਵਲ ਜਵਾਨੀ ਤਬਾਹੀ ਅਤੇ ਮੌਤ ਦੇ ਮੂੰਹ ਧੱਕੀ ਜਾ ਰਹੀ ਹੈ ਬਲਕਿ ਅਮਨ ਕਾਨੂੰਨ ਦੀ ਹਾਲਤ ਵੀ ਦਿਨੋ ਦਿਨ ਨਿਘਰਦੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਸ਼ਹਿ ਪ੍ਰਾਪਤ ਹਰ ਕਿਸਮ ਦਾ ਮਾਫੀਆ ਲੋਕਾਂ ਦਾ ਜੀਣਾ ਦੂਭਰ ਕਰ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਲਗਾਤਾਰ ਵਧਦੇ ਜਾ ਰਹੇ ਆਮਦਨ-ਖਰਚ ਦੇ ਪਾੜੇ ਕਾਰਨ ਡੂੰਘੇ ਸੰਕਟ ਵਿੱਚ ਫਸੇ ਖੇਤੀ ਅਰਥਚਾਰੇ ਸਦਕੇ ਹੋ ਰਹੀਆਂ ਕਿਸਾਨਾਂ-ਮਜ਼ਦੂਰਾ ਦੀਆਂ ਖੁਦਕੁਸ਼ੀਆਂ ਦੀਆਂ ਮਨਹੂਸ ਵਾਰਦਾਤਾਂ ਰੋਕਣ ਵਿੱਚ ਸਰਕਾਰ ਸੌ ਫੀਸਦੀ ਫੇਲ੍ਹ ਸਾਬਤ ਹੋਈ ਹੈ। ਖੱਬੇ ਪੱਖੀ ਆਗੂਆਂ ਨੇ ਇਸ ਗੱਲ ਪ੍ਰਤੀ ਡਾਢਾ ਗਿਲਾ ਜ਼ਾਹਿਰ ਕੀਤਾ ਕਿ ਸੂਬੇ ਦਾ ਮੁੱਖ ਮੰਤਰੀ ਅਤੇ ਸਾਰੀ ਸਰਕਾਰ ਇਸ ਭਿਅੰਕਰ ਤਰਾਸਦੀ ਦਾ ਸਾਰਥਿਕ ਹੱਲ ਲੱਭਣ ਦੀ ਬਜਾਏ ਆਪਣੀ ਨਾਕਾਮੀ ਲੁਕਾਉਣ ਲਈ ਉਲਟਾ ਖੁਦਕੁਸ਼ੀਆਂ ਕਰ ਗਏ ਮਜ਼ਦੂਰਾ-ਕਿਸਾਨਾਂ ਨੂੰ ਹੀ ਫਜੂਲ ਖਰਚੀ ਆਦਿ ਦੇ ਬੇਬੁਨਿਆਦ ਇਲਜ਼ਾਮ ਲਾਕੇ ਦੋਸ਼ੀ ਠਹਿਰਾ ਰਹੇ ਹਨ।
ਚਾਰੇ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਹਾਕਮ ਧਿਰ ਦੇ ਆਗੂਆਂ ਨੂੰ ਕੇਵਲ ਆਪਣੇ ਪਰਿਵਾਰਾਂ, ਸਬੰਧੀਆਂ, ਵੱਡੇ-ਵੱਡੇ ਥੈਲੀਸ਼ਾਹਾਂ ਅਤੇ ਜਗੀਰੂਆਂ ਦੇ ਖਜਾਨੇ ਹੀ ਨੱਕੋ-ਨੱਕ ਭਰਨ ਦੀ ਚਿੰਤਾਂ ਹੈ ਅਤੇ ਆਮ ਲੋਕਾਂ ਦੀਆਂ ਮੁੱਖ ਚਿੰਤਾਵਾਂ ਪ੍ਰਤੀ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ। ਬੇ-ਜ਼ਮੀਨੇ ਪੇਂਡੂ ਪਰਿਵਾਰਾਂ ਨੂੰ ਦਸ-ਦਸ ਮਰਲੇ ਦੇ ਪਲਾਂਟ ਦੇਣ, ਵਾਹੀਯੋਗ ਸਾਂਝੀਆਂ ਜ਼ਮੀਨਾਂ ਦਾ ਤੀਜਾ ਹਿੱਸਾ ਖੇਤੀ ਲਈ ਦੇਣ, ਸ਼ਹਿਰੀ ਮਜ਼ਦੂਰਾਂ ਨੂੰ ਰਹਿਣ ਲਈ ਮਕਾਨ ਬਣਾਕੇ ਦੇਣ ਅਤੇ ਸਭਨਾਂ ਲਈ ਰੋਜ਼ਗਾਰ ਦੇਣ ਤੋਂ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਖਜ਼ਾਨੇ ਦੀ ਬੇਕਿਰਕ ਲੁੱਟ ਮਚਾਕੇ ਸੰਗਤ ਦਰਸ਼ਨਾਂ ਆਦਿ ਦੀ ਡਰਾਮੇ ਬਾਜ਼ੀ ਨਾਲ ਵੋਟਾਂ ਵਟੋਰਨ ਦੇ ਕੋਝੇ ਯਤਨ ਹੀ ਸਰਕਾਰ ਦੀ ਇਕਲੌਤੀ 'ਕਾਰਗੁਜ਼ਾਰੀ' ਹੈ।
ਕਨਵੈਨਸ਼ਨ ਵਿੱਚ ਮੰਗ ਕੀਤੀ ਗਈ ਕਿ ਸੂਬੇ ਵਿੱਚ ਕੁਦਰਤੀ ਪਾਣੀ ਦੀ ਯੋਗ ਸੰਭਾਲ ਦੇ ਸਥਾਈ ਇੰਤਜ਼ਾਮ ਕੀਤੇ ਜਾਣ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਫਤ ਮਿਲਣ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ 7 ਅਗਸਤ 2016 ਤੋਂ 9 ਅਗਸਤ 2016 ਤੱਕ ਸਾਰੇ ਜ਼ਿਲ੍ਹਾ ਕੇਂਦਰਾਂ ਤੇ ਦਿਨ ਰਾਤ ਦੇ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਉਕਤ ਸੰਘਰਸ਼ ਪ੍ਰੋਗਰਾਮ ਨੂੰ ਤਨੋ ਮਨੋ ਧਨੋ ਸਮਰਥਨ ਦੇਣ ਦੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਅਤੇ ਸੱਦਾ ਦਿੱਤਾ ਗਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸਰਮਾਏਦਾਰ ਪੱਖੀ ਰਾਜਸੀ ਪਾਰਟੀਆਂ ਨੂੰ ਹਾਰ ਦੇਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਦੀਆਂ ਹਾਮੀ ਖੱਬੀਆਂ ਧਿਰਾਂ ਨੂੰ ਜਿਤਾਇਆ ਜਾਵੇ।
ਉਕਤ ਮੰਤਵ ਦੀ ਪੂਰਤੀ ਲਈ ਚਾਰਾਂ ਪਾਰਟੀਆਂ ਵੱਲੋਂ ਸਾਂਝਾ ਹੰਭਲਾ ਮਾਰਨ ਦਾ ਐਲਾਨ ਕੀਤਾ ਗਿਆ। ਸਟੇਜ ਸੰਚਾਲਨ ਸਾਥੀ ਮਲਕੀਤ ਸਿੰਘ ਵਜੀਦਕੇ ਵੱਲੋਂ ਕੀਤਾ ਗਿਆ।
No comments:
Post a Comment