Tuesday, 12 July 2016

ਪੂੰਜੀਵਾਦੀ ਵਿਕਾਸ ਮਾਡਲ ਖ਼ਿਲਾਫ਼ ਲੋਕਾਂ ਨੂੰ ਦਿਸ਼ਾ ਤੇ ਅਗਵਾਈ ਦੇਣ ਦੀ ਲੋੜ




- ਮੰਗਤ ਰਾਮ ਪਾਸਲਾ  

ਜੇਕਰ ਸਮਾਜ ਦੇ ਵੱਖ-ਵੱਖ ਤਬਕੇ ਇੰਝ ਹੀ ਪ੍ਰੇਸ਼ਾਨ ਤੇ ਬੇਵਸ ਰਹੇ, ਤਦ ਦੇਸ਼ ਦੀ ਉਪਰਲੀ ਧਨਵਾਨ ਸ਼੍ਰੇਣੀ ਤੇ ਹਾਕਮ  ਧੜਾ ਇਹ ਮਤ ਸਮਝੇ ਕਿ ਉਹ ਵੀ ਸੁੱਖ ਚੈਨ ਦੀ ਨੀਂਦ ਬੇਖ਼ੋਫ ਹੋ ਕੇ ਸੌ ਸਕਣਗੇ। ਸ਼ਹਿਰਾਂ ਤੇ ਪਿੰਡਾਂ ਵਿਚ ਬੇਕਾਰ ਘੁੰਮਦੇ ਕਰੋੜਾਂ ਨੌਜਵਾਨ ਲੜਕੇ, ਲੜਕੀਆਂ, ਦੁਆਈ ਨਾ ਖਰੀਦ ਸਕਣ ਦੀ ਹਾਲਤ ਵਿਚ ਸਹਿਕਦੇ ਮਰੀਜ਼, ਵਿਦਿਆ ਤੋਂ ਅਧੂਰੇ ਬਿਨ੍ਹਾਂ ਕਿਸੇ ਮਕਸਦ ਦੇ ਜ਼ਿੰਦਗੀ ਜੀਅ ਰਹੇ ਲੋਕ ਅਤੇ ਦੋ ਡੰਗ ਦੀ ਰੱਜਵੀਂ ਰੋਟੀ ਲਈ ਤਰਸਦੇ ਹੱਡ ਮਾਸ ਦੇ ਪੁਤਲੇ ਕਿਸੇ ਵੱਡੇ ਭੂਚਾਲ ਦੇ ਆਉਣ ਤੋਂ ਪਹਿਲਾਂ ਪਸਰੇ ਸਨਾਟੇ ਦਾ ਸੰਕੇਤ ਦੇ ਰਹੇ ਹਨ। ਟੀ.ਵੀ., ਅਖਬਾਰਾਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਰਾਜ ਭਾਗ ਉਪਰ ਕਬਜ਼ਾ ਜਮਾਈ ਬੈਠੇ ਮੁੱਠੀ ਭਰ ਲੁਟੇਰੇ ਸ਼ਾਸਕ ਆਮ ਜਨਤਾ ਨੂੰ ਝੂਠੇ ਨਾਅਰਿਆਂ, ਤਸੱਲੀਆਂ ਤੇ ਵਾਅਦਿਆਂ ਰਾਹੀਂ ਕੁੱਝ ਸਮਾਂ ਤਾਂ ਧੋਖੇ ਦੇ ਜਾਲ ਵਿਚ ਫਸਾ ਸਕਦੇ ਹਨ, ਪ੍ਰੰਤੂ ਉਨ੍ਹਾਂ ਦੀ ਅਮਲੀ ਜ਼ਿੰਦਗੀ ਦੀਆਂ ਕਠਿਨਾਈਆਂ ਨੂੰ ਦੂਰ ਨਹੀਂ ਕਰ ਸਕਦੇ। ਆਜ਼ਾਦੀ ਤੋਂ ਬਾਅਦ ਪਿਛਲੇ 69 ਸਾਲਾਂ ਦਾ ਤਜ਼ਰਬਾ ਜਨ ਸਧਾਰਣ ਦੇ ਦਿਲਾਂ ਦਿਮਾਗਾਂ ਵਿਚ ਬੈਠਣਾ ਸ਼ੁਰੂ ਹੋ ਗਿਆ ਹੈ। ਜਨਤਕ ਰੋਹ ਤੇ ਰਾਇ ਨੂੰ ਸਰਕਾਰ ਦਾ ਦਬਾਊ ਮਸ਼ੀਨਰੀ ਲੰਮਾਂ ਸਮਾਂ ਦਬਾ ਨਹੀਂ ਸਕਦੀ।
ਦਲਿਤ ਤੇ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਲੋਕਾਈ ਆਪਣੇ ਨਾਲ ਸਦੀਆਂ ਤੋਂ ਹੋ ਰਹੇ ਸਮਾਜਿਕ ਜਬਰ ਤੇ ਵਿਤਕਰਿਆਂ ਦੇ ਸੇਕ ਨੂੰ ਅਨੁਭਵ ਕਰਨ ਲੱਗੀ ਹੈ। ਰੱਬ ਤੇ ਦੈਵੀ ਸ਼ਕਤੀਆਂ ਦੀ ਝੂਠੀ ਕਰੋਪੀ ਦਾ ਸਹਾਰਾ ਲੈ ਕੇ ਉਚ ਜਾਤੀਆਂ ਦੇ ਲੋਕਾਂ ਨੇ ਜਿਸ ਤਰ੍ਹਾਂ ਦਾ ਅਣਮਨੁੱਖੀ ਤੇ ਜ਼ਾਲਮਾਨਾ ਵਿਵਹਾਰ ਸਾਡੇ ਇਸ ਪਛੜੇ ਭਾਈਚਾਰੇ ਨਾਲ ਕੀਤਾ ਹੈ, ਉਹ ਹੁਣ ਚਰਮ ਸੀਮਾ ਉਪਰ ਪੁੱਜ ਗਿਆ ਹੈ, ਜਿੱਥੋਂ ਅੱਗੇ ਦੁਸ਼ਮਣ ਸੰਗ ਭਿੜਨ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਦੂਸਰਾ ਰਾਹ ਨਹੀਂ ਬਚਿਆ। 'ਜੈ ਜਵਾਨ-ਜੈ ਕਿਸਾਨ', 'ਗਰੀਬੀ ਹਟਾਓ', 'ਅੱਛੇ ਦਿਨ ਆਏਂਗੇ' ਵਰਗੇ ਫਰੇਬੀ ਨਾਅਰੇ ਹੁਣ ਕੋਈ ਜਾਦੂਮਈ  ਅਸਰ ਨਹੀਂ ਕਰਦੇ। ਆਪਣੇ ਜਲ, ਜੰਗਲ, ਜ਼ਮੀਨ ਦੀ ਰਾਖੀ ਕਰਦੇ ਕਬਾਇਲੀ ਲੋਕ ਕੁੱਟੇ ਤੇ ਲੁੱਟੇ ਤਾਂ ਜਾ ਰਹੇ ਹਨ, ਪ੍ਰੰਤੂ ਉਨ੍ਹਾਂ ਦਾ ਗੁੱਸਾ ਮਿਸ਼ਰਤ ਵਿਆਜ ਵਾਂਗਰ ਕਈ ਗੁਣਾ ਵਧਕੇ ਜਮਾਂ ਹੋ ਰਿਹਾ ਹੈ। ਔਰਤਾਂ ਪਹਿਲਾਂ ਦੇ ਮੁਕਾਬਲੇ ਕਿਸੇ ਵੀ ਜਨਤਕ ਸੰਗਰਾਮ ਵਿਚ ਵਧੇਰੇ ਗਿਣਤੀ ਵਿਚ ਦੇਖੀਆਂ ਜਾ ਸਕਦੀਆਂ ਹਨ। ਜਦੋਂ ਪੜ੍ਹੇ ਲਿਖੇ (ਕਿਤਾਮੁਖੀ) ਨੌਜਵਾਨ ਇੰਜੀਨਿਰਿੰਗ  ਵਰਗੇ ਕੋਰਸ ਕਰਕੇ ਵੀ ਲੱਖਾਂ ਦੀ ਗਿਣਤੀ ਵਿਚ ਦਰਜਾ ਚਾਰ ਜਾਂ ਸਿਪਾਹੀ ਦੀ ਨੌਕਰੀ ਲਈ ਅਰਜ਼ੀਆਂ ਦਿੰਦੇ ਹਨ, ਤਦ ਸਥਿਤੀ ਦੀ ਗੰਭੀਰਤਾ ਦੀ ਸਮਝ ਸੌਖਿਆਂ ਆ ਜਾਂਦੀ ਹੈ।
ਪੂੰਜੀਵਾਦੀ ਵਿਕਾਸ ਮਾਡਲ ਲੋਕਾਂ ਦੇ ਮਨਾਂ ਵਿਚੋਂ ਲਹਿੰਦਾ ਜਾ ਰਿਹਾ ਹੈ। ਅਮਰੀਕਾ, ਫਰਾਂਸ, ਜਰਮਨੀ, ਇੰਗਲੈਂਡ, ਸਪੇਨ ਇਤਿਆਦਿ ਉਨਤਸ਼ੀਲ ਪੂੰਜੀਵਾਦੀ ਦੇਸ਼, ਜਦੋਂ ਆਪਣਾ ਸੰਕਟ ਹੱਲ ਕਰਨ ਲਈ ਕਿਰਤੀਆਂ ਉਪਰ ਨਵੇਂ ਆਰਥਿਕ ਬੋਝ ਲੱਦਣ ਤੇ ਜਨ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਨੂੰ ਪਹਿਲਾਂ ਦਿੱਤੀਆਂ ਸਹੂਲਤਾਂ ਵਾਪਸ ਲੈਣ ਦਾ ਯਤਨ ਕਰਦੇ ਹਨ, ਤਾਂ ਲੱਖਾਂ ਲੋਕ  ਸੜਕਾਂ ਉਪਰ ਆ ਕੇ ਮੁਜ਼ਾਹਰੇ ਕਰਦੇ ਹਨ ਤੇ ਪੁਲਸ ਨਾਲ ਟੱਕਰਾਂ ਲੈਂਦੇ ਹਨ। 'ਹੜਤਾਲ' ਸ਼ਬਦ ਜਿਹੜਾ ਉਨਤ ਪੂੰਜੀਵਾਦੀ ਦੇਸ਼ਾਂ ਵਿਚ ਅਲੋਪ ਹੋ ਗਿਆ ਸੀ, ਪਹਿਲਾਂ ਤੋਂ ਜ਼ਿਆਦਾ ਤਾਕਤ ਨਾਲ ਮੁੜ ਸਿਰ ਚੁੱਕ ਰਿਹਾ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਸਾਬਕਾ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਢਾਂਚੇ ਦੇ ਖਾਤਮੇ ਤੋਂ ਬਾਅਦ ਸਰਮਾਏਦਾਰੀ ਪ੍ਰਬੰਧ ਦੇ ਪੈਰੋਕਾਰ ਪੂੰਜੀਵਾਦੀ ਪ੍ਰਬੰਧ ਨੂੰ ਸਰਵ ਸ਼ੇਸ਼ਟ ਤੇ ਸਮਾਜਿਕ ਵਿਕਾਸ ਦੀ ਅੰਤਿਮ ਮੰਜ਼ਿਲ ਦਸ ਰਹੇ ਸਨ। ਸਾਰੇ ਯਤਨਾਂ ਦੇ ਬਾਵਜੂਦ 2008 ਵਿਚ ਅਮਰੀਕਾ ਤੋਂ ਸ਼ੁਰੂ ਹੋਇਆ ਆਰਥਿਕ ਮੰਦਵਾੜਾ ਮੁਕਣ ਦਾ ਨਾਮ ਨਹੀਂ ਲੈ ਰਿਹਾ।
ਪਿਛਲੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਤੇ ਹੁਣ ਨਰਿੰਦਰ ਮੋਦੀ ਦੀ ਸਰਕਾਰ ਸਾਮਰਾਜੀ ਦੇਸ਼ਾਂ ਦੀ ਭਿਆਲੀ ਤੇ ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਲੋਕਾਂ ਦੇ ਸਾਰੇ ਦੁੱਖ ਦਰਦ ਦੂਰ ਕਰਕੇ ਦੇਸ਼ ਨੂੰ ਉਨਤੀ ਦੀਆਂ ਸਿਖਰਲੀਆਂ ਚੋਟੀਆਂ ਉਪਰ ਪਹੁੰਚਾਉਣ ਦਾ ਪ੍ਰਚਾਰ ਕਰ ਰਹੀ ਹੈ। ਅਸਰ ਉਲਟਾ ਹੋ ਰਿਹਾ ਹੈ। ਵਿਦੇਸ਼ੀ ਪੂੰਜੀ ਰਾਹੀਂ ਕੀਤਾ ਆਰਥਿਕ ਵਿਕਾਸ 'ਰੁਜ਼ਗਾਰ ਰਹਿਤ' ਵਿਕਾਸ ਹੁੰਦਾ ਹੈ। ਸੰਕਟਗ੍ਰਸਤ ਪੱਛਮੀ ਪੂੰਜੀਵਾਦੀ ਦੇਸ਼ਾਂ ਨੂੰ ਆਰਥਿਕ ਮੰਦੀ ਉਪਰ ਕਾਬੂ ਪਾਉਣ ਲਈ ਆਪਣਾ ਅਣਵਿਕਿਆ ਤਿਆਰ ਮਾਲ ਵੇਚਣ ਲਈ ਮੰਡੀ ਚਾਹੀਦੀ ਹੈ, ਪੂੰਜੀ ਨਿਵੇਸ਼ ਲਈ ਨਵੇਂ ਦੇਸ਼ ਤੇ ਖਿੱਤੇ ਚਾਹੀਦੇ ਹਨ ਅਤੇ ਲੁੱਟਣ ਵਾਸਤੇ ਮਨੁੱਖੀ ਤੇ ਕੁਦਰਤੀ ਸਰੋਤ ਲੋੜੀਂਦੇ ਹਨ। ਇਸ ਲਈ ਸਾਮਰਾਜੀ ਦੇਸ਼ ਭੁੱਖੇ ਬਘਿਆੜ ਵਾਂਗਰ ਗਰੀਬ ਤੇ ਉਨਤਸ਼ੀਲ ਦੇਸ਼ਾਂ ਨੂੰ ਨਿਗਲਣਾ ਚਾਹੁੰਦੇ ਹਨ। ਭਾਰਤ ਅੰਦਰ ਉਨ੍ਹਾਂ ਨੂੰ ਆਰ.ਐਸ.ਐਸ. ਦੇ ਥਾਪੜੇ ਵਾਲੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਹੱਥ ਲੱਗ ਗਈ ਹੈ। ਬੇਬਾਗੇ ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਦੇਸ਼ ਨੂੰ ਬਰਬਾਦ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਹਰ ਹਫਤੇ ਸਾਮਰਾਜੀ ਦੌਰਿਆਂ ਵਿਚ ਮਸ਼ਰੂਫ ਹਨ। ਉਹ 'ਸਮਾਰਟ ਸਿਟੀ'  ਤੇ 'ਬੁਲਿਟ ਟਰੇਨ' ਵਰਗੇ ਸੁਪਨੇ ਦਿਖਾ ਕੇ ਕਰਜ਼ੇ ਦੇ ਭਾਰ ਥੱਲੇ ਦੱਬੇ ਮਜ਼ਦੂਰ ਤੇ ਕਿਸਾਨ ਦੀਆਂ ਖੁਦਕੁਸ਼ੀਆਂ, ਹਰ ਪਾਸੇ ਪਸਰੀ ਅਰਾਜਕਤਾ ਤੇ ਲੁੱਟ ਖਸੁੱਟ ਅਤੇ ਗੁੰਡਾ ਰਾਜ ਨੂੰ ਲੋਕਾਂ ਦੀ ਸੋਚਣੀ ਵਿਚੋਂ ਕੱਢਣਾ ਚਾਹੁੰਦੇ ਹਨ। ਪਰ ਇਹ ਸਾਰਾ ਕੁੱਝ ਅਸੰਭਵ ਬਣਦਾ ਜਾ ਰਿਹਾ ਹੈ।
ਇਨ੍ਹਾਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਵਿਚ ਪੈਦਾ ਹੋ ਰਹੇ ਰੋਹ ਨੂੰ ਖਾਰਜ ਕਰਨ ਤੇ ਕੁਰਾਹੇ ਪਾਉਣ ਲਈ ਮੋਦੀ ਦੀ ਸਰਕਾਰ ਸੰਘ ਪਰਿਵਾਰ ਰਾਹੀਂ ਅੱਤ ਦਰਜੇ ਦੀਆਂ ਫਿਰਕੂ ਕਾਰਵਾਈਆਂ, ਪ੍ਰਚਾਰ ਤੇ ਦੁਸਰੇ ਧਰਮਾਂ ਵਿਰੁੱਧ ਨਫਰਤ ਪੈਦਾ ਕਰਨ ਦਾ ਹਰ ਹੀਲਾ ਕਰ ਰਹੀ ਹੈ। ਹਿੰਦੂ ਮਿਥਿਆਸ ਦੀਆਂ ਸਾਹਿਤਕ ਕਿਰਤਾਂ ਨੂੰ ਇਤਿਹਾਸਕ ਰੂਪ ਦੇ ਕੇ ਵਿਦਿਆ ਦੇ ਖੇਤਰ ਵਿਚ ਯੋਜਨਾਬੱਧ ਢੰਗ ਨਾਲ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਦੀ ਮਾਨਸਿਕਤਾ ਨੂੰ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ, ਲੇਖਕਾਂ, ਕਲਮਕਾਰਾਂ ਤੇ ਕਲਾਕਾਰਾਂ ਦੇ ਕਤਲ ਕੀਤੇ ਜਾ ਰਹੇ ਹਨ ਅਤੇ ਸਮੁੱਚੇ ਵਾਤਾਵਰਣ ਵਿਚ ਅਸਹਿਨਸ਼ੀਲਤਾ ਦੇ ਡਰ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਅਜਿਹੀਆਂ ਹਾਲਤਾਂ ਵਿਚ ਬਹੁਧਰਮੀ, ਬਹੁ ਕੌਮੀ, ਬਹੁ ਭਾਸ਼ੀ ਤੇ ਵਿਭਿੰਨ ਸਭਿਆਚਾਰਾਂ ਵਾਲੇ ਦੇਸ਼ ਨੂੰ ਜੇਕਰ 'ਧਰਮ ਨਿਰਪੱਖਤਾ' ਤੇ 'ਲੋਕ ਰਾਜੀ' ਲੀਹਾਂ ਤੋਂ ਉਤਾਰ ਕੇ ਇਕ ਧਰਮ ਅਧਾਰਤ ਦੇਸ਼ ''ਹਿੰਦੂ ਰਾਸ਼ਟਰ'' ਬਣਾਉਣ ਦਾ ਯਤਨ ਕੀਤਾ ਗਿਆ, ਜਿਵੇਂ ਸੰਘ ਪਰਿਵਾਰ ਕਰ ਰਿਹਾ ਹੈ, ਤਦ ਇਸ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਤੇ ਆਪਸੀ ਭਾਈਚਾਰਕ ਸਾਂਝ ਖੇਂਰੂ ਖੇਂਰੂੰ ਹੋ ਜਾਵੇਗੀ।
ਪ੍ਰੰਤੂ ਇਕ ਗੱਲ ਸੁਖਾਵੀਂ ਇਹ ਹੈ ਕਿ ਦੇਸ਼ ਦੀਆਂ ਬਾਹਰਮੁਖੀ ਹਾਲਤਾਂ ਤੇ ਵਿਗਿਆਨ ਦਾ ਪਸਾਰ ਫਿਰਕੂ ਫਾਸ਼ੀਵਾਦੀ ਤੇ ਪਿਛਾਖੜੀ ਸ਼ਕਤੀਆਂ ਦੇ ਹੋਰ ਪੈਰ ਪਸਾਰਨ ਵਿਚ ਰੋੜਾ ਬਣ ਰਹੇ ਹਨ। ਮੋਦੀ ਦਾ ਲੱਛੇਦਾਰ ਭਾਸ਼ਣ ਜਨ ਸਧਾਰਣ ਲਈ ਅਕਾਊ ਤੇ ਬੇਰਸਾ ਬਣਦਾ ਜਾ ਰਿਹਾ ਹੈ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਦੇਸ਼ ਦੀਆਂ ਸਮੁੱਚੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਕੌਮੀ ਤੇ ਇਲਾਕਾਈ ਰਾਜਨੀਤਕ ਪਾਰਟੀਆਂ ਨਾ ਤਾਂ ਮੋਦੀ ਮਾਰਕਾ ਵਿਕਾਸ ਮਾਡਲ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਮੁਤਬਾਦਲ ਪੇਸ਼ ਕਰ ਸਕਦੀਆਂ ਹਨ ਅਤੇ ਨਾ ਹੀ ਫਿਰਕਾਪ੍ਰਸਤੀ ਦੇ ਵਿਚਾਰਧਾਰਕ ਅਧਾਰ ਉਪਰ ਬੱਝਵਾਂ ਤੇ ਕਾਰਗਰ ਹੱਲਾ ਬੋਲ ਸਕਦੀਆਂ ਹਨ। ਇਸਦੇ ਵਿਪਰੀਤ ਇਹ ਸੱਭੇ ਦਲ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਹਿਯੋਗ ਕਰ ਰਹੀਆਂ ਹਨ, ਜਿਨ੍ਹਾਂ ਨੀਤੀਆਂ ਸਦਕਾ ਸਾਡਾ ਦੇਸ਼ ਮੌਜੂਦਾ ਚੌਤਰਫੇ ਸੰਕਟ ਵਿਚ ਫਸਿਆ ਹੋਇਆ ਹੈ। ਸਰਕਾਰ ਦੇ ਝੂਠੇ ਪਰਚਾਅ ਤੇ ਅਗਾਂਹਵਧੂ ਸ਼ਕਤੀਆਂ ਦੀ ਕਮਜ਼ੋਰ ਸਥਿਤੀ ਜਨ ਸਮੂਹਾਂ ਦੇ ਭੱਖਦੇ ਰੋਹ ਨੂੰ ਇਕ ਬੱਝਵੀਂ ਤੇ ਅਗਾਂਹ ਵਧੂ ਦਿਸ਼ਾ ਲੈਣ ਵਿਚ ਮੁੱਖ ਰੁਕਾਵਟ ਬਣੀ ਬੈਠੀ ਹੈ, ਹਾਲਾਂ ਕਿ ਬਾਹਰਮੁਖੀ ਹਾਲਤਾਂ ਇਸ ਕੰਮ ਲਈ ਕਾਫੀ ਸਾਜਗਾਰ ਹਨ।
ਇਸ ਮੰਤਵ ਲਈ ਦੇਸ਼ ਦੀਆਂ ਸਮੂਹ ਖੱਬੀਆ, ਅਗਾਂਹਵਧੂ, ਜਮਹੂਰੀ ਤੇ ਮਾਨਵਵਾਦੀ ਤਾਕਤਾਂ ਨੂੰ ਆਪਣਾ ਏਕਾ ਮਜ਼ਬੂਤ ਕਰਕੇ ਮੌਜੂਦਾ ਮੋਦੀ ਵਿਕਾਸ ਮਾਡਲ ਦਾ ਬਦਲਵਾਂ ਲੋਕ ਪੱਖੀ ਵਿਕਾਸ ਮਾਡਲ ਸਿਰਜਣਾ ਹੋਵੇਗਾ ਅਤੇ ਇਸ ਕੰਮ ਲਈ ਜਨ ਸਮੂਹਾਂ ਦੇ ਵੱਡੇ ਹਿੱਸੇ ਦਾ ਸਹਿਯੋਗ ਪ੍ਰਾਪਤ ਕਰਨਾ ਹੋਵੇਗਾ। ਸਾਰੇ ਪਰਦੇ ਆ ਕੇ ਵੀ ਮੌਜੂਦਾ ਹਾਕਮਾਂ ਦਾ ਆਰਥਿਕ ਪੈਂਤੜਾ ਤਬਾਹ ਕਰਨ ਵਾਲਾ ਸਿੱਧ ਹੋ ਰਿਹਾ ਹੈ। ਇਨ੍ਹਾਂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਦੁਨੀਆਂ ਦੇ ਕਈ ਹੋਰ ਗਰੀਬ ਤੇ ਉਨਤਸ਼ੀਲ ਦੇਸ਼ਾਂ ਵਿਚ ਪਰਖ ਕੀਤੀ ਜਾ ਚੁੱਕੀ ਹੈ, ਜਿਸਦਾ ਸਿੱਟਾ ਲੋਕਾਂ ਦੀ ਤਬਾਹੀ ਤੋਂ ਸਿਵਾਏ ਹੋਰ ਕੁੱਝ ਨਹੀਂ ਨਿਕਲਿਆ। ਭਾਰਤ ਨੂੰ ਇਸ ਅਮਾਨਵੀਂ ਤਜਰਬਿਆਂ ਦਾ ਕੇਂਦਰ ਬਣਨ ਤੋਂ ਰੋਕਣ ਲਈ ਸਹੀ ਸੋਚਣੀ ਵਾਲਿਆਂ ਲਈ ਇਹ ਪਰਖ ਦੀ ਘੜੀ ਹੈ। ਲੋਕ ਇਸ ਸੰਤਾਪ ਵਿਰੁੱਧ ਜੂਝਣਾ ਚਾਹੁੰਦੇ ਹਨ। ਲੋੜ ਉਨ੍ਹਾਂ ਨੂੰ ਦਿਸ਼ਾ ਤੇ ਅਗਵਾਈ ਦੇਣ ਦੀ ਹੈ।

No comments:

Post a Comment