ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਦੁਖਦਾਈ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ
|
ਪ੍ਰੋਫੈਸਰ ਗੁਰਦਿਆਲ ਸਿੰਘ |
ਜਲੰਧਰ, 17 ਅਗਸਤ - ਸੀ.ਪੀ.ਐਮ.ਪੰਜਾਬ, ਪੰਜਾਬੀ ਮਾਂ ਬੋਲੀ ਦੀ ਝੋਲੀ 'ਮੜ੍ਹੀ ਦਾ ਦੀਵਾ', 'ਅੰਨ੍ਹੇ ਘੋੜੇ ਦਾ ਦਾਨ', 'ਅੱਧ ਚਾਨਣੀ ਰਾਤ' ਅਤੇ ਹੋਰ ਅਨੇਕਾਂ ਸੰਸਾਰ ਪ੍ਰਸਿੱਧ ਸਾਹਿਤਕ ਕਿਰਤਾਂ ਨਾਲ ਸ਼ਿੰਗਾਰਨ ਵਾਲੇ ਗਿਆਨਪੀਠ ਇਨਾਮ ਜੇਤੂ ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਦੁਖਦਾਈ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਨੁੱਖੀ ਨਸਲ ਖਾਸ ਕਰਕੇ ਲੁੱਟੀ ਪੁੱਟੀ ਜਾਂਦੀ ਲੋਕਾਈ ਦੇ ਦੁੱਖਾਂ ਦਰਦਾਂ ਦਾ ਸਜੀਵ ਤੇ ਖੂਬਸੂਰਤ ਚਿੱਤਰਨ ਪ੍ਰਗਤੀਵਾਦੀ ਲਹਿਰ ਦੇ ਅਨੇਕਾਂ ਲੇਖਕਾਂ ਨੇ ਬਖੂਬੀ ਕੀਤਾ ਹੈ। ਪਰ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਬਾਕੀਆਂ ਦੇ ਮੁਕਾਬਲੇ ਪਾਠਕਾਂ ਦੀ ਨਿੱਘੀ ਅਪਣੱਤ ਇਸ ਕਰਕੇ ਹਾਸਲ ਹੋਈ ਕਿਉਂਕਿ ਉਨ੍ਹਾਂ ਸੰਸਾਰ ਸਾਹਿਤ ਦੇ ਆਈਕੋਨ ਮੈਕਸਿਮ ਗੋਰਕੀ ਵਾਂਗੂ ਇਕ ਕਿਰਤੀ ਦਾ ਸਖਤ ਜੀਵਨ ਹੱਡੀਂ ਹੰਢਾਇਆ ਸੀ। ਇਹ ਇਕ ਸਥਾਪਤ ਤੱਥ ਹੈ ਕਿ ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਨੂੰ ਲੁੱਟ ਅਧਾਰਿਤ ਜਮਾਤੀ ਰਾਜ ਪ੍ਰਬੰਧ 'ਚ ਅੰਤਾਂ ਦਾ ਤ੍ਰਿਸਕਾਰ ਝੱਲਣਾ ਪੈਂਦਾ ਹੈ। ਪ੍ਰੋਫੈਸਰ ਸਾਹਿਬ ਨੇ ਇਸ ਬੇਇਨਸਾਫੀ ਦੀ ਭਾਵਨਾ ਨੂੰ ਕੋਝਾ ਪ੍ਰਬੰਧ ਬਦਲਣ ਦੇ ਲੋਕ ਹਿਤੂ ਉਦੇਸ਼ ਨਾਲ ਚਿਤਰਿਤ ਕੀਤਾ। ਇਹੀ ਉਨ੍ਹਾਂ ਦੀ ਵਿਲੱਖਣਤਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਦਾ ਦੁੱਖ ਤਾਂ ਭਾਵੇਂ ਹਮੇਸ਼ਾਂ ਰਹੇਗਾ ਪਰ ਉਨ੍ਹਾਂ ਦੀਆਂ ਰਚਨਾਵਾਂ ਸਦਾ ਮਾਨਵਮੁਕਤੀ ਦੇ ਸੰਗਰਾਮੀ ਰਾਹ 'ਤੇ ਤੁਰਨ ਵਾਲਿਆਂ ਨੂੰ ਪ੍ਰੇਰਣਾ ਵੀ ਦਿੰਦੀਆਂ ਰਹਿਣਗੀਆਂ।
(ਮੰਗਤ ਰਾਮ ਪਾਸਲਾ)
ਸਕੱਤਰ
No comments:
Post a Comment