Saturday, 6 August 2016

ਖੱਬੀਆਂ ਪਾਰਟੀਆਂ ਵਲੋਂ 8-9 ਅਗਸਤ ਨੂੰ ਜ਼ਿਲ੍ਹਾ ਕੇਂਦਰਾਂ ਉਪਰ ਧਰਨੇ ਤੇ ਮੁਜ਼ਾਹਰੇ

ਜਲੰਧਰ, 6 ਅਗਸਤ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ.), ਸੀ.ਪੀ.ਐਮ.ਪੰਜਾਬ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ 8 ਅਗਸਤ ਨੂੰ ਲੋਕਾਂ ਦੀਆਂ ਭੱਖਦੀਆਂ ਮੰਗਾਂ ਲਈ ਜ਼ਿਲ੍ਹਾ ਕੇਂਦਰਾਂ ਉਪਰ ਮਾਰੇ ਜਾ ਰਹੇ ਧਰਨਿਆਂ ਤੇ 9 ਅਗਸਤ ਨੂੰ ਕੀਤੇ ਜਾਣ ਵਾਲੇ ਜਨਤਕ ਮੁਜ਼ਾਹਰਿਆਂ ਲਈ ਪੰਜਾਬ ਦੇ ਸਮੂਹ ਕਿਰਤੀ ਵਰਗਾਂ ਵਿਚ ਅਤਿਅੰਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਮੰਗਾਂ ਵਿਚ ਵੱਧ ਰਹੀ ਮਹਿੰਗਾਈ ਉਪਰ ਰੋਕ, ਬੇਕਾਰੀ ਦਾ ਖਾਤਮਾ, ਸ਼ਹਿਰੀ ਤੇ ਪੇਂਡੂ ਬੇਜ਼ਮੀਨੇ ਲੋਕਾਂ ਲਈ ਹਾਊਸਿੰਗ ਕਲੋਨੀਆਂ ਅਤੇ ਘਰਾਂ ਵਾਸਤੇ ਪਲਾਟ, ਮਜਦੂਰਾਂ-ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ, ਸਰਕਾਰ ਵਲੋਂ ਸਿਹਤ ਤੇ ਵਿਦਿਅਕ ਸਹੂਲਤਾਂ ਪ੍ਰਦਾਨ ਕਰਨਾ, ਨਸ਼ਾਖੋਰੀ ਦਾ ਖਾਤਮਾ ਤੇ ਨਸ਼ਾ ਵਿਉਪਾਰੀਆਂ ਨੂੰ ਸਖਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਬੰਦ ਕਰਨਾ, ਦਲਿਤਾਂ ਤੇ ਹੋਰ ਪੱਛੜੀਆਂ ਜਾਤੀਆਂ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਉਣੀ ਅਤੇ ਕਾਨੂੰਨ ਪ੍ਰਬੰਧ ਦੀ ਵਿਗੜਦੀ ਜਾ ਰਹੀ ਹਾਲਤ ਨੂੰ ਸੁਧਾਰਨਾ ਸ਼ਾਮਿਲ ਹਨ। ਇਹ ਐਲਾਨ ਚਾਰ ਖੱਬੀਆਂ ਪਾਰਟੀਆਂ ਦੇ ਸੂਬਾਈ ਸਕੱਤਰਾਂ ਸਰਬ ਸਾਥੀ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਤੇ ਗੁਰਮੀਤ ਸਿੰਘ ਬਖਤਪੁਰਾ ਨੇ ਇਕ ਬਿਆਨ ਵਿਚ ਕੀਤਾ।
ਆਗੂਆਂ ਨੇ ਅੱਗੇ ਦੱਸਿਆ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਕਿਰਤੀ ਲੋਕਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ। ਦੇਸ਼ ਨੂੰ ਸਾਮਰਾਜੀ ਧਾੜਵੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਕਾਨੂੰਨ ਪ੍ਰਬੰਧ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈ ਤੇ ਲੁੱਟਾਂ, ਖੋਹਾਂ ਤੇ ਡਕੈਤੀਆਂ ਦਿਨ ਦਿਹਾੜੇ ਵਾਪਰ ਰਹੀਆਂ ਹਨ। ਦਲਿਤਾਂ ਤੇ ਹੋਰ ਪਛੜੇ ਵਰਗਾਂ ਉਪਰ ਹੋ ਰਹੇ ਅਤਿਆਚਾਰ ਨੂੰ ਮੋਦੀ ਤੇ ਬਾਦਲ ਸਰਕਾਰ ਅੱਖਾਂ  ਤੇ ਕੰਨ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਅੱਤ ਦੀ ਮਹਿੰਗਾਈ ਕਾਰਨ ਕਿਰਤੀ ਲੋਕਾਂ ਵਾਸਤੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਬਣਦਾ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਕਿਰਤੀ ਲੋਕਾਂ ਨੂੰ 8-9 ਅਗਸਤ ਦੇ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

(ਹਰਦੇਵ ਸਿੰਘ ਅਰਸ਼ੀ)        (ਚਰਨ ਸਿੰਘ ਵਿਰਦੀ)        (ਮੰਗਤ ਰਾਮ ਪਾਸਲਾ)       (ਗੁਰਮੀਤ ਸਿੰਘ ਬਖਤਪੁਰਾ)
        ਸਕੱਤਰ                          ਸਕੱਤਰ                        ਸਕੱਤਰ                                     ਸਕੱਤਰ
         
  ਸੀ.ਪੀ.ਆਈ.            ਸੀ.ਪੀ.ਆਈ.(ਐਮ)         ਸੀ.ਪੀ.ਐਮ.ਪੰਜਾਬ         ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ 

No comments:

Post a Comment