Wednesday, 20 July 2016

ਹਿੰਦੂ ਕੱਟੜਪੰਥੀ ਸੰਗਠਨਾਂ ਵਲੋਂ ਦਲਿਤਾਂ ਉਪਰ ਕੀਤੇ ਗਏ ਵਹਿਸ਼ੀ ਅੱਤਿਆਚਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਜਲੰਧਰ, 20 ਜੁਲਾਈ - ‘‘ਸੀ.ਪੀ.ਐਮ.ਪੰਜਾਬ ਊਨਾ (ਗੁਜਰਾਤ) ਵਿਚ ਗਉ ਰੱਖਿਆ ਦੇ ਨਾਮ ਉਤੇ ਅਖੌਤੀ ਉਚ ਜਾਤੀ ਹੰਕਾਰ ਨਾਲ ਗ੍ਰਸੇ ਹਿੰਦੂ ਕੱਟੜਪੰਥੀ ਸੰਗਠਨਾਂ ਵਲੋਂ ਦਲਿਤਾਂ ਉਪਰ ਕੀਤੇ ਗਏ ਵਹਿਸ਼ੀ ਅੱਤਿਆਚਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸਾਥੀ ਮੰਗਤ ਰਾਮ ਪਾਸਲਾ, ਸਕੱਤਰ ਸੀ.ਪੀ.ਐਮ.ਪੰਜਾਬ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦਲਿਤ ਨੌਜਵਾਨਾਂ ਉਪਰ ਇਹ ਅਮਾਨਵੀ ਜ਼ੁਲਮ ਗੁਲਾਮਦਾਰੀ ਯੁਗ ਦੇ ਜ਼ੁਲਮਾਂ ਤੇ ਮਨੂੰਵਾਦੀ ਦੌਰ ਦੇ ਅਕਹਿ ਜ਼ਬਰ ਦੀ ਪ੍ਰਵਿਰਤੀ ਦਾ ਪ੍ਰਗਟਾਵਾ ਹੈ।  ਦੇਸ਼ ਭਰ ਵਿਚ ਸਮਾਜ ਦਾ ਸਭ ਤੋਂ ਕਠਿਨ  (ਸਫਾਈ ਤੇ ਮਰੇ ਪਸ਼ੂਆਂ ਦੇ ਚੰਮ ਉਤਾਰਨ) ਪ੍ਰੰਤੂ ਸੇਵਾ ਭਰਿਆ ਕੰਮ ਕਰਨ ਵਾਲੇ ਕਿਰਤੀਆਂ ਦੇ ਨਾਲ ਕਥਿਤ ‘ਗਊ ਭਗਤ’ ਜੋ ਕੁੱਝ ਕਰਦੇ ਹਨ, ਉਸ ਨੂੰ ਸੰਘ ਪਰਿਵਾਰ ਤੇ ਨਰਿੰਦਰ ਮੋਦੀ ਦੀ ਸਰਕਾਰ ਦਾ ਪੂਰਾ-ਪੂਰਾ ਸਮਰਥਨ ਹਾਸਲ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਗੁਜਰਾਤ ਵਿਚ ਵਾਪਰੀ ਇਹ ਸ਼ਰਮਨਾਕ ਘਟਨਾ ਮੋਦੀ ਦੇ ਗੁਜਰਾਤ ਮਾਡਲ ਦੀ ਇਕ ਝਲਕ ਹੈ, ਜੋ ਸਾਰੇ ਦੇਸ਼ ਵਿਚ ਲਾਗੂ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਰੋਜ਼ ਦਾ ਵਰਤਾਰਾ ਬਣ ਚੁੱਕੀਆਂ ਹਨ। ਸਾਥੀ ਪਾਸਲਾ ਨੇ ਦਲਿਤਾਂ, ਹੋਰ ਦੱਬੇ ਕੁਚਲੇ ਲੋਕਾਂ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪਿਆਰ ਕਰਨ ਵਾਲੇ ਸਭਨਾ ਨੂੰ ਸੱਦਾ ਦਿੱਤਾ ਹੈ ਕਿ ਉਹ ਗੁਜਰਾਤ ਵਿਚ ਦਲਿਤਾਂ ਉਪਰ ‘ਗਊ ਰੱਖਿਅਕ ਦਲ’, ਦੇ ਕਾਰਕੁੰਨਾਂ ਵਲੋਂ ਕੀਤੇ ਗਏ ਅੱਤਿਆਚਾਰਾਂ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਨ। ਸਮਾਜਕ ਜਬਰ ਨਾਲ ਝੰਬੇ ਦਲਿਤ ਨੌਜਵਾਨਾਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਵਰਗਾ ਸਿਰੇ ਦਾ ਕਦਮ ਵੀ ਚੁੱਕਿਆ ਹੈ ਜੋ ਦੇਸ਼ ਅੰਦਰ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਅਸਲ ਮਨਹੂਸੀਅਤ ਦਾ ਜੀਵਤ ਪ੍ਰਮਾਣ ਹੈ। ਸਾਥੀ ਪਾਸਲਾ ਨੇ ਸਮੁੱਚੀ ਪਾਰਟੀ ਤੇ  ਖੱਬੀਆਂ ਸ਼ਕਤੀਆਂ ਨੂੰ ਇਸ ਜਬਰ ਵਿਰੁੱਧ ਕਿਸੇ ਨਾ ਕਿਸੇ ਰੂਪ ਵਿਚ ਡਟਵਾਂ ਵਿਰੋਧ ਐਕਸ਼ਨ ਲਾਮਬੰਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪਾਰਟੀ ਵਲੋਂ ਇਸ ਜ਼ਬਰ ਵਿਰੁੱਧ ਡਟਦਿਆਂ ਅੱਜ ਦਾ ਸਫਲ ਗੁਜਰਾਤ ਬੰਦ ਕਰਨ ਵਾਲੇ ਅਗਾਂਹਵਧੂ ਤੇ ਸੰਘਰਸ਼ਸ਼ੀਲ ਸੰਗਠਨਾਂ ਤੇ ਲੋਕਾਂ ਨੂੰ ਸੰਗਰਾਮੀ ਸ਼ੁਭ ਇਛਾਵਾਂ ਦਿੱਤੀਆਂ।

(ਮੰਗਤ ਰਾਮ ਪਾਸਲਾ)

 

No comments:

Post a Comment