Tuesday, 23 August 2016

ਵਿਧਾਨ ਸਭਾ ਚੋਣਾਂ: ਖੱਬੀਆਂ ਧਿਰਾਂ ਲਈ ਸੋਚਣ ਦਾ ਵੇਲਾ

Punjabi Tribune ਪੰਜਾਬੀ ਟ੍ਰਿਬਿਊਨ, 22.08.2016




ਮੰਗਤ ਰਾਮ ਪਾਸਲਾ
ਕਿਸੇ ਸਮੇਂ ਪੰਜਾਬ ਅੰਦਰ ਕਮਿਊਨਿਸਟ ਲਹਿਰ ਕਾਫ਼ੀ ਮਜ਼ਬੂਤ ਰਹੀ ਹੈ। ਆਜ਼ਾਦੀ ਘੋਲ ਦੌਰਾਨ ਕਮਿਊਨਿਸਟਾਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਲੜਦਿਆਂ ਕੁਰਬਾਨੀਆਂ ਕੀਤੀਆਂ ਅਤੇ ਸਭ ਤੋਂ ਜ਼ਿਆਦਾ ‘ਸਾਜ਼ਿਸ਼ੀ ਕੇਸ’ ਵੀ ਕਮਿਊਨਿਸਟਾਂ ਦੇ ਖ਼ਿਲਾਫ਼ ਹੀ ਮੜ੍ਹੇ ਗਏ। ਗ਼ਦਰ ਪਾਰਟੀ, ਕਿਰਤੀ ਕਿਸਾਨ ਪਾਰਟੀ, ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੀ ਅਗਵਾਈ ਹੇਠ ਸੰਗਠਿਤ ਹੋਈ ਨੌਜਵਾਨ ਭਾਰਤ ਸਭਾ ਦੇ ਬਹੁਤ ਸਾਰੇ ਆਗੂ ਲੰਬੀਆਂ ਸਜ਼ਾਵਾਂ ਤੇ ਹੋਰ  ਹਰ ਤਰ੍ਹਾਂ ਦੇ ਤਸੀਹੇ ਝੱਲਣ ਤੋਂ ਬਾਅਦ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਕੇ ਉਮਰ ਭਰ ਸੰਘਰਸ਼ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਵੀ ਮੁਲਕ ਵਿੱਚ ਜਗੀਰਦਾਰੀ ਦੇ ਵਿਰੁੱਧ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੁਆਉਣ ਵਾਸਤੇ ਤੇ ਕਿਸਾਨੀ ਦੇ ਦੂਜੇ ਮੁੱਦਿਆਂ ਬਾਰੇ ਸੰਘਰਸ਼ਾਂ ਦੀ ਲੰਬੀ ਗਾਥਾ ਵੀ ਕਮਿਊਨਿਸਟ ਪਾਰਟੀਆਂ ਦੇ ਹਿੱਸੇ ਆਉਂਦੀ ਹੈ। ਕਿਸਾਨਾਂ ਤੋਂ ਬਿਨਾਂ ਦੂਜੀਆਂ ਮਿਹਨਤਕਸ਼ ਜਮਾਤਾਂ ਜਿਵੇਂ ਦਲਿਤਾਂ, ਖੇਤ ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਆਦਿ ਦੇ ਹੱਕਾਂ ਬਾਰੇ ਸੰਘਰਸ਼ ਤਾਂ ਕੀਤੇ ਗਏ, ਪਰ ਕਮਿਊਨਿਸਟ ਪਾਰਟੀ ਦਾ ਮੁੱਖ ਆਧਾਰ ਕਿਸਾਨੀ ਵਿੱਚ ਰਿਹਾ। ਜਦੋਂ ਮੁਜ਼ਾਰਿਆਂ ਨੂੰ ਜ਼ਮੀਨੀ ਹੱਕ ਮਿਲ ਗਏ ਤਦ ਮਾਲਕੀ ਵਾਲੀ ਇਹ ਕਿਸਾਨੀ ਤੇ ਦੂਜੇ ਕਿਸਾਨਾਂ ਦੇ ਦਰਮਿਆਨੇ ਤੇ ਉੱਪਰਲੇ ਭਾਗ ਆਪਣੀਆਂ ਰਾਜਨੀਤਕ ਤੇ ਆਰਥਿਕ ਖ਼ਾਹਿਸ਼ਾਂ ਪੂਰੀਆਂ ਕਰਨ ਵਾਸਤੇ ਦੂਜੀਆਂ ਰਾਜਸੀ ਪਾਰਟੀਆਂ ਸੰਗ ਜੁੜ ਗਏ। ਕਿਸਾਨੀ ਤੇ ਦੂਜੇ ਮਿਹਨਤਕਸ਼ਾਂ ਦੇ ਇਨ੍ਹਾਂ ਹਿੱਸਿਆਂ ਨੂੰ ਜਮਾਤੀ ਚੇਤਨਾ ਦੀ ਵੀ ਲੋੜੀਂਦੀ ਸਿੱਖਿਆ ਨਹੀਂ ਦਿੱਤੀ ਗਈ ਤੇ ਦੂਜੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਕਮਿਊਨਿਸਟਾਂ ਦੀਆਂ ਚੋਣ ਸਾਂਝਾਂ ਨੇ ਵੀ ਕਮਿਊਨਿਸਟਾਂ ਦੇ ਆਜ਼ਾਦਾਨਾ ਜਨ-ਆਧਾਰ ਨੂੰ ਖੋਰਾ ਲਾਇਆ। ਸੋਵੀਅਤ ਯੂਨੀਅਨ ਤੇ ਦੂਜੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚਾ ਖਿੰਡਣ ਤੋਂ ਬਾਅਦ ਅਤੇ ਸਾਮਰਾਜ ਦੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ ਕਮਿਊਨਿਸਟਾਂ ਨਾਲ ਜੁੜੇ ਦਰਮਿਆਨੇ ਤਬਕਿਆਂ ਤੇ ਬੁੱਧੀਜੀਵੀਆਂ ਉੱਪਰ ਵੀ ਨਾਂਹ-ਪੱਖੀ ਅਸਰ ਹੋਇਆ। ਕਮਿਊਨਿਸਟ ਲਹਿਰ ਵਿਚਲੀ ਆਪਸੀ ਫੁੱਟ ਨੇ ਵੀ ਕਮਿਊਨਿਸਟ ਲਹਿਰ ਸੰਗ ਜੁੜੇ ਲੋਕਾਂ ਤੇ ਹਮਦਰਦ ਹਲਕਿਆਂ ਅੰਦਰ ਕਾਫ਼ੀ ਨਿਰਾਸ਼ਤਾ ਪੈਦਾ ਕੀਤੀ ਤੇ ਇਸ ਲਹਿਰ ਨਾਲ ਜੁੜਨ ਤੋਂ ਨਵੇਂ ਨੌਜਵਾਨ ਤੇ ਬੁੱਧੀਜੀਵੀ ਕੰਨੀ ਕਤਰਾਉਣ ਲੱਗੇ। ਭਾਵੇਂ ਕਮਿਊਨਿਸਟ ਲਹਿਰ ਅੰਦਰ ਫੁੱਟ ਦੇ ਮੁੱਖ ਕਾਰਨ ਸਿਧਾਂਤਕ ਤੇ ਰਾਜਨੀਤਕ ਵੱਖਰੇਵੇਂ ਸਨ, ਪਰ ਜਨ ਸਾਧਾਰਨ ਤਕ ਇਨ੍ਹਾਂ ਮਤਭੇਦਾਂ ਦੀ ਅਸਲ  ਸਚਾਈ ਨਹੀਂ ਪੁੱਜੀ ਤੇ ਉਹ ਸਾਰੇ ਕਮਿਊਨਿਸਟ ਧੜਿਆਂ ਨੂੰ ਆਮ ਤੌਰ ’ਤੇ ਗੁਣ ਦੋਸ਼ਾਂ ਦੇ ਆਧਾਰ ਤੋਂ ਬਿਨਾਂ ‘ਕਮਿਊਨਿਸਟ’ ਤੌਰ ’ਤੇ ਹੀ ਜਾਣਦੇ ਹਨ। ਫ਼ਿਰਕੂ ਸ਼ਕਤੀਆਂ ਦੇ ਪਸਾਰੇ ਤੇ ਹੋਰ ਵੱਖਵਾਦੀ, ਜਾਤੀਪਾਤੀ, ਵੱਖਰੀ ਪਛਾਣ ਬਣਾਉਣ ਲਈ ਉੱਠੀਆਂ ਲਹਿਰਾਂ ਨੇ ਸਭ ਤੋਂ ਵੱਧ ਨੁਕਸਾਨ ਕਮਿਊਨਿਸਟ ਲਹਿਰ ਦਾ ਹੀ ਕੀਤਾ ਹੈ।
ਇਨ੍ਹਾਂ ਸਾਰੀਆਂ ਔਕੜਾਂ ਤੇ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਅੰਦਰਲੀ ਕਮਿਊਨਿਸਟ ਲਹਿਰ ਨੇ ਲੋਕਾਂ ਦੇ ਮਨਾਂ ਅੰਦਰ ਸੁਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ। ਇਸੇ ਕਰਕੇ ਜਦੋਂ ਵੀ ਕਿਸੇ ਕਮਿਊਨਿਸਟ ਪਾਰਟੀ ਜਾਂ ਖੱਬੇ-ਪੱਖੀ ਜਨਤਕ ਜਥੇਬੰਦੀਆਂ ਨੇ ਗੰਭੀਰਤਾ ਨਾਲ ਹਾਕਮ ਜਮਾਤਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੋਈ ਸੰਘਰਸ਼ ਵਿੱਢਿਆ ਹੈ, ਕਿਰਤੀ ਲੋਕਾਂ ਦਾ ਇਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਹੈ। ਅੱਜ ਵੀ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਸਮੇਤ ਹੋਰ ਖੱਬੀਆਂ ਸ਼ਕਤੀਆਂ ਅਤੇ ਵੱਖ ਵੱਖ ਵਰਗਾਂ ਦੇ ਜਨ-ਸੰਗਠਨ ਇਕਮੁੱਠ ਹੋ ਕੇ ਜਦੋਂ ਕੋਈ ਜਨਤਕ ਸੰਘਰਸ਼ ਕਰਦੇ ਹਨ, ਤਾਂ ਆਮ ਲੋਕਾਂ ਦੀ ਇਨ੍ਹਾਂ ਘੋਲਾਂ ਵਿੱਚ ਸ਼ਮੂਲੀਅਤ ਉਤਸ਼ਾਹਜਨਕ ਹੁੰਦੀ ਹੈ। ਲੋਕ ਆਪ ਮੁਹਾਰੇ ਹੀ ਕਹਿ ਉੱਠਦੇ ਹਨ ਕਿ ਜੇ ਅੱਜ ਵੀ ਸਾਰੇ ਲਾਲ ਝੰਡੇ ਵਾਲੇ ਇਕੱਠੇ ਹੋ ਜਾਣ ਤਦ ਇਹ ਰਾਜ ਕਰਦੀਆਂ ਲੋਕ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਤਕੜੀ ਹਾਰ ਦੇ ਸਕਦੇ ਹਨ, ਇਹ ਇੱਕ ਚੰਗੀ ਪਰ ਗ਼ੈਰ-ਯਥਾਰਥਵਾਦੀ ਖ਼ਾਹਿਸ਼ ਜਾਪਦੀ ਹੈ।
ਵੱਖ ਵੱਖ ਸੰਘਰਸ਼ਾਂ ਦੇ ਰੂਪਾਂ ਵਿੱਚੋਂ ਮੌਜੂਦਾ ਜਮਹੂਰੀ ਪ੍ਰਣਾਲੀ ਵਿੱਚ ਚੋਣ ਘੋਲ ਵੀ ਇੱਕ ਮਹੱਤਵਪੂਰਨ ਘੋਲ ਹੈ। ਜਿਹੜੀਆਂ ਵੀ ਕਮਿਊਨਿਸਟ ਪਾਰਟੀਆਂ ਜਾਂ ਖੱਬੇ-ਪੱਖੀ ਧੜੇ ਕਿਰਤੀ ਲੋਕਾਂ ਦੇ ਬਹੁਤ ਸਾਰੇ ਸਵਾਲਾਂ ਬਾਰੇ ਸਾਂਝੀਆਂ ਲੜਾਈਆਂ ਲੜਦੇ ਹਨ, ਕਈ ਵਾਰ ਉਹ ਵੀ ਚੋਣਾਂ ਵਿੱਚ ਸਾਂਝੀ ਰਣਨੀਤੀ ਬਣਾ ਕੇ ਸਾਂਝਾ ਮੋਰਚਾ ਨਹੀਂ ਬਣਾਉਂਦੇ। ਇਸ ਵਿੱਚ ਵੱਖ ਵੱਖ ਰਾਜਨੀਤਕ ਦਲਾਂ ਦੇ ਪਾਰਟੀ ਪ੍ਰੋਗਰਾਮਾਂ ਅਤੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਦੇ ਢੰਗਾਂ ਨਾਲੋਂ ਚੋਣਾਂ ਦੌਰਾਨ ਸਾਂਝਾ ਦੁਸ਼ਮਣ ਮਿਥਣ ਤੇ ਉਸ ਵਿਰੁੱਧ ਬੱਝਵੀਂ ਤੇ ਸਪਸ਼ਟ ਲੜਾਈ ਦੇਣ ਬਾਰੇ ਮਤਭੇਦ ਮੁੱਖ ਰੁਕਾਵਟ ਹਨ। ਕੋਈ ਧਿਰ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ ‘ਆਪ’ ਦੇ ਵਿਰੋਧ ਵਿੱਚ ਸਾਰੀਆਂ ਖੱਬੀਆਂ ਧਿਰਾਂ ਦੀ ਏਕਤਾ ਅਤੇ ਚੋਣਾਂ ’ਚ ਘੱਟੋ-ਘੱਟ ਸਾਂਝੇ ਪ੍ਰੋਗਰਾਮ ਬਣਾ ਕੇ ਚੋਣ ਘੋਲ ਵਿੱਚ ਕੁੱਦਣ ਦੀ ਵਕਾਲਤ ਕਰਦੇ ਹਨ ਤੇ ਕਈ ਦੂਜੀਆਂ ਧਿਰਾਂ ਚੋਣਾਂ ’ਚ ਉਪਰੋਕਤ ਰਾਜਨੀਤਕ ਧਿਰਾਂ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਨੂੰ ਦੁਸ਼ਮਣ ਕਰਾਰ ਦੇ ਕੇ ਤੀਜੇ ਰਾਜਨੀਤਕ ਦਲ ਨਾਲ ਸਾਂਝ ਪਾਉਣ ਨੂੰ ਤਰਜੀਹ ਦਿੰਦੇ ਹਨ। ਇਸ ਮਤਭੇਦ ਨੂੰ ਖ਼ਤਮ ਕਰਨ ਲਈ ਸਰਮਾਏਦਾਰ/ ਜਗੀਰਦਾਰ ਰਾਜਨੀਤਕ ਪਾਰਟੀਆਂ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦੇ ਪਿਛਲੇ ਕਿਰਦਾਰ, ਅਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਤੇ ਕਮਿਊਨਿਸਟ ਲਹਿਰ ਦੇ ਇਨ੍ਹਾਂ ਪ੍ਰਤੀ ਅਪਣਾਏ ਵਤੀਰੇ ਦੇ ਨਤੀਜੇ ਵਜੋਂ ਕਮਿਊਨਿਸਟਾਂ ਦੇ ਜਨ-ਆਧਾਰ ਵਿੱਚ ਹੋਏ ਵਾਧੇ ਜਾਂ ਨੁਕਸਾਨ ਵਰਗੇ ਨਿਕਲੇ ਸਿੱਟਿਆਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਤੇ ਭਵਿੱਖੀ ਦਰੁਸਤ ਦਾਅਪੇਚ ਘੜੇ ਜਾ ਸਕਦੇ ਹਨ। ਮਾਓਵਾਦੀ ਮੌਜੂਦਾ ਹਾਲਤਾਂ ’ਚ ਜਮਹੂਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਨੂੰ ਹੀ ਨਕਾਰਦੇ ਹਨ। ਉਹ ਸਿਰਫ਼ ਜਨਤਕ ਸਰਗਰਮੀਆਂ ਦੇ ਨਾਲ ਨਾਲ ‘ਹਥਿਆਰਬੰਦ’ ਘੋਲ ਨੂੰ ਹੀ ਇੱਕ ਮਾਤਰ ‘ਇਨਕਲਾਬੀ ਘੋਲ’ ਸਮਝਦੇ ਹਨ। ਇਸ ਲਈ ਉਨ੍ਹਾਂ ਨਾਲ ਚੋਣ ਪ੍ਰਕਿਰਿਆ ਜਾਂ ਮੌਜੂਦਾ ਜਮਹੂਰੀ ਢਾਂਚੇ ਵਿੱਚ ਕਿਸੇ ਕਿਸਮ ਦੀ ਸਾਂਝ ਪਾਉਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।
ਕੁਝ ਕਮਿਊਨਿਸਟ ਧੜੇ ਰਾਜਨੀਤਕ ਤੌਰ ’ਤੇ ਗੁਪਤਵਾਸ ਰਹਿ ਕੇ ਗੁਪਤ ਰਾਜਨੀਤਕ ਸਰਗਰਮੀਆਂ ਕਰਦੇ ਹਨ ਪਰ ਮਜ਼ਦੂਰਾਂ, ਕਿਸਾਨਾਂ, ਨੌਜਵਾਨ ਵਰਗਾਂ ਵਿੱਚ ਖੁੱਲ੍ਹੀਆਂ ਜਥੇਬੰਦੀਆਂ ਬਣਾ ਕੇ  ਜਨਤਕ ਸਰਗਰਮੀਆਂ ਵੀ ਕਰਦੇ ਹਨ। ਇਸ ਤਰ੍ਹਾਂ ਦੀ ਕੰਮ ਵਿਧੀ ਨਾਲ ਇਨ੍ਹਾਂ ਜਨਤਕ ਜਥੇਬੰਦੀਆਂ ਦਾ ਲੋਕਾਂ ਵਿੱਚ ਚੋਖਾ ਜਨ-ਆਧਾਰ ਵੀ ਉਸਰਿਆ ਹੈ। ਇਨ੍ਹਾਂ ਗੁਪਤਵਾਸ ਕਮਿਊਨਿਸਟ ਧੜਿਆਂ ਵੱਲੋਂ ਖੁੱਲ੍ਹੀਆਂ ਜਨਤਕ ਸਰਗਰਮੀਆਂ ਵਿੱਚ ਲੱਗੇ ਮਿਹਨਤਕਸ਼ ਲੋਕਾਂ ਨੂੰ ਚੋਣਾਂ ਦੌਰਾਨ ਜਮਾਤੀ ਕਤਾਰਬੰਦੀ ਤੇ ਵਿਗਿਅਨਕ ਜਮਾਤੀ ਚੇਤਨਾ ਨੂੰ ਤਿਆਗ ਕੇ ਕਿਸੇ ਵੀ ਲੋਟੂ ਰਾਜਸੀ ਦਲ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣਾ, ਸਿਆਸੀ ਖ਼ੁਦਕੁਸ਼ੀ ਕਰਨ ਵਾਲਾ ਕਦਮ ਹੈ। ਇਨ੍ਹਾਂ ਵੱਲੋਂ ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਜਾਂ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦੇ ਦੇਣ ਜਾਂ ਹੁਣ ‘ਨੋਟਾ’ ਦਾ ਬਟਨ ਦਬਾਉਣ ਦਾ ਸੱਦਾ ਤਾਂ ਦਰੁਸਤ ਕਿਹਾ ਜਾ ਸਕਦਾ ਹੈ ਪਰ ਸ਼ਾਇਦ ਉਹ ਅਜਿਹਾ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੇ ਜਨਤਕ ਜਥੇਬੰਦੀਆਂ ਦੇ ਨਜ਼ਰੀਏ ਤੋਂ ਦਿਸ ਦੇ ਜਨ-ਆਧਾਰ ਤੋਂ ਵੋਟ ਬਾਈਕਾਟ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਨਾਲ ਉਨ੍ਹਾਂ ਦਾ ਰਾਜਨੀਤਕ ਕੱਦ ਨੀਵਾਂ ਹੋ ਜਾਵੇਗਾ। ਇਹ ਬਹੁਤ ਹੀ ਨਿਕ ਬੁਰਜ਼ੂਆ ਸੋਚ ਹੈ ਤੇ ਆਪਣੀ ਕਮਜ਼ੋਰੀ ਨੂੰ ਗ਼ਲਤ ਢੰਗ ਨਾਲ ਛੁਪਾਉਣ ਦਾ ਯਤਨ ਹੈ। ਇਹ ਇੱਕ ਤਲਖ਼ ਹਕੀਕਤ ਹੈ ਕਿ ਅਜਿਹੀਆਂ ਜਨਤਕ ਜਥੇਬੰਦੀਆਂ ਦਾ ਵੱਡਾ ਜਨ-ਆਧਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਜਾਂ ਕਿਸੇ ਹੋਰ ਲੋਕ ਵਿਰੋਧੀ ਪਾਰਟੀ ਦੇ ਹੱਕ ਵਿੱਚ ਭੁਗਤ ਜਾਂਦਾ ਹੈ।
ਇਨ੍ਹਾਂ ਗੁਪਤਵਾਸ ਖੱਬੇ-ਪੱਖੀ ਜਥੇਬੰਦੀਆਂ ਨੂੰ ਆਪਣੇ ਪ੍ਰਭਾਵ ਹੇਠਲੀਆਂ ਜਨਤਕ ਜਥੇਬੰਦੀਆਂ ਦੇ ਜਨ-ਆਧਾਰ ਨੂੰ ਚੋਣਾਂ ’ਚ ਕਿਸੇ ਖੱਬੀ ਧਿਰ ਦੇ ਹੱਕ ਵਿੱਚ ਭੁਗਤਣ ਦਾ ਪੈਂਤੜਾ ਲੈਣ ਚਾਹੀਦਾ ਹੈ ਜਿਸ ਨਾਲ ਘੱਟੋ-ਘੱਟ ਹੁਕਮਰਾਨ ਲੋਟੂ ਟੋਲੇ ਨੂੰ ਤਾਂ ਸੱਟ ਮਾਰਨ ਦੇ ਨਾਲ ਨਾਲ ਖੱਬੀਆਂ ਧਿਰਾਂ ਦੇ ਜਨ-ਆਧਾਰ ਨੂੰ ਇਕਮੁੱਠ ਤੇ ਕਾਇਮ ਰੱਖਿਆ ਜਾ ਸਕਦਾ ਹੈ। ਇਸ ਨਾਲ ਹਾਕਮ ਧਿਰਾਂ ਦੇ ਵਿਰੋਧ ਵਿੱਚ ਖੜ੍ਹੀਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਦੀ ਸਪਸ਼ਟ ਕਤਾਰਬੰਦੀ ਵੀ ਹੋਵੇਗੀ।
ਇਹ ਰਾਇ ਕਿਸੇ ਰਾਜਸੀ ਧਿਰ ਦੀ ਨਿੰਦਿਆ ਕਰਨ ਜਾਂ ਨੀਵਾਂ ਦਿਖਾਉਣ ਦੇ ਮਨਸ਼ੇ ਨਾਲ ਨਹੀਂ, ਸਗੋਂ ਇੱਕ ਮਿੱਤਰ ਰਾਜਨੀਤਕ ਧਿਰ ਵਜੋਂ ਨਿਮਰਤਾ ਸਹਿਤ ਦਿੱਤੀ ਜਾ ਰਹੀ ਹੈ। ਜੇ ਇਸ ਤੋਂ ਕੋਈ ਹੋਰ ਚੰਗਾ ਰਾਜਨੀਤਕ ਰਾਹ ਹੋਵੇ ਤਾਂ ਉਸ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ‘ਜਮਾਤੀ ਚੇਤਨਾ’ ਰਾਜਨੀਤਕ ਸਰਗਰਮੀਆਂ ਵਿੱਚ ਹਿੱਸਾ ਲਏ ਬਿਨਾਂ ਆਪਣੇ-ਆਪ ਹੀ ਇੱਕ ‘ਇਨਕਲਾਬੀ ਸੰਗਠਨ’ ਵਿੱਚ ਤਬਦੀਲ ਨਹੀਂ ਹੋ ਸਕਦੀ ਤੇ ਨਾ ਹੀ ਘੋਲਾਂ ਵਿੱਚ ਕੁੱਦੇ ਮਜ਼ਦੂਰ-ਕਿਸਾਨ ਤੇ ਹੋਰ ਮਿਹਨਤੀ ਵਰਗ ਲੋਟੂ ਜਮਾਤਾਂ ਦੀ ਸੁਰਤ ਟਿਕਾਣੇ ਲਿਆ ਸਕਦੇ ਹਨ। ਮੁੜ-ਮੁੜ ਉਨ੍ਹਾਂ ਹੀ ਫੇਲ੍ਹ ਹੋ ਚੁੱਕੇ ਤਜਰਬਿਆਂ ਵਿੱਚ ਪਾਈ ਰੱਖਣਾ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਅੱਗੇ ਨਹੀਂ ਵਧਾ ਸਕਦਾ। ਸੱਤਾਧਾਰੀਆਂ ਦੀਆਂ ਵੱਖ ਵੱਖ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ  ‘ਆਪ’ ਵਿਰੁੱਧ ਸਾਰੀਆਂ ਕਮਿਊਨਿਸਟ ਤੇ ਖੱਬੀਆਂ ਧਿਰਾਂ ਵੱਲੋਂ ਇੱਕ ਮੰਚ ਉੱਪਰ ਆ ਕੇ ਚੋਣ ਦੰਗਲ ਵਿੱਚ ਕੁੱਦਣਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਵਿਚਾਰਾਂ ਦੀ ਭਿੰਨਤਾ ਰੱਖਦੇ ਹੋਏ ਸਾਂਝੇ ਮੁੱਦੇ ਟਟੋਲੇ ਜਾ ਸਕਦੇ ਹਨ, ਜੋ ਇਸ ਏਕੇ ਦਾ ਆਧਾਰ ਬਣ ਸਕਦੇ ਹਨ। ਅਜਿਹੀ ਏਕਤਾ ਉਨ੍ਹਾਂ ਲੋਕਾਂ ਦਾ ਵੀ ਮੂੰਹ ਬੰਦ ਕਰੇਗੀ, ਜੋ ਇਹ ਕਹਿ ਕੇ ਠਹਾਕੇ ਲਗਾ ਰਹੇ ਹਨ ਕਿ ਮਾਰਕਸਵਾਦ-ਲੈਨਿਨਵਾਦ ਹੁਣ ਗ਼ੈਰ-ਪ੍ਰਸੰਗਿਕ ਹੋ ਗਿਆ ਹੈ ਤੇ ਕਮਿਊਨਿਸਟ ਧਿਰਾਂ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਇਤਿਹਾਸ ਦਾ ਪਹੀਆ ‘ਪੂੰਜੀਵਾਦ’ ਉੱਪਰ ਜਾ ਕੇ ਨਹੀਂ ਰੁਕਦਾ, ਬਲਕਿ ਜਮਾਤ ਰਹਿਤ ਤੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਹੀ ਇਤਿਹਾਸ ਦੀ ਸਭ ਤੋਂ ਉੱਪਰਲੀ ਟੀਸੀ ਹੈ।

ਸੰਪਰਕ: 98141-82998

No comments:

Post a Comment