Tuesday, 12 July 2016

ਸਿਰਫ 'ਚਿਹਰੇ' ਬਦਲ ਕੇ ਲੋਕਾਂ ਦਾ ਭਲਾ ਕਿਵੇਂ ਹੋ ਸਕਦੈ

ਜਗਬਾਣੀ (11 ਜੁਲਾਈ 2016)


- ਮੰਗਤ ਰਾਮ ਪਾਸਲਾ 
ਭਾਰਤ ਦੀ ਰਾਜਨੀਤੀ ਵਿਚ 'ਆਪ' (ਆਮ ਆਦਮੀ ਦੀ ਪਾਰਟੀ) ਦਾ ਆਗਮਨ ਉਸ ਵਕਤ ਹੋਇਆ ਹੈ, ਜਦੋਂ ਦੇਸ਼ ਦੀ ਕੇਂਦਰੀ ਸਰਕਾਰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਪੂਰੇ ਜ਼ੋਰ ਨਾਲ ਲਾਗੂ ਕਰ ਰਹੀ ਹੈ। ਸਾਮਰਾਜੀ ਦੇਸ਼ਾਂ ਲਈ ਆਪਣੇ ਆਰਥਿਕ ਸੰਕਟ ਉਪਰ ਕਾਬੂ ਪਾਉਣ ਵਾਸਤੇ, ਭਾਰਤ ਵਰਗੇ ਵੱਡੇ ਦੇਸ਼ ਦੀ ਵਿਸ਼ਾਲ ਮੰਡੀ, ਮਾਨਵੀ ਸ਼ਕਤੀ ਅਤੇ ਕੁਦਰਤੀ ਸਰੋਤ ਸਹਾਈ ਸਿੱਧ ਹੋ ਸਕਦੇ ਹਨ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨਵ ਉਦਾਰਵਾਦੀ ਨੀਤੀਆ ਅਪਣਾ ਕੇ ਪੂੰਜੀਵਾਦੀ ਸੰਕਟ ਦੇ ਹੱਲ ਲਈ 'ਸੰਕਟ ਮੋਚਨ' ਦਾ ਕੰਮ ਕਰ ਰਹੀ ਹੈ। ਇਨ੍ਹਾਂ ਨਵਉਦਾਰਵਾਦੀ ਆਰਥਿਕ ਨੀਤੀਆਂ ਸਦਕਾ ਮਹਿੰਗਾਈ, ਬੇਕਾਰੀ, ਭੁਖਮਰੀ, ਕੁਪੋਸ਼ਨ, ਖੇਤੀ ਸੰਕਟ ਆਦਿ ਨੇ ਜਨ-ਸਮੂਹਾਂ ਨੂੰ ਘੇਰਿਆ ਹੋਇਆ ਹੈ। ਭਰਿਸ਼ਟਾਚਾਰ ਵੀ ਭਾਰਤੀ ਲੋਕਾਂ ਨੂੰ ਸੂਲ ਵਾਂਗਰ ਚੁਭ ਰਿਹਾ ਹੈ। ਇਨ੍ਹਾਂ ਨੀਤੀਆਂ ਦੇ ਨਤੀਜੇ ਵਜੋਂ ਆਮ ਲੋਕ ਕਾਂਗਰਸ ਤੇ ਭਾਜਪਾ ਸਰਕਾਰਾਂ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸਰਕਾਰਾਂ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਲੋਕ ਇਕ ਅਜਿਹਾ ਰਾਜਨੀਤਕ ਤੇ ਆਰਥਿਕ ਮੁਤਬਾਦਲ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਦਰਪੇਸ਼ ਮੂਲ ਸਮੱਸਿਆਵਾਂ ਤੋਂ ਛੁਟਕਾਰਾ ਦੁਆ ਸਕੇ। ਉਨ੍ਹਾਂ ਰਾਜਨੀਤਕ ਸ਼ਕਤੀਆਂ ਦਾ ਅੱਗੇ ਆਉਣਾ ਜ਼ਰੂਰੀ ਹੈ, ਜੋ  ਆਪਣੇ ਪ੍ਰੋਗਰਾਮ ਤੇ ਨੀਤੀਆਂ ਦਾ ਰੁਖ ਸਾਮਰਾਜ, ਇਜਾਰੇਦਾਰ ਤੇ ਜਗੀਰਦਾਰ ਜਮਾਤਾਂ ਦਾ ਵਿਰੋਧੀ ਰੱਖਦੀਆਂ ਹੋਣ। ਇਸ ਪੈਮਾਨੇ ਉਪਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਪੂਰਾ ਉਤਰਦੀਆਂ ਹਨ। ਲੋਕਾਂ ਦੇ ਗੁੱਸੇ ਨੂੰ ਖੱਬੀ ਦਿਸ਼ਾ ਵਿਚ ਢਾਲ ਕੇ ਸਮਾਜਿਕ ਤਬਦੀਲੀ ਦੇ ਕਾਰਜ ਲਈ ਅੱਗੇ ਵੱਧਣ ਤੋਂ ਰੋਕਣ ਲਈ ਇਕ ਯੋਜਨਾਬੱਧ ਢੰਗ ਨਾਲ ਸਾਮਰਾਜੀ ਤੇ ਸਰਮਾਏਦਾਰ ਧਿਰਾਂ ਵਲੋਂ 'ਆਪ' ਨੂੰ ਰਾਜਨੀਤਕ ਖੇਤਰ ਵਿਚ ਉਤਾਰਿਆ ਗਿਆ ਹੈ, ਜੋ ਖੁੱਲ੍ਹੇ ਰੂਪ ਵਿਚ ਸਰਮਾਏਦਾਰੀ ਢਾਂਚੇ, ਉਦਾਰੀਕਰਨ ਤੇ ਨਿੱਜੀਕਰਨ ਦੀ ਡਟਵੀਂ ਹਮਾਇਤੀ ਹੈ। 
ਰਾਜਨੀਤੀ ਵਿਚ ਕਾਂਗਰਸ, ਭਾਜਪਾ ਤੇ ਹੋਰ ਇਲਾਕਾਈ ਸਰਮਾਏਦਾਰ-ਜਗੀਰਦਾਰ ਪਾਰਟੀਆਂ ਇਕ ਦੂਸਰੇ ਨੂੰ ਤਾਂ ਬਰਦਾਸ਼ਤ ਕਰ ਸਕਦੀਆਂ ਹਨ, ਪ੍ਰੰਤੂ ਖੱਬੀ ਤੇ ਇਨਕਲਾਬੀ ਧਿਰ ਦੇ ਜਨ ਆਧਾਰ ਨੂੰ ਵੱਧਦਾ ਦੇਖਣਾ ਕਦੀ ਬਰਦਾਸ਼ਤ ਨਹੀਂ ਕਰਦੀਆਂ। ਸਾਮਰਾਜ  ਦੁਨੀਆਂ ਦੇ ਕਿਸੇ ਖਿਤੇ ਵਿਚ ਵੀ ਅਗਾਂਹਵਧੂ ਤਾਕਤਾਂ ਦੇ ਪਸਾਰੇ ਦਾ ਕੱਟੜ ਵਿਰੋਧੀ ਹੈ। ਕਦੀ ਅੱਤਵਾਦ ਨੂੰ ਪੈਦਾ ਕਰਕੇ ਤੇ ਫੇਰ ਅੱਤਵਾਦ ਨੂੰ ਦਬਾਉਣ ਦੇ ਨਾਂਅ ਹੇਠਾਂ ਝੂਠੇ ਤਰਕਾਂ ਦੇ ਆਧਾਰ ਉਤੇ ਸਾਮਰਾਜੀ ਦੇਸ਼ਾਂ ਵਲੋਂ ਅਫਗਾਨਿਸਤਾਨ, ਇਰਾਕ ਆਦਿ ਅਨੇਕਾਂ ਦੇਸ਼ਾਂ ਨੂੰ ਨਾਟੋ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ  ਲੱਖਾਂ ਮਨੁੱਖੀ ਜਾਨਾਂ ਦੀ ਬਲੀ ਲੈਣ ਦੇ ਨਾਲ ਉਨ੍ਹਾਂ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਵੀ ਲੁਟਿਆ ਗਿਆ। ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਵਲੋਂ ਲੋਕਾਂ ਅੰਦਰ ਇਨ੍ਹਾਂ ਨੀਤੀਆਂ ਵਿਰੁੱਧ ਉਠ ਰਹੀ ਬੇਚੈਨੀ ਨੂੰ ਖੱਬੇ ਪੱਖੀ ਮੋੜਾ ਲੈਣ ਤੋਂ ਰੋਕਣ ਲਈ 'ਆਪ' ਨੂੰ ਪ੍ਰੈਸ਼ਰ ਕੁਕਰ ਵਿਚਲੇ 'ਸੇਫਟੀ ਵਾਲਵ' ਵਜੋਂ ਵਰਤਿਆ ਜਾ ਰਿਹਾ ਹੈ। ਇਹ ਇਕ ਹਕੀਕਤ ਹੈ ਕਿ ਸਾਮਰਾਜੀ ਦੇਸ਼ਾ ਦੀ ਸਹਾਇਤਾ ਪ੍ਰਾਪਤ ਗੈਰ-ਸਰਕਾਰੀ ਸੰਸਥਾਵਾਂ (ਟ.7.+ਤ) ਅੰਦਰ, ਜਿਨ੍ਹਾਂ  ਵਿਚ 'ਆਪ' ਦੇ ਅਨੇਕਾਂ ਨੇਤਾ ਤੇ ਬਹੁਤ ਸਾਰੇ ਕਾਰਕੁੰਨ (ੜਰ;ਚਅਵਕਕਗਤ) ਸ਼ਾਮਲ ਹਨ, ਕਈ ਵਰ੍ਹਿਆਂ ਤੋਂ ਵੱਖ ਵੱਖ ਖੇਤਰਾਂ ਵਿਚ ਸਰਗਰਮ ਹਨ। ਬਹਾਨਾ ਭਾਵੇਂ ਸਮਾਜਿਕ ਕੰਮਾਂ, ਵਿੱਦਿਅਕ, ਸਿਹਤ, ਵਾਤਾਵਰਣ ਆਦਿ ਕਿਸੇ ਵੀ ਖੇਤਰ ਦਾ ਕਰਨ, ਪ੍ਰੰਤੂ ਅਸਲ ਮਕਸਦ ਪੂੰਜੀਵਾਦ ਦੇ ਬਚਾਅ ਲਈ ਸੱਤਾ ਉਪਰ ਕਾਬਜ਼ ਹੋਣਾ ਹੁੰਦਾ ਹੈ, ਤਾਂ ਕਿ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਬੜ੍ਹਾਵਾ ਦੇ ਕੇ ਨਵਉਦਾਰਵਾਦੀ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਨੂੰ ਕਮਜ਼ੋਰ ਕੀਤਾ ਜਾ ਸਕੇ। ਸਰਕਾਰ ਪ੍ਰਤੀ ਲੋਕਾਂ ਵਿਚ ਉਠ ਰਹੀ ਨਰਾਜ਼ਗੀ ਨੂੰ ਕੁਰਾਹੇ ਪਾਉਣ ਲਈ ਗੈਰ ਸਰਕਾਰੀ ਸੰਸਥਾਵਾਂ ਖੱਬੇ ਪੱਖੀ ਨਾਅਰੇ ਵੀ ਦਿੰਦੀਆਂ ਹਨ।
ਇਨ੍ਹਾਂ ਹੀ ਲੀਹਾਂ ਉਪਰ ਚਲਦਿਆਂ 'ਆਪ' ਆਗੂਆਂ ਵਲੋਂ 2017 ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਜਿੱਤਣ ਲਈ ਖੱਬੇ ਪੱਖੀ ਨਾਅਰਿਆਂ, ਜਿਸ ਵਿਚ  ਆਮ ਲੋਕਾਂ ਦੀ ਭਲਾਈ, ਨਸ਼ਾਖੋਰੀ  ਅਤੇ ਭਰਿਸ਼ਟਾਚਾਰ ਦਾ ਖਾਤਮਾ ਕਰਨ ਦਾ ਵੱਡੇ ਪੱਧਰ ਉਪਰ ਪ੍ਰਚਾਰ ਕੀਤਾ ਜਾ ਰਿਹਾ ਹੈ। ਧਰਮ ਨਿਰਪੱਖ ਤੇ ਅਗਾਂਹਵਧੂ ਪਾਰਟੀ ਅਖਵਾਉਣ ਵਾਲੀ 'ਆਪ' ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ 'ਸਿੱਖ ਧਰਮ' ਦੀ ਵਰਤੋਂ ਕਰਨ ਤੇ ਹਰ ਤਰ੍ਹਾ ਦੇ ਗਰਮ ਖਿਆਲੀ, ਫਿਰਕੂ, ਫੁਟਪਾਊ ਤੱਤਾਂ ਦਾ ਵੀ ਇਸਤੇਮਾਲ ਕਰਨ ਤੋਂ ਝਿਜਕ ਮਹਿਸੂਸ ਨਹੀਂ ਕਰਦੀ। ਇਸ ਕੰਮ ਲਈ ਸ਼ੋਸ਼ਲ ਮੀਡੀਆ ਤੇ ਇਲੈਕਟਰਾਨਿਕ (ਟੀ.ਵੀ.) ਮੀਡੀਆ ਦੀ ਵੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਇਲੈਕਟਰਾਨਿਕ ਮੀਡੀਆ ਜ਼ਿਆਦਾ ਤਰ ਕਾਰਪੋਰੇਟ ਘਰਾਣਿਆਂ ਦੀ ਮਲਕੀਅਤ ਹੈ, ਇਸ ਲਈ 'ਆਪ' ਆਗੂਆਂ ਨੇ ਕਦੀ ਵੀ ਸਮੁੱਚੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਸ਼ਕਤੀਆਂ ਵਿਰੁੱਧ ਆਵਾਜ਼ ਨਹੀਂ ਉਠਾਈ। ਜੇਕਰ ਗਿਣਵੇਂ ਚੁਣਵੇਂ ਕਾਰਪੋਰੇਟ ਘਰਾਣਿਆਂ ਵਿਰੁੱਧ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਪ੍ਰਚਾਰ ਵੀ ਕੀਤਾ ਹੈ, ਤਦ ਉਸਦਾ  ਮਕਸਦ ਦੂਸਰੇ ਪੂੰਜੀਪਤੀਆਂ ਦੀ ਹਮਦਰਦੀ ਜਿੱਤ ਕੇ ਉਨ੍ਹਾਂ ਤੋਂ ਮਾਲੀ ਸਹਾਇਤਾ ਪ੍ਰਾਪਤ ਕਰਨਾ ਹੁੰਦਾ ਹੈ। 'ਆਪ' ਵਲੋਂ ਕਾਰਪੋਰੇਟ ਘਰਾਣਿਆਂ ਤੇ ਹੋਰ ਧਨੀਆਂ ਤੋਂ ਵੱਡੀ ਮਾਤਰਾ ਵਿਚ ਧਨ ਇਕੱਠਾ ਕੀਤਾ ਜਾ ਰਿਹਾ ਹੈ। 'ਆਪ' ਦੀ ਜਮਹੂਰੀਅਤ ਪ੍ਰਤੀ ਸਤਿਕਾਰ ਦੀ ਪੋਲ ਉਦੋਂ ਹੀ ਖੁੱਲ੍ਹ ਗਈ ਸੀ ਜਦੋਂ  'ਆਪ' ਦੀ ਕੇਂਦਰੀ ਕੌਂਸਲ ਦੀ ਮੀਟਿੰਗ ਵਿਚ ਕੇਜਰੀਵਾਲ ਤੋਂ ਬਿਨਾਂ ਕਿਸੇ ਹੋਰ ਆਗੂ ਨੂੰ ਬੋਲਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਕੇਜਰੀਵਾਲ ਦੀ ਕਾਰਜਵਿਧੀ ਦਾ ਵਿਰੋਧ ਕਰਨ ਵਾਲੇ ਸਾਰੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
'ਆਪ' ਮੁੱਖੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਮਾਏਦਾਰਾਂ ਦੀ ਸੰਸਥਾ (69339) ਸਾਹਮਣੇ ਸਪੱਸ਼ਟ ਰੂਪ ਵਿਚ ਆਖਿਆ ਸੀ ਕਿ ਉਹ ਨਾ ਤਾਂ ਪੂੰਜੀਵਾਦ ਦਾ ਵਿਰੋਧੀ ਹੈ ਤੇ ਨਾ ਹੀ ਉਦਾਰੀਕਰਨ ਤੇ ਨਿੱਜੀਕਰਨ ਦਾ। ਉਲਟਾ ਉਹ ਤਾਂ ਜ਼ਿਆਦਾ ਕਾਰੋਬਾਰ ਪ੍ਰਾਈਵੇਟ ਸੈਕਟਰ ਨੂੰ ਦੇਣ ਦਾ ਹਮਾਇਤੀ ਹੈ। ਕਿਉਂਕਿ ਪੂੰਜੀਵਾਦ ਦੇ ਵਿਕਾਸ ਲਈ ਭਰਿਸ਼ਟਾਚਾਰ, ਮੁਕਾਬਲੇਬਾਜ਼ੀ, ਧੋਖਾਧੜੀ, ਲਾਕਨੂੰਨੀ ਬਹੁਤ ਨੇੜਿਓਂ ਜੁੜੀਆਂ ਹੋਈਆਂ ਹਨ, ਇਸ ਲਈ ਅੰਤਮ ਤੇ ਅਮਲੀ ਤੌਰ 'ਤੇ 'ਆਪ' ਵੀ ਇਨ੍ਹਾਂ ਦੀ ਵਿਰੋਧੀ ਨਹੀਂ ਰਹਿ ਸਕਦੀ, ਜਿਸ ਦਾ 'ਆਪ' ਦਾਅਵਾ ਕਰਦੀ ਹੈ।
'ਆਪ' ਲੋਕਾਂ ਨੂੰ ਵਿਚਾਰਧਾਰਕ ਤੌਰ 'ਤੇ ਭੰਬਾਲ ਭੂਸੇ ਵਿਚ ਪਾਉਣ ਲਈ ਧੋਖੇ ਭਰੇ ਢੰਗ ਵਰਤ ਰਹੀ ਹੈ। ਜਿਵੇਂ ਸਾਰੇ ਲੋਕ ਹੀ ਆਮ ਆਦਮੀ ਹਨ, ਇਸ ਲਈ 'ਆਪ' ਕਿਸੇ ਦਾ ਵੀ ਵਿਰੋਧ ਨਹੀਂ ਕਰਦੀ। ਜਿਹੜਾ ਸਮਾਜ ਜਮਾਤਾਂ ਵਿਚ ਵੰਡਿਆ ਹੋਵੇ, ਉਥੇ ਅਮੀਰ ਤੇ ਗਰੀਬ ਅਤੇ ਲੁਟੇਰਾ ਤੇ ਲੁੱਟ ਹੋਣ ਵਾਲਾ ਦੋਨੋਂ ਇਕੋ ਜਿਹੇ ਆਮ ਆਦਮੀ ਕਿਵੇਂ ਮਿੱਥੇ ਜਾ ਸਕਦੇ ਹਨ? ਅਜਿਹਾ ਕਹਿਣ ਵਾਲਾ ਵਿਅਕਤੀ ਜਾਂ ਸੰਸਥਾ ਤਾਂ ਬਿਨਾਂ ਸ਼ੱਕ ਧੋਖੇਬਾਜ਼ ਤੇ  ਜ਼ਾਲਮ ਪੱਖੀ ਹੋਵੇਗੀ। ਸਾਮਰਾਜੀ ਤੇ ਕਾਰਪੋਰੇਟ ਘਰਾਣੇ ਇਸੇ ਕਰਕੇ 'ਆਪ' ਦੇ ਹਮਾਇਤੀ ਹਨ। ਜਿਵੇਂ ਮੀਡੀਏ ਨੇ 'ਮੋਦੀ ਮੋਦੀ' ਦੀ ਚਰਚਾ ਲੋਕਾਂ ਵਿਚ ਛੇੜੀ ਸੀ, ਇਸੇ ਤਰਜ਼ 'ਤੇ ਅਰਵਿੰਦ ਕੇਜਰੀਵਾਲ ਦਾ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ।
'ਆਪ' ਵਲੋਂ ਕੀਤੇ ਪ੍ਰਚਾਰ ਦਾ ਅਸਰ ਮੌਜੂਦਾ ਰਵਾਇਤੀ ਸਰਮਾਏਦਾਰਾਂ ਦੀਆਂ ਪਾਰਟੀਆਂ ਤੇ ਸਰਕਾਰਾਂ ਤੋਂ ਨਰਾਜ਼ ਲੋਕਾਂ, ਖਾਸ ਕਰ ਮੱਧ ਵਰਗੀ ਤੇ ਪੜ੍ਹੇ ਲਿਖੇ ਲੋਕਾਂ ਉਪਰ ਦਿੱਲੀ ਚੋਣਾਂ ਦੇ ਦੌਰਾਨ ਬਹੁਤ ਹੋਇਆ, ਜੋ ਸ਼ੋਸ਼ਲ ਮੀਡੀਆ ਦਾ ਪ੍ਰਭਾਵ ਕਬੂਲਦੇ ਹਨ। ਇਸ ਅਸਰ ਨੇ ਹੀ 'ਆਪ' ਨੂੰ ਦਿੱਲੀ ਦੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਵਾਈ।  'ਆਪ' ਵਰਗੀ ਨਵੀਂ ਪਾਰਟੀ ਦੇ ਜਮਾਤੀ ਕਿਰਦਾਰ ਬਾਰੇ ਭਾਵੇਂ ਵਿਚਾਰਧਾਰਕ ਤੌਰ 'ਤੇ ਚੇਤਨ ਲੋਕ ਤਾਂ ਜਾਣੂ ਹਨ, ਪ੍ਰੰਤੂ ਆਮ ਜਨਤਾ ਆਪਣੇ ਤਜ਼ਰਬੇ ਦੇ ਆਧਾਰ ਉਪਰ ਹੀ ਅਜਿਹਾ ਮਹਿਸੂਸ ਕਰ ਸਕਦੀ ਹੈ।  ਕਿਉਂਕਿ 'ਆਪ' ਆਗੂ ਆਪਣੇ ਆਕਿਆਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੋਂ ਰੱਤੀ ਭਰ ਵੀ ਉਰਾਂਹ ਪਰਾਂਹ ਨਹੀਂ ਹੋ ਸਕਦੇ ਸਨ, ਇਸ ਲਈ ਕੇਜਰੀਵਾਲ ਤੇ ਉਸਦੇ ਸਾਥੀਆਂ ਨੇ ਅਗਾਂਹਵਧੂ ਤੇ ਖੱਬੇ ਪੱਖੀ ਧਿਰਾਂ ਵਲੋਂ ਸਾਂਝੇ ਘੋਲਾਂ ਦੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ, ਬਲਕਿ ਖੱਬੀ ਧਿਰ ਸਮੇਤ ਸਾਰੇ ਹੀ ਰਾਜਨੀਤਕ ਦਲਾਂ ਨੂੰ ਬੇਈਮਾਨ ਤੇ ਗੈਰ ਜਮਹੂਰੀ ਕਰਾਰ ਦੇ ਦਿੱਤਾ। 'ਆਪ' ਦੀ ਦਿੱਲੀ ਸਰਕਾਰ ਦੇ ਮੰਤਰੀਆਂ, ਆਗੂਆਂ ਅਤੇ ਪੰਜਾਬ ਵਿਚਲੇ 'ਆਪ' ਦੀ ਟਿਕਟ ਹਾਸਲ ਕਰਨ ਵਾਲੇ ਵਿਅਕਤੀਆਂ ਦੀਆਂ ਲੰਬੀਆਂ ਕਤਾਰਾਂ ਵਿਚ ਸਾਨੂੰ ਗਿਣਵੇਂ ਚੁਣਵੇਂ ਇਮਾਨਦਾਰ ਤੱਤਾਂ ਤੋਂ ਬਿਨਾਂ ਜ਼ਿਆਦਾ ਗਿਣਤੀ ਭਰਿਸ਼ਟਾਚਾਰੀਆਂ, ਧਨਵਾਨਾਂ, ਦਲ ਬਦਲੂਆਂ, ਵੱਖਵਾਦੀ ਅੱਤਵਾਦੀ ਵਿਚਾਰਧਾਰਾ ਦੇ ਅਲੰਬਰਦਾਰਾਂ ਦੀ ਦਿਸ ਰਹੀ ਹੈ। ਬਿਨ੍ਹਾਂ ਕਿਸੇ ਠੋਸ ਲੋਕ ਪੱਖੀ ਵਿਚਾਰਧਾਰਾ ਤੇ ਸੰਗਠਨ ਦੇ ਕੋਈ ਵੀ ਪਾਰਟੀ ਸਿਰਫ ਵਿਧਾਨ ਸਭਾ ਦੀਆ ਚੋਣਾਂ ਜਿੱਤਕੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੇਵੇਗੀ, ਇਸਤੋਂ ਵੱਡਾ ਸੁਪਨਾ ਤੇ ਲਤੀਫਾ ਹੋਰ ਕੋਈ ਨਹੀਂ ਹੋ ਸਕਦਾ? ਝੂਠੇ ਵਾਅਦਿਆਂ ਵਿਚ ਸੰਘ ਪਰਿਵਾਰ, ਅਕਾਲੀ ਦਲ ਤੇ ਕਾਂਗਰਸ ਵੀ ਪੂਰੇ ਕਾਰੀਗਰ ਹਨ। 69 ਸਾਲਾਂ ਦੇ  ਸਰਮਾਏਦਾਰੀ ਵਿਕਾਸ ਦੇ ਰਸਤੇ ਨੇ  ਗਰੀਬਾਂ ਅਮੀਰਾਂ ਦੇ ਪਾੜੇ ਨੂੰ ਖਤਰਨਾਕ ਹੱਦ ਤੱਕ ਵਧਾਇਆ ਹੈ ਤੇ ਬੇਕਾਰੀ, ਭੁਖਮਰੀ, ਮਹਿੰਗਾਈ ਵਰਗੀਆਂ ਅਲਾਮਤਾਂ ਨਾਲ ਲੋਕਾਂ ਨੂੰ ਨਿਵਾਜਿਆ ਹੈ। ਆਰਥਿਕ ਢਾਂਚੇ ਨੂੰ ਬਦਲੇ ਤੋਂ ਬਿਨਾਂ ਸਿਰਫ  ਚਿਹਰੇ ਬਦਲ ਕੇ ਹੀ ਕਿਰਤੀ ਲੋਕਾਂ ਦਾ ਕਲਿਆਣ ਕਿਵੇਂ ਕੀਤਾ ਜਾ ਸਕਦਾ ਹੈ? ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਨੂੰ ਇਸ ਜਮਾਤੀ ਨਜ਼ਰੀਏ ਤੋਂ ਪਹਿਚਾਨਣ ਦੀ ਜ਼ਰੂਰਤ ਹੈ।
ਇਮਾਨਦਾਰ, ਭਾਵੁਕ ਤੇ ਮੌਜੂਦਾ ਢਾਂਚੇ ਤੋਂ ਨਿਰਾਸ਼ ਲੋਕ ਜੋ ਕੁਝ ਹਾਂ ਪੱਖੀ ਪ੍ਰੋਗਰਾਮ ਲਾਗੂ ਕਰਨ ਲਈ 'ਆਪ' ਤੋਂ ਵੱਡੀਆਂ ਆਸਾਂ ਲਾਈ ਬੈਠੇ ਹਨ, ਉਨ੍ਹਾਂ ਨੂੰ ਇਸ ਭਰਮ ਤੋਂ ਕਿਵੇਂ ਕੱਢਿਆ ਜਾਵੇ, ਲੋਕ ਪੱਖੀ ਸ਼ਕਤੀਆਂ ਦੀ ਇਹ ਵੱਡੀ ਚਿੰਤਾ ਹੈ? ਜੇਕਰ ਮੰਨ ਵੀ ਲਿਆ ਜਾਵੇ ਕਿ ਲੁਟੇਰੀ ਜਮਾਤ ਦੀ ਨੁਮਾਇੰਦਗੀ ਕਰਦੀ ਪਾਰਟੀ 'ਆਪ' ਸੱਤਾ ਵਿਚ ਆ ਜਾਂਦੀ ਹੈ ਤਦ, 'ਆਪ' ਦੀ ਲੋਕ ਵਿਰੋਧੀ ਸਰਮਾਏਦਾਰ ਨੀਤੀਆਂ ਉਪਰ ਚੱਲਣ ਵਾਲੀ ਸਰਕਾਰ ਦੇ ਕੌੜੇ ਯਥਾਰਥ ਨੂੰ ਅਨੁਭਵ ਕਰਕੇ ਇਮਾਨਦਾਰ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਕਰਾਰੀ ਸੱਟ ਜ਼ਰੂਰ ਵੱਜੇਗੀ। ਉਨ੍ਹਾਂ ਲੋਕਾਂ ਦਾ ਵਿਸ਼ਵਾਸ਼ ਜਿੱਤ ਕੇ ਉਨ੍ਹਾਂ ਨੂੰ ਸਮਾਜਿਕ ਪਰਿਵਰਤਨ ਦੀ ਲਹਿਰ ਸੰਗ ਮੁੜ ਜੋੜਨਾ ਤੇ ਸਾਂਝੀਵਾਲਤਾ ਵਾਲੇ ਸਮਾਜ ਸਿਰਜਣ ਦੀ ਅਟਲ ਸਚਾਈ ਉਪਰ ਪੂਰਨ ਭਰੋਸਾ ਪੈਦਾ ਕਰਕੇ  ਜਮਹੂਰੀ ਲਹਿਰ ਦੀਆਂ ਸਫਾਂ ਵਿਚ ਸ਼ਾਮਿਲ ਕਰਨਾ ਕਾਫੀ ਮੁਸ਼ਕਿਲ ਭਰਿਆ ਕੰਮ ਹੋਵੇਗਾ। ਸਰਮਾਏਦਾਰੀ ਵਿਕਾਸ ਦੇ ਰਾਹ 'ਤੇ ਚੱਲਣ ਵਾਲੀ ਕੋਈ ਵੀ ਸਰਕਾਰ ਨਾ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦੀ ਹੈ ਤੇ ਨਾ ਹੀ ਭਰਿਸ਼ਟਾਚਾਰ ਦਾ ਖਾਤਮਾ।

No comments:

Post a Comment