Wednesday, 27 July 2016

ਨਰਿੰਦਰ ਸੋਮਾ ਨਹੀਂ ਰਹੇ!

ਸਾਥੀ ਨਰਿੰਦਰ ਸੋਮਾ
ਇਹ ਖ਼ਬਰ ਬਹੁਤ ਹੀ ਦੁਖੀ ਮਨ ਨਾਲ ਦੱਸੀ ਜਾ ਰਹੀ ਹੈ ਕਿ ਸਾਥੀ ਨਰਿੰਦਰ ਸੋਮਾ ਸਾਡੇ ਵਿਚਕਾਰ ਨਹੀਂ ਰਹੇ। ਉਨ੍ਹਾ ਦਾ ਦੇਹਾਂਤ ਅੱਜ ਚੰਡੀਗੜ੍ਹ ਦੇ ਪੀਜੀਆਈ 'ਚ ਹੋ ਗਿਆ। ਉਨ੍ਹਾ ਨੂੰ ਇੱਕ ਸੜਕ ਹਾਦਸੇ ਉਪਰੰਤ ਇਲਾਜ ਲਈ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾ ਦਾ ਅੰਤਿਮ ਸਸਕਾਰ 28 ਜੁਲਾਈ ਨੂੰ ਸਰਦੂਲਗੜ੍ਹ ਵਿਖੇ ਕੀਤਾ ਜਾਵੇਗਾ।

Wednesday, 20 July 2016

ਹਿੰਦੂ ਕੱਟੜਪੰਥੀ ਸੰਗਠਨਾਂ ਵਲੋਂ ਦਲਿਤਾਂ ਉਪਰ ਕੀਤੇ ਗਏ ਵਹਿਸ਼ੀ ਅੱਤਿਆਚਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਜਲੰਧਰ, 20 ਜੁਲਾਈ - ‘‘ਸੀ.ਪੀ.ਐਮ.ਪੰਜਾਬ ਊਨਾ (ਗੁਜਰਾਤ) ਵਿਚ ਗਉ ਰੱਖਿਆ ਦੇ ਨਾਮ ਉਤੇ ਅਖੌਤੀ ਉਚ ਜਾਤੀ ਹੰਕਾਰ ਨਾਲ ਗ੍ਰਸੇ ਹਿੰਦੂ ਕੱਟੜਪੰਥੀ ਸੰਗਠਨਾਂ ਵਲੋਂ ਦਲਿਤਾਂ ਉਪਰ ਕੀਤੇ ਗਏ ਵਹਿਸ਼ੀ ਅੱਤਿਆਚਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਸਾਥੀ ਮੰਗਤ ਰਾਮ ਪਾਸਲਾ, ਸਕੱਤਰ ਸੀ.ਪੀ.ਐਮ.ਪੰਜਾਬ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦਲਿਤ ਨੌਜਵਾਨਾਂ ਉਪਰ ਇਹ ਅਮਾਨਵੀ ਜ਼ੁਲਮ ਗੁਲਾਮਦਾਰੀ ਯੁਗ ਦੇ ਜ਼ੁਲਮਾਂ ਤੇ ਮਨੂੰਵਾਦੀ ਦੌਰ ਦੇ ਅਕਹਿ ਜ਼ਬਰ ਦੀ ਪ੍ਰਵਿਰਤੀ ਦਾ ਪ੍ਰਗਟਾਵਾ ਹੈ।  ਦੇਸ਼ ਭਰ ਵਿਚ ਸਮਾਜ ਦਾ ਸਭ ਤੋਂ ਕਠਿਨ  (ਸਫਾਈ ਤੇ ਮਰੇ ਪਸ਼ੂਆਂ ਦੇ ਚੰਮ ਉਤਾਰਨ) ਪ੍ਰੰਤੂ ਸੇਵਾ ਭਰਿਆ ਕੰਮ ਕਰਨ ਵਾਲੇ ਕਿਰਤੀਆਂ ਦੇ ਨਾਲ ਕਥਿਤ ‘ਗਊ ਭਗਤ’ ਜੋ ਕੁੱਝ ਕਰਦੇ ਹਨ, ਉਸ ਨੂੰ ਸੰਘ ਪਰਿਵਾਰ ਤੇ ਨਰਿੰਦਰ ਮੋਦੀ ਦੀ ਸਰਕਾਰ ਦਾ ਪੂਰਾ-ਪੂਰਾ ਸਮਰਥਨ ਹਾਸਲ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਗੁਜਰਾਤ ਵਿਚ ਵਾਪਰੀ ਇਹ ਸ਼ਰਮਨਾਕ ਘਟਨਾ ਮੋਦੀ ਦੇ ਗੁਜਰਾਤ ਮਾਡਲ ਦੀ ਇਕ ਝਲਕ ਹੈ, ਜੋ ਸਾਰੇ ਦੇਸ਼ ਵਿਚ ਲਾਗੂ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਮੋਦੀ ਸਰਕਾਰ ਦੀ ਕਾਇਮੀ ਤੋਂ ਬਾਅਦ ਰੋਜ਼ ਦਾ ਵਰਤਾਰਾ ਬਣ ਚੁੱਕੀਆਂ ਹਨ। ਸਾਥੀ ਪਾਸਲਾ ਨੇ ਦਲਿਤਾਂ, ਹੋਰ ਦੱਬੇ ਕੁਚਲੇ ਲੋਕਾਂ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਪਿਆਰ ਕਰਨ ਵਾਲੇ ਸਭਨਾ ਨੂੰ ਸੱਦਾ ਦਿੱਤਾ ਹੈ ਕਿ ਉਹ ਗੁਜਰਾਤ ਵਿਚ ਦਲਿਤਾਂ ਉਪਰ ‘ਗਊ ਰੱਖਿਅਕ ਦਲ’, ਦੇ ਕਾਰਕੁੰਨਾਂ ਵਲੋਂ ਕੀਤੇ ਗਏ ਅੱਤਿਆਚਾਰਾਂ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕਰਨ। ਸਮਾਜਕ ਜਬਰ ਨਾਲ ਝੰਬੇ ਦਲਿਤ ਨੌਜਵਾਨਾਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਵਰਗਾ ਸਿਰੇ ਦਾ ਕਦਮ ਵੀ ਚੁੱਕਿਆ ਹੈ ਜੋ ਦੇਸ਼ ਅੰਦਰ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੀ ਅਸਲ ਮਨਹੂਸੀਅਤ ਦਾ ਜੀਵਤ ਪ੍ਰਮਾਣ ਹੈ। ਸਾਥੀ ਪਾਸਲਾ ਨੇ ਸਮੁੱਚੀ ਪਾਰਟੀ ਤੇ  ਖੱਬੀਆਂ ਸ਼ਕਤੀਆਂ ਨੂੰ ਇਸ ਜਬਰ ਵਿਰੁੱਧ ਕਿਸੇ ਨਾ ਕਿਸੇ ਰੂਪ ਵਿਚ ਡਟਵਾਂ ਵਿਰੋਧ ਐਕਸ਼ਨ ਲਾਮਬੰਦ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪਾਰਟੀ ਵਲੋਂ ਇਸ ਜ਼ਬਰ ਵਿਰੁੱਧ ਡਟਦਿਆਂ ਅੱਜ ਦਾ ਸਫਲ ਗੁਜਰਾਤ ਬੰਦ ਕਰਨ ਵਾਲੇ ਅਗਾਂਹਵਧੂ ਤੇ ਸੰਘਰਸ਼ਸ਼ੀਲ ਸੰਗਠਨਾਂ ਤੇ ਲੋਕਾਂ ਨੂੰ ਸੰਗਰਾਮੀ ਸ਼ੁਭ ਇਛਾਵਾਂ ਦਿੱਤੀਆਂ।

(ਮੰਗਤ ਰਾਮ ਪਾਸਲਾ)

 

Thursday, 14 July 2016

ਸੀ.ਪੀ.ਐਮ.ਪੰਜਾਬ ਹਮਖਿਆਲ ਖੱਬੀਆਂ ਧਿਰਾਂ ਨਾਲ ਸਾਂਝਾ ਮੋਰਚਾ ਬਣਾ ਕੇ ਅਸੈਂਬਲੀ ਦੀਆਂ ਚੋਣਾਂ ਲੜੇਗੀ

ਜਲੰਧਰ, 14 ਜੁਲਾਈ - ''ਸੀ.ਪੀ.ਐਮ.ਪੰਜਾਬ ਆਉਣ ਵਾਲੀਆਂ ਅਸੈਂਬਲੀ ਦੀਆਂ ਚੋਣਾਂ ਲੋਕਾਂ ਨਾਲ ਸਬੰਧਤ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਨੀਤੀਆਂ ਦੇ ਅਧਾਰ ਉਪਰ ਦੂਸਰੀ ਹਮਖਿਆਲ ਖੱਬੀਆਂ ਧਿਰਾਂ ਨਾਲ ਸਾਂਝਾ ਮੋਰਚਾ ਬਣਾ ਕੇ ਲੜੇਗੀ। ਇਸ ਸਮੇਂ ਪੰਜਾਬ ਡੂੰਘੇ ਖੇਤੀਬਾੜੀ ਆਰਥਿਕ ਸੰਕਟ, ਕਰਜ਼ੇ ਦੇ ਭਾਰ ਹੇਠ ਹਰ ਰੋਜ਼ ਮਜ਼ਦੂਰਾਂ-ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ, ਲੱਕ ਤੋੜ ਮਹਿੰਗਾਈ, ਬੇਕਾਰੀ, ਨਸ਼ਾਖੋਰੀ ਤੇ ਬਦਅਮਨੀ ਵਿਚ ਘਿਰਿਆ ਹੋਇਆ ਹੈ। ਵਿਦਿਆ ਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਤੋਂ ਬਾਅਦ ਇਹ ਕਿਰਤੀ ਲੋਕਾਂ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈਆਂ ਹਨ।''
ਇਹ ਵਿਚਾਰ ਪਰਗਟ ਕਰਦਿਆਂ ਹੋਇਆਂ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਹੱਲ ਜਨਤਕ ਲਹਿਰਾਂ ਨੂੰ ਮਜ਼ਬੂਤ ਕਰਕੇ ਇਕ ਲੋਕ ਪੱਖੀ ਰਾਜਨੀਤਕ ਮੁਤਬਾਦਲ ਹੀ ਹੱਲ ਕਰ ਸਕਦਾ ਹੈ। ਲੋਕ ਮੁਦਿਆਂ ਦਾ ਜ਼ਿਕਰ ਕਰਨ ਤੇ ਹੱਲ ਦੱਸਣ ਦੀ ਥਾਂ ਜਿੱਥੇ ਅਕਾਲੀ ਦਲ-ਭਾਜਪਾ ਗਠਜੋੜ ਝੂਠੇ ਆਰਥਿਕ ਵਿਕਾਸ ਤੇ ਧੰਨ ਦੇ ਬਲਬੂਤੇ ਅਸੈਂਬਲੀ ਚੋਣਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ, ਉਥੇ ਕੋਈ ਨੀਤੀਗਤ ਬਦਲ ਪੇਸ਼ ਕਰਨ ਦੀ ਥਾਂ 'ਆਪ' ਅਤੇ 'ਕਾਂਗਰਸ' ਨੇ ਇਨ੍ਹਾਂ ਚੋਣਾਂ ਨੂੰ ਇਕ ਲਾਭਦਾਇਕ ਧੰਦਾ ਬਣਾ ਲਿਆ ਹੈ, ਜਿੱਥੇ ਉਹ ਧਨਵਾਨਾਂ ਤੋਂ ਪੈਸਾ ਇਕੱਠਾ ਕਰਕੇ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਪੰਜਾਬ ਦੀ ਸੱਤਾ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਤਿੰਨੇ ਹੀ ਪਾਰਟੀਆਂ ਧਰਮ ਦੀ ਦੁਰਵਰਤੋਂ ਕਰਕੇ ਅਤੇ ਫਿਰਕੂ ਲੋਕਾਂ ਨਾਲ ਸਾਂਝਾ ਬਣਾ ਕੇ ਪੰਜਾਬ ਦੇ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਲਈ ਵੀ ਨਵੇਂ ਖਤਰੇ ਪੈਦਾ ਕਰ ਰਹੀਆਂ ਹਨ।
ਸਾਥੀ ਪਾਸਲਾ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀਆਂ ਚਾਰ ਖੱਬੇ ਪੱਖੀ ਪਾਰਟੀਆਂ- ਸੀ.ਪੀ.ਐਮ.ਪੰਜਾਬ, ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਲੋਕਾਂ ਦੇ ਮੁੱਦਿਆਂ 'ਤੇ ਅਧਾਰਤ ਜਨਤਕ ਘੋਲ ਤੇਜ਼ ਕਰਨ ਲਈ 7-8-9 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰਕੇ 9 ਅਗਸਤ ਨੂੰ ਸਾਰੇ ਜ਼ਿਲ੍ਹਾ ਕੇਂਦਰਾਂ ਉਪਰ ਲੋਕ ਲਾਮਬੰਦੀ ਰਾਹੀਂ ਵਿਸ਼ਾਲ ਜਨਤਕ ਮੁਜ਼ਾਹਰੇ  ਕਰਨਗੀਆਂ। ਇਸ ਕੰਮ ਲਈ ਸਾਰੀਆ ਖੱਬੀਆਂ ਪਾਰਟੀਆਂ ਇਨ੍ਹਾਂ ਐਕਸ਼ਨਾਂ ਦੀ ਤਿਆਰੀ ਵਿਚ ਪੂਰੀ ਤਰ੍ਹਾਂ ਜੁਟ ਗਈਆਂ ਹਨ।
ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਹੈ ਕਿ ਅਸਲ ਲੜਾਈ ਸਰਮਾਏਦਾਰੀ ਪ੍ਰਬੰਧ ਦੇ ਪਾਲਕਾਂ ਅਤੇ ਸਾਂਝੀਵਾਲਤਾ ਵਾਲੇ ਢਾਂਚੇ ਦੀਆਂ ਹਮਾਇਤੀ ਧਿਰਾਂ ਵਿਚਕਾਰ ਹੈ। ਉਨ੍ਹਾਂ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੱਬੇ ਪੱਖੀ ਦਲਾਂ ਦੁਆਰਾ ਚਲਾਏ ਜਾ ਰਹੇ ਸੰਘਰਸ਼ਾਂ ਵਿਚ ਡਟਵਾਂ ਸਾਥ ਦੇਣ ਤੇ ਅਸੈਂਬਲੀ ਚੋਣਾਂ ਲਈ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਨੂੰ ਲੁਟੇਰੀਆਂ ਜਮਾਤਾਂ ਦੀ ਇਕੋ ਹੀ ਧਿਰ ਮਿੱਥ ਕੇ ਇਨ੍ਹਾਂ ਵਿਰੁੱਧ ਖੱਬੇ ਪੱਖੀ ਦਲਾਂ ਦਾ ਸਾਥ ਦੇਣ ਲਈ ਕਮਰਕੱਸੇ ਕਰ ਲੈਣ।
ਸਾਥੀ ਪਾਸਲਾ ਨੇ ਸਰਕਾਰ ਵਲੋਂ ਸੰਘਰਸ਼ਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਲੋਕ ਸੰਘਰਸ਼ਾਂ ਵਿਚ ਸਾਥ ਦੇਣ ਦਾ ਪ੍ਰਣ ਦੁਹਰਾਇਆ।  

(ਮੰਗਤ ਰਾਮ ਪਾਸਲਾ)
ਸਕੱਤਰ

Tuesday, 12 July 2016

ਸਿਰਫ 'ਚਿਹਰੇ' ਬਦਲ ਕੇ ਲੋਕਾਂ ਦਾ ਭਲਾ ਕਿਵੇਂ ਹੋ ਸਕਦੈ

ਜਗਬਾਣੀ (11 ਜੁਲਾਈ 2016)


- ਮੰਗਤ ਰਾਮ ਪਾਸਲਾ 
ਭਾਰਤ ਦੀ ਰਾਜਨੀਤੀ ਵਿਚ 'ਆਪ' (ਆਮ ਆਦਮੀ ਦੀ ਪਾਰਟੀ) ਦਾ ਆਗਮਨ ਉਸ ਵਕਤ ਹੋਇਆ ਹੈ, ਜਦੋਂ ਦੇਸ਼ ਦੀ ਕੇਂਦਰੀ ਸਰਕਾਰ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਪੂਰੇ ਜ਼ੋਰ ਨਾਲ ਲਾਗੂ ਕਰ ਰਹੀ ਹੈ। ਸਾਮਰਾਜੀ ਦੇਸ਼ਾਂ ਲਈ ਆਪਣੇ ਆਰਥਿਕ ਸੰਕਟ ਉਪਰ ਕਾਬੂ ਪਾਉਣ ਵਾਸਤੇ, ਭਾਰਤ ਵਰਗੇ ਵੱਡੇ ਦੇਸ਼ ਦੀ ਵਿਸ਼ਾਲ ਮੰਡੀ, ਮਾਨਵੀ ਸ਼ਕਤੀ ਅਤੇ ਕੁਦਰਤੀ ਸਰੋਤ ਸਹਾਈ ਸਿੱਧ ਹੋ ਸਕਦੇ ਹਨ। ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨਵ ਉਦਾਰਵਾਦੀ ਨੀਤੀਆ ਅਪਣਾ ਕੇ ਪੂੰਜੀਵਾਦੀ ਸੰਕਟ ਦੇ ਹੱਲ ਲਈ 'ਸੰਕਟ ਮੋਚਨ' ਦਾ ਕੰਮ ਕਰ ਰਹੀ ਹੈ। ਇਨ੍ਹਾਂ ਨਵਉਦਾਰਵਾਦੀ ਆਰਥਿਕ ਨੀਤੀਆਂ ਸਦਕਾ ਮਹਿੰਗਾਈ, ਬੇਕਾਰੀ, ਭੁਖਮਰੀ, ਕੁਪੋਸ਼ਨ, ਖੇਤੀ ਸੰਕਟ ਆਦਿ ਨੇ ਜਨ-ਸਮੂਹਾਂ ਨੂੰ ਘੇਰਿਆ ਹੋਇਆ ਹੈ। ਭਰਿਸ਼ਟਾਚਾਰ ਵੀ ਭਾਰਤੀ ਲੋਕਾਂ ਨੂੰ ਸੂਲ ਵਾਂਗਰ ਚੁਭ ਰਿਹਾ ਹੈ। ਇਨ੍ਹਾਂ ਨੀਤੀਆਂ ਦੇ ਨਤੀਜੇ ਵਜੋਂ ਆਮ ਲੋਕ ਕਾਂਗਰਸ ਤੇ ਭਾਜਪਾ ਸਰਕਾਰਾਂ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਸਰਕਾਰਾਂ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਲੋਕ ਇਕ ਅਜਿਹਾ ਰਾਜਨੀਤਕ ਤੇ ਆਰਥਿਕ ਮੁਤਬਾਦਲ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਦਰਪੇਸ਼ ਮੂਲ ਸਮੱਸਿਆਵਾਂ ਤੋਂ ਛੁਟਕਾਰਾ ਦੁਆ ਸਕੇ। ਉਨ੍ਹਾਂ ਰਾਜਨੀਤਕ ਸ਼ਕਤੀਆਂ ਦਾ ਅੱਗੇ ਆਉਣਾ ਜ਼ਰੂਰੀ ਹੈ, ਜੋ  ਆਪਣੇ ਪ੍ਰੋਗਰਾਮ ਤੇ ਨੀਤੀਆਂ ਦਾ ਰੁਖ ਸਾਮਰਾਜ, ਇਜਾਰੇਦਾਰ ਤੇ ਜਗੀਰਦਾਰ ਜਮਾਤਾਂ ਦਾ ਵਿਰੋਧੀ ਰੱਖਦੀਆਂ ਹੋਣ। ਇਸ ਪੈਮਾਨੇ ਉਪਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਪੂਰਾ ਉਤਰਦੀਆਂ ਹਨ। ਲੋਕਾਂ ਦੇ ਗੁੱਸੇ ਨੂੰ ਖੱਬੀ ਦਿਸ਼ਾ ਵਿਚ ਢਾਲ ਕੇ ਸਮਾਜਿਕ ਤਬਦੀਲੀ ਦੇ ਕਾਰਜ ਲਈ ਅੱਗੇ ਵੱਧਣ ਤੋਂ ਰੋਕਣ ਲਈ ਇਕ ਯੋਜਨਾਬੱਧ ਢੰਗ ਨਾਲ ਸਾਮਰਾਜੀ ਤੇ ਸਰਮਾਏਦਾਰ ਧਿਰਾਂ ਵਲੋਂ 'ਆਪ' ਨੂੰ ਰਾਜਨੀਤਕ ਖੇਤਰ ਵਿਚ ਉਤਾਰਿਆ ਗਿਆ ਹੈ, ਜੋ ਖੁੱਲ੍ਹੇ ਰੂਪ ਵਿਚ ਸਰਮਾਏਦਾਰੀ ਢਾਂਚੇ, ਉਦਾਰੀਕਰਨ ਤੇ ਨਿੱਜੀਕਰਨ ਦੀ ਡਟਵੀਂ ਹਮਾਇਤੀ ਹੈ। 
ਰਾਜਨੀਤੀ ਵਿਚ ਕਾਂਗਰਸ, ਭਾਜਪਾ ਤੇ ਹੋਰ ਇਲਾਕਾਈ ਸਰਮਾਏਦਾਰ-ਜਗੀਰਦਾਰ ਪਾਰਟੀਆਂ ਇਕ ਦੂਸਰੇ ਨੂੰ ਤਾਂ ਬਰਦਾਸ਼ਤ ਕਰ ਸਕਦੀਆਂ ਹਨ, ਪ੍ਰੰਤੂ ਖੱਬੀ ਤੇ ਇਨਕਲਾਬੀ ਧਿਰ ਦੇ ਜਨ ਆਧਾਰ ਨੂੰ ਵੱਧਦਾ ਦੇਖਣਾ ਕਦੀ ਬਰਦਾਸ਼ਤ ਨਹੀਂ ਕਰਦੀਆਂ। ਸਾਮਰਾਜ  ਦੁਨੀਆਂ ਦੇ ਕਿਸੇ ਖਿਤੇ ਵਿਚ ਵੀ ਅਗਾਂਹਵਧੂ ਤਾਕਤਾਂ ਦੇ ਪਸਾਰੇ ਦਾ ਕੱਟੜ ਵਿਰੋਧੀ ਹੈ। ਕਦੀ ਅੱਤਵਾਦ ਨੂੰ ਪੈਦਾ ਕਰਕੇ ਤੇ ਫੇਰ ਅੱਤਵਾਦ ਨੂੰ ਦਬਾਉਣ ਦੇ ਨਾਂਅ ਹੇਠਾਂ ਝੂਠੇ ਤਰਕਾਂ ਦੇ ਆਧਾਰ ਉਤੇ ਸਾਮਰਾਜੀ ਦੇਸ਼ਾਂ ਵਲੋਂ ਅਫਗਾਨਿਸਤਾਨ, ਇਰਾਕ ਆਦਿ ਅਨੇਕਾਂ ਦੇਸ਼ਾਂ ਨੂੰ ਨਾਟੋ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ  ਲੱਖਾਂ ਮਨੁੱਖੀ ਜਾਨਾਂ ਦੀ ਬਲੀ ਲੈਣ ਦੇ ਨਾਲ ਉਨ੍ਹਾਂ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਵੀ ਲੁਟਿਆ ਗਿਆ। ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਵਲੋਂ ਲੋਕਾਂ ਅੰਦਰ ਇਨ੍ਹਾਂ ਨੀਤੀਆਂ ਵਿਰੁੱਧ ਉਠ ਰਹੀ ਬੇਚੈਨੀ ਨੂੰ ਖੱਬੇ ਪੱਖੀ ਮੋੜਾ ਲੈਣ ਤੋਂ ਰੋਕਣ ਲਈ 'ਆਪ' ਨੂੰ ਪ੍ਰੈਸ਼ਰ ਕੁਕਰ ਵਿਚਲੇ 'ਸੇਫਟੀ ਵਾਲਵ' ਵਜੋਂ ਵਰਤਿਆ ਜਾ ਰਿਹਾ ਹੈ। ਇਹ ਇਕ ਹਕੀਕਤ ਹੈ ਕਿ ਸਾਮਰਾਜੀ ਦੇਸ਼ਾ ਦੀ ਸਹਾਇਤਾ ਪ੍ਰਾਪਤ ਗੈਰ-ਸਰਕਾਰੀ ਸੰਸਥਾਵਾਂ (ਟ.7.+ਤ) ਅੰਦਰ, ਜਿਨ੍ਹਾਂ  ਵਿਚ 'ਆਪ' ਦੇ ਅਨੇਕਾਂ ਨੇਤਾ ਤੇ ਬਹੁਤ ਸਾਰੇ ਕਾਰਕੁੰਨ (ੜਰ;ਚਅਵਕਕਗਤ) ਸ਼ਾਮਲ ਹਨ, ਕਈ ਵਰ੍ਹਿਆਂ ਤੋਂ ਵੱਖ ਵੱਖ ਖੇਤਰਾਂ ਵਿਚ ਸਰਗਰਮ ਹਨ। ਬਹਾਨਾ ਭਾਵੇਂ ਸਮਾਜਿਕ ਕੰਮਾਂ, ਵਿੱਦਿਅਕ, ਸਿਹਤ, ਵਾਤਾਵਰਣ ਆਦਿ ਕਿਸੇ ਵੀ ਖੇਤਰ ਦਾ ਕਰਨ, ਪ੍ਰੰਤੂ ਅਸਲ ਮਕਸਦ ਪੂੰਜੀਵਾਦ ਦੇ ਬਚਾਅ ਲਈ ਸੱਤਾ ਉਪਰ ਕਾਬਜ਼ ਹੋਣਾ ਹੁੰਦਾ ਹੈ, ਤਾਂ ਕਿ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਬੜ੍ਹਾਵਾ ਦੇ ਕੇ ਨਵਉਦਾਰਵਾਦੀ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਸ਼ਕਤੀਆਂ ਨੂੰ ਕਮਜ਼ੋਰ ਕੀਤਾ ਜਾ ਸਕੇ। ਸਰਕਾਰ ਪ੍ਰਤੀ ਲੋਕਾਂ ਵਿਚ ਉਠ ਰਹੀ ਨਰਾਜ਼ਗੀ ਨੂੰ ਕੁਰਾਹੇ ਪਾਉਣ ਲਈ ਗੈਰ ਸਰਕਾਰੀ ਸੰਸਥਾਵਾਂ ਖੱਬੇ ਪੱਖੀ ਨਾਅਰੇ ਵੀ ਦਿੰਦੀਆਂ ਹਨ।
ਇਨ੍ਹਾਂ ਹੀ ਲੀਹਾਂ ਉਪਰ ਚਲਦਿਆਂ 'ਆਪ' ਆਗੂਆਂ ਵਲੋਂ 2017 ਵਿਚ ਹੋਣ ਵਾਲੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਜਿੱਤਣ ਲਈ ਖੱਬੇ ਪੱਖੀ ਨਾਅਰਿਆਂ, ਜਿਸ ਵਿਚ  ਆਮ ਲੋਕਾਂ ਦੀ ਭਲਾਈ, ਨਸ਼ਾਖੋਰੀ  ਅਤੇ ਭਰਿਸ਼ਟਾਚਾਰ ਦਾ ਖਾਤਮਾ ਕਰਨ ਦਾ ਵੱਡੇ ਪੱਧਰ ਉਪਰ ਪ੍ਰਚਾਰ ਕੀਤਾ ਜਾ ਰਿਹਾ ਹੈ। ਧਰਮ ਨਿਰਪੱਖ ਤੇ ਅਗਾਂਹਵਧੂ ਪਾਰਟੀ ਅਖਵਾਉਣ ਵਾਲੀ 'ਆਪ' ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ 'ਸਿੱਖ ਧਰਮ' ਦੀ ਵਰਤੋਂ ਕਰਨ ਤੇ ਹਰ ਤਰ੍ਹਾ ਦੇ ਗਰਮ ਖਿਆਲੀ, ਫਿਰਕੂ, ਫੁਟਪਾਊ ਤੱਤਾਂ ਦਾ ਵੀ ਇਸਤੇਮਾਲ ਕਰਨ ਤੋਂ ਝਿਜਕ ਮਹਿਸੂਸ ਨਹੀਂ ਕਰਦੀ। ਇਸ ਕੰਮ ਲਈ ਸ਼ੋਸ਼ਲ ਮੀਡੀਆ ਤੇ ਇਲੈਕਟਰਾਨਿਕ (ਟੀ.ਵੀ.) ਮੀਡੀਆ ਦੀ ਵੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਇਲੈਕਟਰਾਨਿਕ ਮੀਡੀਆ ਜ਼ਿਆਦਾ ਤਰ ਕਾਰਪੋਰੇਟ ਘਰਾਣਿਆਂ ਦੀ ਮਲਕੀਅਤ ਹੈ, ਇਸ ਲਈ 'ਆਪ' ਆਗੂਆਂ ਨੇ ਕਦੀ ਵੀ ਸਮੁੱਚੇ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਸ਼ਕਤੀਆਂ ਵਿਰੁੱਧ ਆਵਾਜ਼ ਨਹੀਂ ਉਠਾਈ। ਜੇਕਰ ਗਿਣਵੇਂ ਚੁਣਵੇਂ ਕਾਰਪੋਰੇਟ ਘਰਾਣਿਆਂ ਵਿਰੁੱਧ ਜਾਂ ਕਿਸੇ ਵਿਅਕਤੀ ਵਿਸ਼ੇਸ਼ ਵਿਰੁੱਧ ਪ੍ਰਚਾਰ ਵੀ ਕੀਤਾ ਹੈ, ਤਦ ਉਸਦਾ  ਮਕਸਦ ਦੂਸਰੇ ਪੂੰਜੀਪਤੀਆਂ ਦੀ ਹਮਦਰਦੀ ਜਿੱਤ ਕੇ ਉਨ੍ਹਾਂ ਤੋਂ ਮਾਲੀ ਸਹਾਇਤਾ ਪ੍ਰਾਪਤ ਕਰਨਾ ਹੁੰਦਾ ਹੈ। 'ਆਪ' ਵਲੋਂ ਕਾਰਪੋਰੇਟ ਘਰਾਣਿਆਂ ਤੇ ਹੋਰ ਧਨੀਆਂ ਤੋਂ ਵੱਡੀ ਮਾਤਰਾ ਵਿਚ ਧਨ ਇਕੱਠਾ ਕੀਤਾ ਜਾ ਰਿਹਾ ਹੈ। 'ਆਪ' ਦੀ ਜਮਹੂਰੀਅਤ ਪ੍ਰਤੀ ਸਤਿਕਾਰ ਦੀ ਪੋਲ ਉਦੋਂ ਹੀ ਖੁੱਲ੍ਹ ਗਈ ਸੀ ਜਦੋਂ  'ਆਪ' ਦੀ ਕੇਂਦਰੀ ਕੌਂਸਲ ਦੀ ਮੀਟਿੰਗ ਵਿਚ ਕੇਜਰੀਵਾਲ ਤੋਂ ਬਿਨਾਂ ਕਿਸੇ ਹੋਰ ਆਗੂ ਨੂੰ ਬੋਲਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਕੇਜਰੀਵਾਲ ਦੀ ਕਾਰਜਵਿਧੀ ਦਾ ਵਿਰੋਧ ਕਰਨ ਵਾਲੇ ਸਾਰੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ।
'ਆਪ' ਮੁੱਖੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਮਾਏਦਾਰਾਂ ਦੀ ਸੰਸਥਾ (69339) ਸਾਹਮਣੇ ਸਪੱਸ਼ਟ ਰੂਪ ਵਿਚ ਆਖਿਆ ਸੀ ਕਿ ਉਹ ਨਾ ਤਾਂ ਪੂੰਜੀਵਾਦ ਦਾ ਵਿਰੋਧੀ ਹੈ ਤੇ ਨਾ ਹੀ ਉਦਾਰੀਕਰਨ ਤੇ ਨਿੱਜੀਕਰਨ ਦਾ। ਉਲਟਾ ਉਹ ਤਾਂ ਜ਼ਿਆਦਾ ਕਾਰੋਬਾਰ ਪ੍ਰਾਈਵੇਟ ਸੈਕਟਰ ਨੂੰ ਦੇਣ ਦਾ ਹਮਾਇਤੀ ਹੈ। ਕਿਉਂਕਿ ਪੂੰਜੀਵਾਦ ਦੇ ਵਿਕਾਸ ਲਈ ਭਰਿਸ਼ਟਾਚਾਰ, ਮੁਕਾਬਲੇਬਾਜ਼ੀ, ਧੋਖਾਧੜੀ, ਲਾਕਨੂੰਨੀ ਬਹੁਤ ਨੇੜਿਓਂ ਜੁੜੀਆਂ ਹੋਈਆਂ ਹਨ, ਇਸ ਲਈ ਅੰਤਮ ਤੇ ਅਮਲੀ ਤੌਰ 'ਤੇ 'ਆਪ' ਵੀ ਇਨ੍ਹਾਂ ਦੀ ਵਿਰੋਧੀ ਨਹੀਂ ਰਹਿ ਸਕਦੀ, ਜਿਸ ਦਾ 'ਆਪ' ਦਾਅਵਾ ਕਰਦੀ ਹੈ।
'ਆਪ' ਲੋਕਾਂ ਨੂੰ ਵਿਚਾਰਧਾਰਕ ਤੌਰ 'ਤੇ ਭੰਬਾਲ ਭੂਸੇ ਵਿਚ ਪਾਉਣ ਲਈ ਧੋਖੇ ਭਰੇ ਢੰਗ ਵਰਤ ਰਹੀ ਹੈ। ਜਿਵੇਂ ਸਾਰੇ ਲੋਕ ਹੀ ਆਮ ਆਦਮੀ ਹਨ, ਇਸ ਲਈ 'ਆਪ' ਕਿਸੇ ਦਾ ਵੀ ਵਿਰੋਧ ਨਹੀਂ ਕਰਦੀ। ਜਿਹੜਾ ਸਮਾਜ ਜਮਾਤਾਂ ਵਿਚ ਵੰਡਿਆ ਹੋਵੇ, ਉਥੇ ਅਮੀਰ ਤੇ ਗਰੀਬ ਅਤੇ ਲੁਟੇਰਾ ਤੇ ਲੁੱਟ ਹੋਣ ਵਾਲਾ ਦੋਨੋਂ ਇਕੋ ਜਿਹੇ ਆਮ ਆਦਮੀ ਕਿਵੇਂ ਮਿੱਥੇ ਜਾ ਸਕਦੇ ਹਨ? ਅਜਿਹਾ ਕਹਿਣ ਵਾਲਾ ਵਿਅਕਤੀ ਜਾਂ ਸੰਸਥਾ ਤਾਂ ਬਿਨਾਂ ਸ਼ੱਕ ਧੋਖੇਬਾਜ਼ ਤੇ  ਜ਼ਾਲਮ ਪੱਖੀ ਹੋਵੇਗੀ। ਸਾਮਰਾਜੀ ਤੇ ਕਾਰਪੋਰੇਟ ਘਰਾਣੇ ਇਸੇ ਕਰਕੇ 'ਆਪ' ਦੇ ਹਮਾਇਤੀ ਹਨ। ਜਿਵੇਂ ਮੀਡੀਏ ਨੇ 'ਮੋਦੀ ਮੋਦੀ' ਦੀ ਚਰਚਾ ਲੋਕਾਂ ਵਿਚ ਛੇੜੀ ਸੀ, ਇਸੇ ਤਰਜ਼ 'ਤੇ ਅਰਵਿੰਦ ਕੇਜਰੀਵਾਲ ਦਾ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ।
'ਆਪ' ਵਲੋਂ ਕੀਤੇ ਪ੍ਰਚਾਰ ਦਾ ਅਸਰ ਮੌਜੂਦਾ ਰਵਾਇਤੀ ਸਰਮਾਏਦਾਰਾਂ ਦੀਆਂ ਪਾਰਟੀਆਂ ਤੇ ਸਰਕਾਰਾਂ ਤੋਂ ਨਰਾਜ਼ ਲੋਕਾਂ, ਖਾਸ ਕਰ ਮੱਧ ਵਰਗੀ ਤੇ ਪੜ੍ਹੇ ਲਿਖੇ ਲੋਕਾਂ ਉਪਰ ਦਿੱਲੀ ਚੋਣਾਂ ਦੇ ਦੌਰਾਨ ਬਹੁਤ ਹੋਇਆ, ਜੋ ਸ਼ੋਸ਼ਲ ਮੀਡੀਆ ਦਾ ਪ੍ਰਭਾਵ ਕਬੂਲਦੇ ਹਨ। ਇਸ ਅਸਰ ਨੇ ਹੀ 'ਆਪ' ਨੂੰ ਦਿੱਲੀ ਦੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਵਾਈ।  'ਆਪ' ਵਰਗੀ ਨਵੀਂ ਪਾਰਟੀ ਦੇ ਜਮਾਤੀ ਕਿਰਦਾਰ ਬਾਰੇ ਭਾਵੇਂ ਵਿਚਾਰਧਾਰਕ ਤੌਰ 'ਤੇ ਚੇਤਨ ਲੋਕ ਤਾਂ ਜਾਣੂ ਹਨ, ਪ੍ਰੰਤੂ ਆਮ ਜਨਤਾ ਆਪਣੇ ਤਜ਼ਰਬੇ ਦੇ ਆਧਾਰ ਉਪਰ ਹੀ ਅਜਿਹਾ ਮਹਿਸੂਸ ਕਰ ਸਕਦੀ ਹੈ।  ਕਿਉਂਕਿ 'ਆਪ' ਆਗੂ ਆਪਣੇ ਆਕਿਆਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੋਂ ਰੱਤੀ ਭਰ ਵੀ ਉਰਾਂਹ ਪਰਾਂਹ ਨਹੀਂ ਹੋ ਸਕਦੇ ਸਨ, ਇਸ ਲਈ ਕੇਜਰੀਵਾਲ ਤੇ ਉਸਦੇ ਸਾਥੀਆਂ ਨੇ ਅਗਾਂਹਵਧੂ ਤੇ ਖੱਬੇ ਪੱਖੀ ਧਿਰਾਂ ਵਲੋਂ ਸਾਂਝੇ ਘੋਲਾਂ ਦੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ, ਬਲਕਿ ਖੱਬੀ ਧਿਰ ਸਮੇਤ ਸਾਰੇ ਹੀ ਰਾਜਨੀਤਕ ਦਲਾਂ ਨੂੰ ਬੇਈਮਾਨ ਤੇ ਗੈਰ ਜਮਹੂਰੀ ਕਰਾਰ ਦੇ ਦਿੱਤਾ। 'ਆਪ' ਦੀ ਦਿੱਲੀ ਸਰਕਾਰ ਦੇ ਮੰਤਰੀਆਂ, ਆਗੂਆਂ ਅਤੇ ਪੰਜਾਬ ਵਿਚਲੇ 'ਆਪ' ਦੀ ਟਿਕਟ ਹਾਸਲ ਕਰਨ ਵਾਲੇ ਵਿਅਕਤੀਆਂ ਦੀਆਂ ਲੰਬੀਆਂ ਕਤਾਰਾਂ ਵਿਚ ਸਾਨੂੰ ਗਿਣਵੇਂ ਚੁਣਵੇਂ ਇਮਾਨਦਾਰ ਤੱਤਾਂ ਤੋਂ ਬਿਨਾਂ ਜ਼ਿਆਦਾ ਗਿਣਤੀ ਭਰਿਸ਼ਟਾਚਾਰੀਆਂ, ਧਨਵਾਨਾਂ, ਦਲ ਬਦਲੂਆਂ, ਵੱਖਵਾਦੀ ਅੱਤਵਾਦੀ ਵਿਚਾਰਧਾਰਾ ਦੇ ਅਲੰਬਰਦਾਰਾਂ ਦੀ ਦਿਸ ਰਹੀ ਹੈ। ਬਿਨ੍ਹਾਂ ਕਿਸੇ ਠੋਸ ਲੋਕ ਪੱਖੀ ਵਿਚਾਰਧਾਰਾ ਤੇ ਸੰਗਠਨ ਦੇ ਕੋਈ ਵੀ ਪਾਰਟੀ ਸਿਰਫ ਵਿਧਾਨ ਸਭਾ ਦੀਆ ਚੋਣਾਂ ਜਿੱਤਕੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਹਲ ਕਰਨ ਦੇਵੇਗੀ, ਇਸਤੋਂ ਵੱਡਾ ਸੁਪਨਾ ਤੇ ਲਤੀਫਾ ਹੋਰ ਕੋਈ ਨਹੀਂ ਹੋ ਸਕਦਾ? ਝੂਠੇ ਵਾਅਦਿਆਂ ਵਿਚ ਸੰਘ ਪਰਿਵਾਰ, ਅਕਾਲੀ ਦਲ ਤੇ ਕਾਂਗਰਸ ਵੀ ਪੂਰੇ ਕਾਰੀਗਰ ਹਨ। 69 ਸਾਲਾਂ ਦੇ  ਸਰਮਾਏਦਾਰੀ ਵਿਕਾਸ ਦੇ ਰਸਤੇ ਨੇ  ਗਰੀਬਾਂ ਅਮੀਰਾਂ ਦੇ ਪਾੜੇ ਨੂੰ ਖਤਰਨਾਕ ਹੱਦ ਤੱਕ ਵਧਾਇਆ ਹੈ ਤੇ ਬੇਕਾਰੀ, ਭੁਖਮਰੀ, ਮਹਿੰਗਾਈ ਵਰਗੀਆਂ ਅਲਾਮਤਾਂ ਨਾਲ ਲੋਕਾਂ ਨੂੰ ਨਿਵਾਜਿਆ ਹੈ। ਆਰਥਿਕ ਢਾਂਚੇ ਨੂੰ ਬਦਲੇ ਤੋਂ ਬਿਨਾਂ ਸਿਰਫ  ਚਿਹਰੇ ਬਦਲ ਕੇ ਹੀ ਕਿਰਤੀ ਲੋਕਾਂ ਦਾ ਕਲਿਆਣ ਕਿਵੇਂ ਕੀਤਾ ਜਾ ਸਕਦਾ ਹੈ? ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ 'ਆਪ' ਨੂੰ ਇਸ ਜਮਾਤੀ ਨਜ਼ਰੀਏ ਤੋਂ ਪਹਿਚਾਨਣ ਦੀ ਜ਼ਰੂਰਤ ਹੈ।
ਇਮਾਨਦਾਰ, ਭਾਵੁਕ ਤੇ ਮੌਜੂਦਾ ਢਾਂਚੇ ਤੋਂ ਨਿਰਾਸ਼ ਲੋਕ ਜੋ ਕੁਝ ਹਾਂ ਪੱਖੀ ਪ੍ਰੋਗਰਾਮ ਲਾਗੂ ਕਰਨ ਲਈ 'ਆਪ' ਤੋਂ ਵੱਡੀਆਂ ਆਸਾਂ ਲਾਈ ਬੈਠੇ ਹਨ, ਉਨ੍ਹਾਂ ਨੂੰ ਇਸ ਭਰਮ ਤੋਂ ਕਿਵੇਂ ਕੱਢਿਆ ਜਾਵੇ, ਲੋਕ ਪੱਖੀ ਸ਼ਕਤੀਆਂ ਦੀ ਇਹ ਵੱਡੀ ਚਿੰਤਾ ਹੈ? ਜੇਕਰ ਮੰਨ ਵੀ ਲਿਆ ਜਾਵੇ ਕਿ ਲੁਟੇਰੀ ਜਮਾਤ ਦੀ ਨੁਮਾਇੰਦਗੀ ਕਰਦੀ ਪਾਰਟੀ 'ਆਪ' ਸੱਤਾ ਵਿਚ ਆ ਜਾਂਦੀ ਹੈ ਤਦ, 'ਆਪ' ਦੀ ਲੋਕ ਵਿਰੋਧੀ ਸਰਮਾਏਦਾਰ ਨੀਤੀਆਂ ਉਪਰ ਚੱਲਣ ਵਾਲੀ ਸਰਕਾਰ ਦੇ ਕੌੜੇ ਯਥਾਰਥ ਨੂੰ ਅਨੁਭਵ ਕਰਕੇ ਇਮਾਨਦਾਰ ਲੋਕਾਂ ਦੀ ਮਾਨਸਿਕ ਅਵਸਥਾ ਨੂੰ ਕਰਾਰੀ ਸੱਟ ਜ਼ਰੂਰ ਵੱਜੇਗੀ। ਉਨ੍ਹਾਂ ਲੋਕਾਂ ਦਾ ਵਿਸ਼ਵਾਸ਼ ਜਿੱਤ ਕੇ ਉਨ੍ਹਾਂ ਨੂੰ ਸਮਾਜਿਕ ਪਰਿਵਰਤਨ ਦੀ ਲਹਿਰ ਸੰਗ ਮੁੜ ਜੋੜਨਾ ਤੇ ਸਾਂਝੀਵਾਲਤਾ ਵਾਲੇ ਸਮਾਜ ਸਿਰਜਣ ਦੀ ਅਟਲ ਸਚਾਈ ਉਪਰ ਪੂਰਨ ਭਰੋਸਾ ਪੈਦਾ ਕਰਕੇ  ਜਮਹੂਰੀ ਲਹਿਰ ਦੀਆਂ ਸਫਾਂ ਵਿਚ ਸ਼ਾਮਿਲ ਕਰਨਾ ਕਾਫੀ ਮੁਸ਼ਕਿਲ ਭਰਿਆ ਕੰਮ ਹੋਵੇਗਾ। ਸਰਮਾਏਦਾਰੀ ਵਿਕਾਸ ਦੇ ਰਾਹ 'ਤੇ ਚੱਲਣ ਵਾਲੀ ਕੋਈ ਵੀ ਸਰਕਾਰ ਨਾ ਤਾਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦੀ ਹੈ ਤੇ ਨਾ ਹੀ ਭਰਿਸ਼ਟਾਚਾਰ ਦਾ ਖਾਤਮਾ।

ਪੂੰਜੀਵਾਦੀ ਵਿਕਾਸ ਮਾਡਲ ਖ਼ਿਲਾਫ਼ ਲੋਕਾਂ ਨੂੰ ਦਿਸ਼ਾ ਤੇ ਅਗਵਾਈ ਦੇਣ ਦੀ ਲੋੜ




- ਮੰਗਤ ਰਾਮ ਪਾਸਲਾ  

ਜੇਕਰ ਸਮਾਜ ਦੇ ਵੱਖ-ਵੱਖ ਤਬਕੇ ਇੰਝ ਹੀ ਪ੍ਰੇਸ਼ਾਨ ਤੇ ਬੇਵਸ ਰਹੇ, ਤਦ ਦੇਸ਼ ਦੀ ਉਪਰਲੀ ਧਨਵਾਨ ਸ਼੍ਰੇਣੀ ਤੇ ਹਾਕਮ  ਧੜਾ ਇਹ ਮਤ ਸਮਝੇ ਕਿ ਉਹ ਵੀ ਸੁੱਖ ਚੈਨ ਦੀ ਨੀਂਦ ਬੇਖ਼ੋਫ ਹੋ ਕੇ ਸੌ ਸਕਣਗੇ। ਸ਼ਹਿਰਾਂ ਤੇ ਪਿੰਡਾਂ ਵਿਚ ਬੇਕਾਰ ਘੁੰਮਦੇ ਕਰੋੜਾਂ ਨੌਜਵਾਨ ਲੜਕੇ, ਲੜਕੀਆਂ, ਦੁਆਈ ਨਾ ਖਰੀਦ ਸਕਣ ਦੀ ਹਾਲਤ ਵਿਚ ਸਹਿਕਦੇ ਮਰੀਜ਼, ਵਿਦਿਆ ਤੋਂ ਅਧੂਰੇ ਬਿਨ੍ਹਾਂ ਕਿਸੇ ਮਕਸਦ ਦੇ ਜ਼ਿੰਦਗੀ ਜੀਅ ਰਹੇ ਲੋਕ ਅਤੇ ਦੋ ਡੰਗ ਦੀ ਰੱਜਵੀਂ ਰੋਟੀ ਲਈ ਤਰਸਦੇ ਹੱਡ ਮਾਸ ਦੇ ਪੁਤਲੇ ਕਿਸੇ ਵੱਡੇ ਭੂਚਾਲ ਦੇ ਆਉਣ ਤੋਂ ਪਹਿਲਾਂ ਪਸਰੇ ਸਨਾਟੇ ਦਾ ਸੰਕੇਤ ਦੇ ਰਹੇ ਹਨ। ਟੀ.ਵੀ., ਅਖਬਾਰਾਂ ਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਰਾਜ ਭਾਗ ਉਪਰ ਕਬਜ਼ਾ ਜਮਾਈ ਬੈਠੇ ਮੁੱਠੀ ਭਰ ਲੁਟੇਰੇ ਸ਼ਾਸਕ ਆਮ ਜਨਤਾ ਨੂੰ ਝੂਠੇ ਨਾਅਰਿਆਂ, ਤਸੱਲੀਆਂ ਤੇ ਵਾਅਦਿਆਂ ਰਾਹੀਂ ਕੁੱਝ ਸਮਾਂ ਤਾਂ ਧੋਖੇ ਦੇ ਜਾਲ ਵਿਚ ਫਸਾ ਸਕਦੇ ਹਨ, ਪ੍ਰੰਤੂ ਉਨ੍ਹਾਂ ਦੀ ਅਮਲੀ ਜ਼ਿੰਦਗੀ ਦੀਆਂ ਕਠਿਨਾਈਆਂ ਨੂੰ ਦੂਰ ਨਹੀਂ ਕਰ ਸਕਦੇ। ਆਜ਼ਾਦੀ ਤੋਂ ਬਾਅਦ ਪਿਛਲੇ 69 ਸਾਲਾਂ ਦਾ ਤਜ਼ਰਬਾ ਜਨ ਸਧਾਰਣ ਦੇ ਦਿਲਾਂ ਦਿਮਾਗਾਂ ਵਿਚ ਬੈਠਣਾ ਸ਼ੁਰੂ ਹੋ ਗਿਆ ਹੈ। ਜਨਤਕ ਰੋਹ ਤੇ ਰਾਇ ਨੂੰ ਸਰਕਾਰ ਦਾ ਦਬਾਊ ਮਸ਼ੀਨਰੀ ਲੰਮਾਂ ਸਮਾਂ ਦਬਾ ਨਹੀਂ ਸਕਦੀ।
ਦਲਿਤ ਤੇ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਲੋਕਾਈ ਆਪਣੇ ਨਾਲ ਸਦੀਆਂ ਤੋਂ ਹੋ ਰਹੇ ਸਮਾਜਿਕ ਜਬਰ ਤੇ ਵਿਤਕਰਿਆਂ ਦੇ ਸੇਕ ਨੂੰ ਅਨੁਭਵ ਕਰਨ ਲੱਗੀ ਹੈ। ਰੱਬ ਤੇ ਦੈਵੀ ਸ਼ਕਤੀਆਂ ਦੀ ਝੂਠੀ ਕਰੋਪੀ ਦਾ ਸਹਾਰਾ ਲੈ ਕੇ ਉਚ ਜਾਤੀਆਂ ਦੇ ਲੋਕਾਂ ਨੇ ਜਿਸ ਤਰ੍ਹਾਂ ਦਾ ਅਣਮਨੁੱਖੀ ਤੇ ਜ਼ਾਲਮਾਨਾ ਵਿਵਹਾਰ ਸਾਡੇ ਇਸ ਪਛੜੇ ਭਾਈਚਾਰੇ ਨਾਲ ਕੀਤਾ ਹੈ, ਉਹ ਹੁਣ ਚਰਮ ਸੀਮਾ ਉਪਰ ਪੁੱਜ ਗਿਆ ਹੈ, ਜਿੱਥੋਂ ਅੱਗੇ ਦੁਸ਼ਮਣ ਸੰਗ ਭਿੜਨ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਦੂਸਰਾ ਰਾਹ ਨਹੀਂ ਬਚਿਆ। 'ਜੈ ਜਵਾਨ-ਜੈ ਕਿਸਾਨ', 'ਗਰੀਬੀ ਹਟਾਓ', 'ਅੱਛੇ ਦਿਨ ਆਏਂਗੇ' ਵਰਗੇ ਫਰੇਬੀ ਨਾਅਰੇ ਹੁਣ ਕੋਈ ਜਾਦੂਮਈ  ਅਸਰ ਨਹੀਂ ਕਰਦੇ। ਆਪਣੇ ਜਲ, ਜੰਗਲ, ਜ਼ਮੀਨ ਦੀ ਰਾਖੀ ਕਰਦੇ ਕਬਾਇਲੀ ਲੋਕ ਕੁੱਟੇ ਤੇ ਲੁੱਟੇ ਤਾਂ ਜਾ ਰਹੇ ਹਨ, ਪ੍ਰੰਤੂ ਉਨ੍ਹਾਂ ਦਾ ਗੁੱਸਾ ਮਿਸ਼ਰਤ ਵਿਆਜ ਵਾਂਗਰ ਕਈ ਗੁਣਾ ਵਧਕੇ ਜਮਾਂ ਹੋ ਰਿਹਾ ਹੈ। ਔਰਤਾਂ ਪਹਿਲਾਂ ਦੇ ਮੁਕਾਬਲੇ ਕਿਸੇ ਵੀ ਜਨਤਕ ਸੰਗਰਾਮ ਵਿਚ ਵਧੇਰੇ ਗਿਣਤੀ ਵਿਚ ਦੇਖੀਆਂ ਜਾ ਸਕਦੀਆਂ ਹਨ। ਜਦੋਂ ਪੜ੍ਹੇ ਲਿਖੇ (ਕਿਤਾਮੁਖੀ) ਨੌਜਵਾਨ ਇੰਜੀਨਿਰਿੰਗ  ਵਰਗੇ ਕੋਰਸ ਕਰਕੇ ਵੀ ਲੱਖਾਂ ਦੀ ਗਿਣਤੀ ਵਿਚ ਦਰਜਾ ਚਾਰ ਜਾਂ ਸਿਪਾਹੀ ਦੀ ਨੌਕਰੀ ਲਈ ਅਰਜ਼ੀਆਂ ਦਿੰਦੇ ਹਨ, ਤਦ ਸਥਿਤੀ ਦੀ ਗੰਭੀਰਤਾ ਦੀ ਸਮਝ ਸੌਖਿਆਂ ਆ ਜਾਂਦੀ ਹੈ।
ਪੂੰਜੀਵਾਦੀ ਵਿਕਾਸ ਮਾਡਲ ਲੋਕਾਂ ਦੇ ਮਨਾਂ ਵਿਚੋਂ ਲਹਿੰਦਾ ਜਾ ਰਿਹਾ ਹੈ। ਅਮਰੀਕਾ, ਫਰਾਂਸ, ਜਰਮਨੀ, ਇੰਗਲੈਂਡ, ਸਪੇਨ ਇਤਿਆਦਿ ਉਨਤਸ਼ੀਲ ਪੂੰਜੀਵਾਦੀ ਦੇਸ਼, ਜਦੋਂ ਆਪਣਾ ਸੰਕਟ ਹੱਲ ਕਰਨ ਲਈ ਕਿਰਤੀਆਂ ਉਪਰ ਨਵੇਂ ਆਰਥਿਕ ਬੋਝ ਲੱਦਣ ਤੇ ਜਨ ਵਿਰੋਧੀ ਕਾਨੂੰਨ ਬਣਾ ਕੇ ਲੋਕਾਂ ਨੂੰ ਪਹਿਲਾਂ ਦਿੱਤੀਆਂ ਸਹੂਲਤਾਂ ਵਾਪਸ ਲੈਣ ਦਾ ਯਤਨ ਕਰਦੇ ਹਨ, ਤਾਂ ਲੱਖਾਂ ਲੋਕ  ਸੜਕਾਂ ਉਪਰ ਆ ਕੇ ਮੁਜ਼ਾਹਰੇ ਕਰਦੇ ਹਨ ਤੇ ਪੁਲਸ ਨਾਲ ਟੱਕਰਾਂ ਲੈਂਦੇ ਹਨ। 'ਹੜਤਾਲ' ਸ਼ਬਦ ਜਿਹੜਾ ਉਨਤ ਪੂੰਜੀਵਾਦੀ ਦੇਸ਼ਾਂ ਵਿਚ ਅਲੋਪ ਹੋ ਗਿਆ ਸੀ, ਪਹਿਲਾਂ ਤੋਂ ਜ਼ਿਆਦਾ ਤਾਕਤ ਨਾਲ ਮੁੜ ਸਿਰ ਚੁੱਕ ਰਿਹਾ ਹੈ। ਇਹ ਉਦੋਂ ਹੋ ਰਿਹਾ ਹੈ, ਜਦੋਂ ਸਾਬਕਾ ਸੋਵੀਅਤ ਯੂਨੀਅਨ ਵਿਚ ਸਮਾਜਵਾਦੀ ਢਾਂਚੇ ਦੇ ਖਾਤਮੇ ਤੋਂ ਬਾਅਦ ਸਰਮਾਏਦਾਰੀ ਪ੍ਰਬੰਧ ਦੇ ਪੈਰੋਕਾਰ ਪੂੰਜੀਵਾਦੀ ਪ੍ਰਬੰਧ ਨੂੰ ਸਰਵ ਸ਼ੇਸ਼ਟ ਤੇ ਸਮਾਜਿਕ ਵਿਕਾਸ ਦੀ ਅੰਤਿਮ ਮੰਜ਼ਿਲ ਦਸ ਰਹੇ ਸਨ। ਸਾਰੇ ਯਤਨਾਂ ਦੇ ਬਾਵਜੂਦ 2008 ਵਿਚ ਅਮਰੀਕਾ ਤੋਂ ਸ਼ੁਰੂ ਹੋਇਆ ਆਰਥਿਕ ਮੰਦਵਾੜਾ ਮੁਕਣ ਦਾ ਨਾਮ ਨਹੀਂ ਲੈ ਰਿਹਾ।
ਪਿਛਲੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਤੇ ਹੁਣ ਨਰਿੰਦਰ ਮੋਦੀ ਦੀ ਸਰਕਾਰ ਸਾਮਰਾਜੀ ਦੇਸ਼ਾਂ ਦੀ ਭਿਆਲੀ ਤੇ ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਲੋਕਾਂ ਦੇ ਸਾਰੇ ਦੁੱਖ ਦਰਦ ਦੂਰ ਕਰਕੇ ਦੇਸ਼ ਨੂੰ ਉਨਤੀ ਦੀਆਂ ਸਿਖਰਲੀਆਂ ਚੋਟੀਆਂ ਉਪਰ ਪਹੁੰਚਾਉਣ ਦਾ ਪ੍ਰਚਾਰ ਕਰ ਰਹੀ ਹੈ। ਅਸਰ ਉਲਟਾ ਹੋ ਰਿਹਾ ਹੈ। ਵਿਦੇਸ਼ੀ ਪੂੰਜੀ ਰਾਹੀਂ ਕੀਤਾ ਆਰਥਿਕ ਵਿਕਾਸ 'ਰੁਜ਼ਗਾਰ ਰਹਿਤ' ਵਿਕਾਸ ਹੁੰਦਾ ਹੈ। ਸੰਕਟਗ੍ਰਸਤ ਪੱਛਮੀ ਪੂੰਜੀਵਾਦੀ ਦੇਸ਼ਾਂ ਨੂੰ ਆਰਥਿਕ ਮੰਦੀ ਉਪਰ ਕਾਬੂ ਪਾਉਣ ਲਈ ਆਪਣਾ ਅਣਵਿਕਿਆ ਤਿਆਰ ਮਾਲ ਵੇਚਣ ਲਈ ਮੰਡੀ ਚਾਹੀਦੀ ਹੈ, ਪੂੰਜੀ ਨਿਵੇਸ਼ ਲਈ ਨਵੇਂ ਦੇਸ਼ ਤੇ ਖਿੱਤੇ ਚਾਹੀਦੇ ਹਨ ਅਤੇ ਲੁੱਟਣ ਵਾਸਤੇ ਮਨੁੱਖੀ ਤੇ ਕੁਦਰਤੀ ਸਰੋਤ ਲੋੜੀਂਦੇ ਹਨ। ਇਸ ਲਈ ਸਾਮਰਾਜੀ ਦੇਸ਼ ਭੁੱਖੇ ਬਘਿਆੜ ਵਾਂਗਰ ਗਰੀਬ ਤੇ ਉਨਤਸ਼ੀਲ ਦੇਸ਼ਾਂ ਨੂੰ ਨਿਗਲਣਾ ਚਾਹੁੰਦੇ ਹਨ। ਭਾਰਤ ਅੰਦਰ ਉਨ੍ਹਾਂ ਨੂੰ ਆਰ.ਐਸ.ਐਸ. ਦੇ ਥਾਪੜੇ ਵਾਲੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਹੱਥ ਲੱਗ ਗਈ ਹੈ। ਬੇਬਾਗੇ ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਦੇਸ਼ ਨੂੰ ਬਰਬਾਦ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਹਰ ਹਫਤੇ ਸਾਮਰਾਜੀ ਦੌਰਿਆਂ ਵਿਚ ਮਸ਼ਰੂਫ ਹਨ। ਉਹ 'ਸਮਾਰਟ ਸਿਟੀ'  ਤੇ 'ਬੁਲਿਟ ਟਰੇਨ' ਵਰਗੇ ਸੁਪਨੇ ਦਿਖਾ ਕੇ ਕਰਜ਼ੇ ਦੇ ਭਾਰ ਥੱਲੇ ਦੱਬੇ ਮਜ਼ਦੂਰ ਤੇ ਕਿਸਾਨ ਦੀਆਂ ਖੁਦਕੁਸ਼ੀਆਂ, ਹਰ ਪਾਸੇ ਪਸਰੀ ਅਰਾਜਕਤਾ ਤੇ ਲੁੱਟ ਖਸੁੱਟ ਅਤੇ ਗੁੰਡਾ ਰਾਜ ਨੂੰ ਲੋਕਾਂ ਦੀ ਸੋਚਣੀ ਵਿਚੋਂ ਕੱਢਣਾ ਚਾਹੁੰਦੇ ਹਨ। ਪਰ ਇਹ ਸਾਰਾ ਕੁੱਝ ਅਸੰਭਵ ਬਣਦਾ ਜਾ ਰਿਹਾ ਹੈ।
ਇਨ੍ਹਾਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਵਿਚ ਪੈਦਾ ਹੋ ਰਹੇ ਰੋਹ ਨੂੰ ਖਾਰਜ ਕਰਨ ਤੇ ਕੁਰਾਹੇ ਪਾਉਣ ਲਈ ਮੋਦੀ ਦੀ ਸਰਕਾਰ ਸੰਘ ਪਰਿਵਾਰ ਰਾਹੀਂ ਅੱਤ ਦਰਜੇ ਦੀਆਂ ਫਿਰਕੂ ਕਾਰਵਾਈਆਂ, ਪ੍ਰਚਾਰ ਤੇ ਦੁਸਰੇ ਧਰਮਾਂ ਵਿਰੁੱਧ ਨਫਰਤ ਪੈਦਾ ਕਰਨ ਦਾ ਹਰ ਹੀਲਾ ਕਰ ਰਹੀ ਹੈ। ਹਿੰਦੂ ਮਿਥਿਆਸ ਦੀਆਂ ਸਾਹਿਤਕ ਕਿਰਤਾਂ ਨੂੰ ਇਤਿਹਾਸਕ ਰੂਪ ਦੇ ਕੇ ਵਿਦਿਆ ਦੇ ਖੇਤਰ ਵਿਚ ਯੋਜਨਾਬੱਧ ਢੰਗ ਨਾਲ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਦੀ ਮਾਨਸਿਕਤਾ ਨੂੰ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ, ਲੇਖਕਾਂ, ਕਲਮਕਾਰਾਂ ਤੇ ਕਲਾਕਾਰਾਂ ਦੇ ਕਤਲ ਕੀਤੇ ਜਾ ਰਹੇ ਹਨ ਅਤੇ ਸਮੁੱਚੇ ਵਾਤਾਵਰਣ ਵਿਚ ਅਸਹਿਨਸ਼ੀਲਤਾ ਦੇ ਡਰ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਅਜਿਹੀਆਂ ਹਾਲਤਾਂ ਵਿਚ ਬਹੁਧਰਮੀ, ਬਹੁ ਕੌਮੀ, ਬਹੁ ਭਾਸ਼ੀ ਤੇ ਵਿਭਿੰਨ ਸਭਿਆਚਾਰਾਂ ਵਾਲੇ ਦੇਸ਼ ਨੂੰ ਜੇਕਰ 'ਧਰਮ ਨਿਰਪੱਖਤਾ' ਤੇ 'ਲੋਕ ਰਾਜੀ' ਲੀਹਾਂ ਤੋਂ ਉਤਾਰ ਕੇ ਇਕ ਧਰਮ ਅਧਾਰਤ ਦੇਸ਼ ''ਹਿੰਦੂ ਰਾਸ਼ਟਰ'' ਬਣਾਉਣ ਦਾ ਯਤਨ ਕੀਤਾ ਗਿਆ, ਜਿਵੇਂ ਸੰਘ ਪਰਿਵਾਰ ਕਰ ਰਿਹਾ ਹੈ, ਤਦ ਇਸ ਦੇਸ਼ ਦੀ ਏਕਤਾ, ਅਖੰਡਤਾ, ਆਜ਼ਾਦੀ ਤੇ ਆਪਸੀ ਭਾਈਚਾਰਕ ਸਾਂਝ ਖੇਂਰੂ ਖੇਂਰੂੰ ਹੋ ਜਾਵੇਗੀ।
ਪ੍ਰੰਤੂ ਇਕ ਗੱਲ ਸੁਖਾਵੀਂ ਇਹ ਹੈ ਕਿ ਦੇਸ਼ ਦੀਆਂ ਬਾਹਰਮੁਖੀ ਹਾਲਤਾਂ ਤੇ ਵਿਗਿਆਨ ਦਾ ਪਸਾਰ ਫਿਰਕੂ ਫਾਸ਼ੀਵਾਦੀ ਤੇ ਪਿਛਾਖੜੀ ਸ਼ਕਤੀਆਂ ਦੇ ਹੋਰ ਪੈਰ ਪਸਾਰਨ ਵਿਚ ਰੋੜਾ ਬਣ ਰਹੇ ਹਨ। ਮੋਦੀ ਦਾ ਲੱਛੇਦਾਰ ਭਾਸ਼ਣ ਜਨ ਸਧਾਰਣ ਲਈ ਅਕਾਊ ਤੇ ਬੇਰਸਾ ਬਣਦਾ ਜਾ ਰਿਹਾ ਹੈ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਦੇਸ਼ ਦੀਆਂ ਸਮੁੱਚੀਆਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀਆਂ ਕੌਮੀ ਤੇ ਇਲਾਕਾਈ ਰਾਜਨੀਤਕ ਪਾਰਟੀਆਂ ਨਾ ਤਾਂ ਮੋਦੀ ਮਾਰਕਾ ਵਿਕਾਸ ਮਾਡਲ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਮੁਤਬਾਦਲ ਪੇਸ਼ ਕਰ ਸਕਦੀਆਂ ਹਨ ਅਤੇ ਨਾ ਹੀ ਫਿਰਕਾਪ੍ਰਸਤੀ ਦੇ ਵਿਚਾਰਧਾਰਕ ਅਧਾਰ ਉਪਰ ਬੱਝਵਾਂ ਤੇ ਕਾਰਗਰ ਹੱਲਾ ਬੋਲ ਸਕਦੀਆਂ ਹਨ। ਇਸਦੇ ਵਿਪਰੀਤ ਇਹ ਸੱਭੇ ਦਲ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਸਹਿਯੋਗ ਕਰ ਰਹੀਆਂ ਹਨ, ਜਿਨ੍ਹਾਂ ਨੀਤੀਆਂ ਸਦਕਾ ਸਾਡਾ ਦੇਸ਼ ਮੌਜੂਦਾ ਚੌਤਰਫੇ ਸੰਕਟ ਵਿਚ ਫਸਿਆ ਹੋਇਆ ਹੈ। ਸਰਕਾਰ ਦੇ ਝੂਠੇ ਪਰਚਾਅ ਤੇ ਅਗਾਂਹਵਧੂ ਸ਼ਕਤੀਆਂ ਦੀ ਕਮਜ਼ੋਰ ਸਥਿਤੀ ਜਨ ਸਮੂਹਾਂ ਦੇ ਭੱਖਦੇ ਰੋਹ ਨੂੰ ਇਕ ਬੱਝਵੀਂ ਤੇ ਅਗਾਂਹ ਵਧੂ ਦਿਸ਼ਾ ਲੈਣ ਵਿਚ ਮੁੱਖ ਰੁਕਾਵਟ ਬਣੀ ਬੈਠੀ ਹੈ, ਹਾਲਾਂ ਕਿ ਬਾਹਰਮੁਖੀ ਹਾਲਤਾਂ ਇਸ ਕੰਮ ਲਈ ਕਾਫੀ ਸਾਜਗਾਰ ਹਨ।
ਇਸ ਮੰਤਵ ਲਈ ਦੇਸ਼ ਦੀਆਂ ਸਮੂਹ ਖੱਬੀਆ, ਅਗਾਂਹਵਧੂ, ਜਮਹੂਰੀ ਤੇ ਮਾਨਵਵਾਦੀ ਤਾਕਤਾਂ ਨੂੰ ਆਪਣਾ ਏਕਾ ਮਜ਼ਬੂਤ ਕਰਕੇ ਮੌਜੂਦਾ ਮੋਦੀ ਵਿਕਾਸ ਮਾਡਲ ਦਾ ਬਦਲਵਾਂ ਲੋਕ ਪੱਖੀ ਵਿਕਾਸ ਮਾਡਲ ਸਿਰਜਣਾ ਹੋਵੇਗਾ ਅਤੇ ਇਸ ਕੰਮ ਲਈ ਜਨ ਸਮੂਹਾਂ ਦੇ ਵੱਡੇ ਹਿੱਸੇ ਦਾ ਸਹਿਯੋਗ ਪ੍ਰਾਪਤ ਕਰਨਾ ਹੋਵੇਗਾ। ਸਾਰੇ ਪਰਦੇ ਆ ਕੇ ਵੀ ਮੌਜੂਦਾ ਹਾਕਮਾਂ ਦਾ ਆਰਥਿਕ ਪੈਂਤੜਾ ਤਬਾਹ ਕਰਨ ਵਾਲਾ ਸਿੱਧ ਹੋ ਰਿਹਾ ਹੈ। ਇਨ੍ਹਾਂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਦੁਨੀਆਂ ਦੇ ਕਈ ਹੋਰ ਗਰੀਬ ਤੇ ਉਨਤਸ਼ੀਲ ਦੇਸ਼ਾਂ ਵਿਚ ਪਰਖ ਕੀਤੀ ਜਾ ਚੁੱਕੀ ਹੈ, ਜਿਸਦਾ ਸਿੱਟਾ ਲੋਕਾਂ ਦੀ ਤਬਾਹੀ ਤੋਂ ਸਿਵਾਏ ਹੋਰ ਕੁੱਝ ਨਹੀਂ ਨਿਕਲਿਆ। ਭਾਰਤ ਨੂੰ ਇਸ ਅਮਾਨਵੀਂ ਤਜਰਬਿਆਂ ਦਾ ਕੇਂਦਰ ਬਣਨ ਤੋਂ ਰੋਕਣ ਲਈ ਸਹੀ ਸੋਚਣੀ ਵਾਲਿਆਂ ਲਈ ਇਹ ਪਰਖ ਦੀ ਘੜੀ ਹੈ। ਲੋਕ ਇਸ ਸੰਤਾਪ ਵਿਰੁੱਧ ਜੂਝਣਾ ਚਾਹੁੰਦੇ ਹਨ। ਲੋੜ ਉਨ੍ਹਾਂ ਨੂੰ ਦਿਸ਼ਾ ਤੇ ਅਗਵਾਈ ਦੇਣ ਦੀ ਹੈ।

Tuesday, 5 July 2016

ਖੱਬੀਆਂ ਪਾਰਟੀਆਂ ਵਲੋਂ ਬਰਨਾਲਾ 'ਚ ਪ੍ਰਭਵਾਸ਼ਾਲੀ ਕਨਵੈਨਸ਼ਨ

ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ
 
ਸੀ.ਪੀ.ਆਈ., ਸੀ.ਪੀ.ਆਈ.(ਐਮ.), ਸੀ.ਪੀ.ਐਮ ਪੰਜਾਬ., ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ

    ਬਰਨਾਲਾ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ, ਸੀ.ਪੀ.ਆਈ.(ਐਮ.), ਸੀ.ਪੀ.ਐਮ.ਪੰਜਾਬ, ਸੀ.ਪੀ.ਆਈ (ਐਮ.ਐਲ.) ਲਿਬਰੇਸ਼ਨ ਦੇ ਸਾਂਝੇ ਸੱਦੇ 'ਤੇ ਅੱਜ ਅਨਾਜ ਮੰਡੀ 'ਚ  ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ, ਜਿਸ 'ਚ ਮਾਲਵਾ ਖੇਤਰ ਦੇ ਹਜ਼ਾਰਾਂ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ।



ਸਰਵ ਸਾਥੀ ਕਸ਼ਮੀਰ ਸਿੰਘ ਗਦਾਈਆਂ, ਬੰਤ ਸਿੰਘ ਨਮੋਲ, ਗੱਜਣ ਸਿੰਘ ਦੁੱਗਾਂ ਅਤੇ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਨੂੰ ਚਾਰਾਂ ਪਾਰਟੀਆਂ ਦੇ ਸੂਬਾਈ ਆਗੂਆਂ ਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਜਗਰੂਪ, ਵਿਜੈ ਮਿਸ਼ਰਾ, ਭੀਮ ਸਿੰਘ ਆਲਮਪੁਰ, ਭਗਵੰਤ ਸਿੰਘ ਸਮ੍ਹਾਉਂ, ਨਿਰਮਲ ਸਿੰਘ ਧਾਲੀਵਾਲ, ਭੂਪਚੰਦ ਚੰਨੋ, ਮਹੀਪਾਲ ਅਤੇ ਗੁਰਪ੍ਰੀਤ ਸਿੰਘ ਰੂੜ੍ਹੇਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਨਿਰੰਤਰ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ ਅਤੇ ਸਮਾਜਿਕ ਅਫਰਾ-ਤਫਰੀ ਲਈ ਜਿੁੰਮੇਵਾਰ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ। ਆਗੂਆਂ ਨੇ ਪੰਜਾਬ 'ਚ ਨਿੱਤ ਦਿਨ ਵਧ ਰਹੀ ਨਸ਼ਾਖੋਰੀ, ਗੁੰਡਾਗਰਦੀ ਅਤੇ ਲਾ-ਕਾਨੂੰਨੀ ਲਈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧਾ ਜੁੰਮੇਵਾਰ ਕਰਾਰ ਦਿੱਤਾ। ਆਗੂਆਂ ਨੇ ਅੱਗੇ ਕਿਹਾ ਕਿ ਨਸ਼ਾ ਤਸਕਰੀ ਦੇ ਘ੍ਰਿਣਤ ਵਪਾਰ 'ਚ ਸਿਆਸਤਦਾਨਾਂ ਦੀ ਅਪਰਾਧਿਕ ਮਿਲੀਭੁਗਤ ਅਤੇ ਪੁਲਿਸ ਪ੍ਰਸ਼ਾਸਨ ਦੇ ਕਰ ਦਿੱਤੇ ਗਏ ਮੁਕੰਮਲ ਰਾਜਸੀਕਰਨ ਕਰਕੇ ਪੰਜਾਬ 'ਚ ਨਾ ਕੇਵਲ ਜਵਾਨੀ ਤਬਾਹੀ ਅਤੇ ਮੌਤ ਦੇ ਮੂੰਹ ਧੱਕੀ ਜਾ ਰਹੀ ਹੈ ਬਲਕਿ ਅਮਨ ਕਾਨੂੰਨ ਦੀ ਹਾਲਤ ਵੀ ਦਿਨੋ ਦਿਨ ਨਿਘਰਦੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਸ਼ਹਿ ਪ੍ਰਾਪਤ ਹਰ ਕਿਸਮ ਦਾ ਮਾਫੀਆ ਲੋਕਾਂ ਦਾ ਜੀਣਾ ਦੂਭਰ ਕਰ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਲਗਾਤਾਰ ਵਧਦੇ ਜਾ ਰਹੇ ਆਮਦਨ-ਖਰਚ ਦੇ ਪਾੜੇ ਕਾਰਨ ਡੂੰਘੇ ਸੰਕਟ ਵਿੱਚ ਫਸੇ ਖੇਤੀ ਅਰਥਚਾਰੇ ਸਦਕੇ ਹੋ ਰਹੀਆਂ ਕਿਸਾਨਾਂ-ਮਜ਼ਦੂਰਾ ਦੀਆਂ ਖੁਦਕੁਸ਼ੀਆਂ ਦੀਆਂ ਮਨਹੂਸ ਵਾਰਦਾਤਾਂ ਰੋਕਣ ਵਿੱਚ ਸਰਕਾਰ ਸੌ ਫੀਸਦੀ ਫੇਲ੍ਹ ਸਾਬਤ ਹੋਈ ਹੈ। ਖੱਬੇ ਪੱਖੀ ਆਗੂਆਂ ਨੇ ਇਸ ਗੱਲ ਪ੍ਰਤੀ ਡਾਢਾ ਗਿਲਾ ਜ਼ਾਹਿਰ ਕੀਤਾ ਕਿ ਸੂਬੇ ਦਾ ਮੁੱਖ ਮੰਤਰੀ ਅਤੇ ਸਾਰੀ ਸਰਕਾਰ ਇਸ ਭਿਅੰਕਰ ਤਰਾਸਦੀ ਦਾ ਸਾਰਥਿਕ ਹੱਲ ਲੱਭਣ ਦੀ ਬਜਾਏ ਆਪਣੀ ਨਾਕਾਮੀ ਲੁਕਾਉਣ ਲਈ ਉਲਟਾ ਖੁਦਕੁਸ਼ੀਆਂ ਕਰ ਗਏ ਮਜ਼ਦੂਰਾ-ਕਿਸਾਨਾਂ ਨੂੰ ਹੀ ਫਜੂਲ ਖਰਚੀ ਆਦਿ ਦੇ ਬੇਬੁਨਿਆਦ ਇਲਜ਼ਾਮ ਲਾਕੇ ਦੋਸ਼ੀ ਠਹਿਰਾ ਰਹੇ ਹਨ। 
   
A view of the leaders of Four Left Parties sitting on the dais at a massive convention organised jointly by CPI, CPI(M), CPM Punjab & CPI(ML) Liberation at Barnala on 5th July, 2016. The left leaders speaking at the convention condemned the pro corporate policies of the central and state governments. The convention resolved to start a phased programme of agitation against the antiworking class policies of the government in the first week of August, 2016.

ਚਾਰੇ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਹਾਕਮ ਧਿਰ ਦੇ ਆਗੂਆਂ ਨੂੰ ਕੇਵਲ ਆਪਣੇ ਪਰਿਵਾਰਾਂ, ਸਬੰਧੀਆਂ, ਵੱਡੇ-ਵੱਡੇ ਥੈਲੀਸ਼ਾਹਾਂ ਅਤੇ ਜਗੀਰੂਆਂ ਦੇ ਖਜਾਨੇ ਹੀ ਨੱਕੋ-ਨੱਕ ਭਰਨ ਦੀ ਚਿੰਤਾਂ ਹੈ ਅਤੇ ਆਮ ਲੋਕਾਂ ਦੀਆਂ ਮੁੱਖ ਚਿੰਤਾਵਾਂ ਪ੍ਰਤੀ ਬੇਸ਼ਰਮੀ ਭਰੀ ਚੁੱਪ ਧਾਰੀ ਹੋਈ ਹੈ। ਬੇ-ਜ਼ਮੀਨੇ ਪੇਂਡੂ ਪਰਿਵਾਰਾਂ ਨੂੰ ਦਸ-ਦਸ ਮਰਲੇ ਦੇ ਪਲਾਂਟ ਦੇਣ, ਵਾਹੀਯੋਗ ਸਾਂਝੀਆਂ ਜ਼ਮੀਨਾਂ ਦਾ ਤੀਜਾ ਹਿੱਸਾ ਖੇਤੀ ਲਈ ਦੇਣ, ਸ਼ਹਿਰੀ ਮਜ਼ਦੂਰਾਂ ਨੂੰ ਰਹਿਣ ਲਈ ਮਕਾਨ ਬਣਾਕੇ ਦੇਣ ਅਤੇ ਸਭਨਾਂ ਲਈ ਰੋਜ਼ਗਾਰ ਦੇਣ ਤੋਂ ਸਰਕਾਰ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਖਜ਼ਾਨੇ ਦੀ ਬੇਕਿਰਕ ਲੁੱਟ ਮਚਾਕੇ ਸੰਗਤ ਦਰਸ਼ਨਾਂ ਆਦਿ ਦੀ ਡਰਾਮੇ ਬਾਜ਼ੀ ਨਾਲ ਵੋਟਾਂ ਵਟੋਰਨ ਦੇ ਕੋਝੇ ਯਤਨ ਹੀ ਸਰਕਾਰ ਦੀ ਇਕਲੌਤੀ 'ਕਾਰਗੁਜ਼ਾਰੀ' ਹੈ।
    ਕਨਵੈਨਸ਼ਨ ਵਿੱਚ ਮੰਗ ਕੀਤੀ ਗਈ ਕਿ ਸੂਬੇ ਵਿੱਚ ਕੁਦਰਤੀ ਪਾਣੀ ਦੀ ਯੋਗ ਸੰਭਾਲ ਦੇ ਸਥਾਈ ਇੰਤਜ਼ਾਮ ਕੀਤੇ ਜਾਣ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਮੁਫਤ ਮਿਲਣ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ 7 ਅਗਸਤ 2016 ਤੋਂ 9 ਅਗਸਤ 2016 ਤੱਕ ਸਾਰੇ ਜ਼ਿਲ੍ਹਾ ਕੇਂਦਰਾਂ ਤੇ ਦਿਨ ਰਾਤ ਦੇ ਧਰਨੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਉਕਤ ਸੰਘਰਸ਼ ਪ੍ਰੋਗਰਾਮ ਨੂੰ ਤਨੋ ਮਨੋ ਧਨੋ ਸਮਰਥਨ ਦੇਣ ਦੀ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਗਈ ਅਤੇ ਸੱਦਾ ਦਿੱਤਾ ਗਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸਰਮਾਏਦਾਰ ਪੱਖੀ ਰਾਜਸੀ ਪਾਰਟੀਆਂ ਨੂੰ ਹਾਰ ਦੇਕੇ ਬਦਲਵੀਆਂ ਲੋਕ ਪੱਖੀ ਨੀਤੀਆਂ ਦੀਆਂ ਹਾਮੀ ਖੱਬੀਆਂ ਧਿਰਾਂ ਨੂੰ ਜਿਤਾਇਆ ਜਾਵੇ।



    ਉਕਤ ਮੰਤਵ ਦੀ ਪੂਰਤੀ ਲਈ ਚਾਰਾਂ ਪਾਰਟੀਆਂ ਵੱਲੋਂ ਸਾਂਝਾ ਹੰਭਲਾ ਮਾਰਨ ਦਾ ਐਲਾਨ ਕੀਤਾ ਗਿਆ। ਸਟੇਜ ਸੰਚਾਲਨ ਸਾਥੀ ਮਲਕੀਤ ਸਿੰਘ ਵਜੀਦਕੇ ਵੱਲੋਂ ਕੀਤਾ ਗਿਆ।
ਜਾਰੀ ਕਰਤਾ
ਮਹੀਪਾਲ

ਫੋਨ ਨੰਬਰ 99153-12806

More Photos









  

Monday, 4 July 2016

ਚਾਰ ਖੱਬੀਆਂ ਪਾਰਟੀਆਂ ਦੀ ਜਲੰਧਰ ’ਚ ਪ੍ਰਭਾਵਸ਼ਾਲੀ ਕਨਵੈਨਸ਼ਨ

ਕਾਰਪੋਰੇਟ ਪੱਖੀ ਨੀਤੀਆਂ ’ਤੇ ਮਾਫੀਆ ਰਾਜ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ
 
ਡੀ.ਸੀ. ਦਫਤਰਾਂ ਅੱਗੇ ਮਾਰੇ ਜਾਣਗੇ ਲਗਾਤਾਰ ਧਰਨੇ ਤੇ ਮੁਜ਼ਾਹਰੇ  
ਜਲੰਧਰ, 4 ਜੁਲਾਈ - ਪ੍ਰਾਂਤ ਦੀਆਂ ਚਾਰ ਖੱਬੀਆਂ ਪਾਰਟੀਆਂ-ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ.ਪੰਜਾਬ ਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸਾਂਝੇ ਸੱਦੇ ’ਤੇ ਅੱਜ ਏਥੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਜਿਸ ਵਿਚ ਮਾਝਾ ਅਤੇ ਦੋਆਬਾ ਖੇਤਰ ਤੋਂ ਪਾਰਟੀਆਂ ਦੇ 2000 ਦੇ ਕਰੀਬ ਸਰਗਰਮ ਵਰਕਰਾਂ ਨੇ ਸ਼ਮੂਲੀਅਤ ਕੀਤੀ। 

ਸਰਵਸਾਥੀ ਕਰਤਾਰ ਸਿੰਘ ਬੁਆਣੀ, ਰਣਵੀਰ ਸਿੰਘ ਵਿਰਕ, ਕੁਲਵੰਤ ਸਿੰਘ ਸੰਧੂ ਅਤੇ ਗੁਲਜ਼ਾਰ ਸਿੰਘ ਭੁੰਬਲੀ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਨੂੰ ਚੌਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਸਰਵਸਾਥੀ ਬੰਤ ਬਰਾੜ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰਾ, ਭੁਪਿੰਦਰ ਸਾਂਬਰ, ਵਿਜੇ ਮਿਸ਼ਰਾ, ਰਘੁਨਾਥ ਸਿੰਘ, ਹਰਕੰਵਲ ਸਿੰਘ ਅਤੇ ਸੁਖਦਰਸ਼ਨ ਨੱਤ ਨੇ ਸੰਬੋਧਨ ਕੀਤਾ।


 ਬੁਲਾਰਿਆਂ ਨੇ ਦੇਸ਼ ਅੰਦਰ ਨਿਰੰਤਰ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਲਈ ਜੁੰਮੇਵਾਰ ਕੇਂਦਰ ਤੇ ਰਾਜ ਸਰਕਾਰ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਦੀ ਜਮਕੇ ਆਲੋਚਨਾ ਕੀਤੀ ਅਤੇ ਪੰਜਾਬ ਅੰਦਰ ਵਧੀ ਹੋਈ ਨਸ਼ਾਖੋਰੀ ਤੇ ਗੁੰਡਾਗਰਦੀ ਲਈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਪਾਰ ਵਿਚ ਸਿਆਸਤਦਾਨਾਂ ਦੀ ਮੁਜ਼ਰਮਾਨਾ ਮਿਲੀਭੁਗਤ ਅਤੇ ਪੁਲਸ ਦੇ ਮੁਕੰਮਲ ਰੂਪ ਵਿਚ ਕੀਤੇ ਗਏ ਸਿਆਸੀਕਰਨ ਸਦਕਾ ਪੰਜਾਬ ਦੀ ਜਵਾਨੀ ਵੀ ਤਬਾਹ ਹੋ ਰਹੀ ਹੈ ਅਤੇ ਅਮਨ ਕਾਨੂੰਨ ਵੀ। ਉਨ੍ਹਾਂ ਇਹ ਵੀ ਕਿਹਾ ਕਿ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਖੇਤੀ ਸੰਕਟ ਕਾਰਨ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਅਤੇ ਕੰਗਾਲ ਹੋ ਰਹੇ ਮਜ਼ਦੂਰਾਂ ਦੀਆਂ ਵੱਧ ਰਹੀਆਂ ਖੁਦਕੁਸ਼ੀਆ ਨੂੰ ਰੋਕਣ ਵਿਚ ਰਾਜ ਸਰਕਾਰ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਇਸ ਸਰਕਾਰ ਦੇ ਆਗੂਆਂ ਨੂੰ ਸਿਰਫ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਵੱਡੇ-ਵੱਡੇ ਪੂੰਜੀਵਾਦੀਆਂ ਤੇ ਭੂਮੀਪਤੀਆਂ ਦੀਆਂ ਤਿਜੌਰੀਆਂ ਦੀ ਹੀ ਚਿੰਤਾ ਹੈ, ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਉਕਾ ਹੀ ਕੋਈ ਸਰੋਕਾਰ ਨਹੀਂ ਹੈ। ਇਸੇ ਲਈ ਪੇਂਡੂ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੇ ਵਾਹੀਯੋਗ ਸ਼ਾਮਲਾਤ ਜ਼ਮੀਨ ਦਾ ਤੀਜਾ ਹਿੱਸਾ ਦੇਣ ਅਤੇ ਬੇਘਰੇ ਸ਼ਹਿਰੀ ਮਜਦੂਰਾਂ ਲਈ ਢੂਕਵੀਆਂ ਰਿਹਾਇਸ਼ੀ ਬਸਤੀਆਂ ਬਨਾਉਣ ਪ੍ਰਤੀ ਸਰਕਾਰ ਘੋਗਲਕੰਨੀ ਹੋਈ ਬੈਠੀ ਹੈ। ਜਦੋਂਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਕੇ ਵੋਟਾਂ ਬਟੋਰਨ ਲਈ ਸੰਗਤ ਦਰਸ਼ਨ ਆਦਿ ਦੀ ਡਰਾਮੇਬਾਜ਼ੀ ਰਾਹੀਂ ਸਰਕਾਰੀ ਖਜ਼ਾਨੇ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।
ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਾਂਤ ਅੰਦਰ ਕੁਦਰਤੀ ਪਾਣੀ ਦੀ ਸੰਭਾਲ ਲਈ ਕਾਰਗਰ ਪ੍ਰਬੰਧ ਕੀਤੇ ਜਾਣ ਅਤੇ ਪ੍ਰਾਂਤ ਵਾਸੀਆਂ ਲਈ ਸਰਕਾਰ ਵਲੋਂ ਸਸਤੀ ਤੇ ਮਿਆਰੀ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਵਿਆਪਕ ਪ੍ਰਬੰਧ ਕੀਤੇ ਜਾਣ। ਕਨਵੈਨਸ਼ਨ ਵਲੋਂ ਐਲਾਨ ਕੀਤਾ ਗਿਆ ਕਿ ਲੋਕਾਂ ਦੇ ਇਨ੍ਹਾਂ ਸਾਰੇ ਭੱਖਵੇਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਚੌਹਾਂ ਪਾਰਟੀਆਂ ਵਲੋਂ ਮਿਲਕੇ ਚਲਾਏ ਜਾ ਰਹੇ ਜਨਤਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ 7 ਤੋਂ 9 ਅਗਸਤ ਤੱਕ ਡੀ.ਸੀ. ਦਫਤਰਾਂ ਸਾਹਮਣੇ ਦਿਨ-ਰਾਤ ਦੇ ਲਗਾਤਾਰ ਧਰਨੇ ਮਾਰੇ ਜਾਣਗੇ ਅਤੇ ਵਿਸ਼ਾਲ ਮੁਜ਼ਾਹਰੇ ਕੀਤੇ ਜਾਣਗੇ।
ਕਨਵੈਨਸ਼ਨ ਨੇ ਪੰਜਾਬਵਾਸੀਆਂ ਨੂੰ ਇਹ ਜ਼ੋਰਦਾਰ ਸੱਦਾ ਦਿੱਤਾ ਹੈ ਕਿ ਲੋਕਾਂ ਦੀਆਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਮਾਏਦਾਰ ਪੱਖੀ ਨੀਤੀਆਂ ਦੀਆਂ ਸਮਰਥਕ ਸਾਰੀਆਂ ਹੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾਵੇ ਅਤੇ ਪੰਜਾਬ ਅੰਦਰ ਖੱਬੀਆਂ ਸ਼ਕਤੀਆਂ ’ਤੇ ਅਧਾਰਤ ਲੋਕ-ਪੱਖੀ ਰਾਜਨੀਤਕ ਸੱਤਾ ਸਥਾਪਤ ਕਰਨ ਲਈ ਇਕ ਜ਼ੋਰਦਾਰ ਹੰਭਲਾ ਮਾਰਿਆ ਜਾਵੇ। ਇਸ ਮੰਤਵ ਲਈ ਚੌਹਾਂ ਪਾਰਟੀਆਂ ਵਲੋਂ ਮਿਲਕੇ ਉਪਰਾਲੇ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਸ ਕਨਵੈਨਸ਼ਨ ਦੀ ਸਟੇਜ ਦੀ ਕਾਰਵਾਈ ਸਾਥੀ ਵਿਜੇ ਮਿਸ਼ਰਾ ਵਲੋਂ ਚਲਾਈ ਗਈ। 
 

ਜਾਰੀ ਕਰਤਾ
(ਮੰਗਤ ਰਾਮ ਪਾਸਲਾ)
98141-82998

Saturday, 2 July 2016

ਬੱਸ ਕਿਰਾਏ 'ਚ ਕੀਤੇ ਵਾਧੇ ਦੀ ਨਿਖੇਧੀ

ਪੰਜਾਬ ਸਰਕਾਰ ਨੇ ਚੁੱਪ-ਚਪੀਤੇ ਹੀ ਪਹਿਲੀ ਜੁਲਾਈ ਤੋਂ ਬੱਸਾਂ ਦੇ ਕਿਰਾਏ 'ਚ ਕੀਤੇ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਹੈ। ਇਸ ਦੀ ਨਿਖੇਧੀ ਕਰਦਿਆ ਸੀਪੀਐਮ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਪਹਿਲੀ ਅਪ੍ਰੈਲ ਤੋਂ ਪੰਜ ਤੋਂ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਸੀ। ਪਾਰਟੀ ਮੁਤਾਬਿਕ ਅੰਤਰਰਾਸ਼ਟਰੀ ਮਾਰਕੀਟ 'ਚ ਤੇਲ ਦੇ ਭਾਅ ਘੱਟ ਹੋਣ ਕਾਰਨ ਪਹਿਲਾ ਹੀ ਤੇਲ ਤੋਂ ਮੋਟੀ ਕਮਾਈ ਕੀਤੀ ਜਾ ਰਹੀ ਹੈ, ਇਸ ਦੇ ਬਾਵਜੂਦ ਲੋਕਾਂ 'ਤੇ ਇਹ ਨਵਾਂ ਬੋਝ ਪਾਇਆ ਗਿਆ ਹੈ। ਅਜਿਹਾ ਕਰਕੇ ਸਰਕਾਰੀ ਬੱਸਾਂ ਸਮੇਤ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੂੰ ਕਾਫੀ ਫਾਇਦਾ ਪਹੁੰਚਾਇਆ ਗਿਆ ਹੈ। ਪਾਰਟੀ ਨੇ ਕਿਹਾ ਕਿ ਇੱਕ ਪਾਸੇ ਬਾਦਲ ਸਰਕਾਰ ਲੋਕਾਂ ਨੂੰ ਰਿਆਇਤਾ ਦੇਣ ਦੇ ਦਾਅਵੇ ਕਰਦੀ ਹੈ ਅਤੇ ਦੂਜੇ ਪਾਸੇ ਲੋਕਾਂ ਦੀਆਂ ਜੇਬਾਂ ਕੱਟੀਆ ਜਾ ਰਹੀਆ ਹਨ।