Wednesday, 24 August 2016

ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਵਿਰੋਧ ਵਿਚ 2 ਸਤੰਬਰ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ ਪੁਰਜ਼ੋਰ ਸਮਰਥਨ

ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਦਾ ਸਾਂਝਾ ਮੋਰਚਾ  
(ਸੀ.ਪੀ.ਆਈ.; ਸੀ.ਪੀ.ਆਈ.(ਐਮ); ਸੀ.ਪੀ.ਐਮ.ਪੰਜਾਬ; ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ)

ਜਲੰਧਰ, 24 ਅਗਸਤ - ਮੋਦੀ ਸਰਕਾਰ ਵਲੋਂ ਮਜ਼ਦੂਰ ਜਮਾਤ ਉਪਰ ਕੀਤੇ ਜਾ ਰਹੇ ਬੇਕਿਰਕ ਹਮਲਿਆਂ ਅਤੇ ਦੇਸ਼ ਨੂੰ ਤਬਾਹ ਕਰਨ ਵਾਲੀਆਂ ਅਪਣਾਈਆਂ ਜਾ ਰਹੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਵਿਰੋਧ ਵਿਚ 2 ਸਤੰਬਰ ਨੂੰ ਸਾਰੀਆਂ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਦਾ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ.ਪੀ.ਐਮ.ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਪੁਰਜ਼ੋਰ ਸਮਰਥਨ ਕੀਤਾ ਹੈ।
ਇਹ ਐਲਾਨ ਚਾਰ ਖੱਬੀਆਂ ਪਾਰਟੀਆਂ ਦੇ ਸਕੱਤਰਾਂ ਸਰਵ ਸਾਥੀ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤਪੁਰਾ ਨੇ ਇਕ ਸਾਂਝੇ ਬਿਆਨ ਵਿਚ ਕੀਤਾ।
ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸਾਮਰਾਜੀਆਂ ਨੂੰ ਦਿੱਤੇ ਜਾ ਰਹੇ ਸਿੱਧੇ ਪੂੰਜੀ ਨਿਵੇਸ਼ ਦੇ ਸੱਦਿਆਂ ਕਾਰਨ ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਮਨੱੁਖੀ ਸਰੋਤ ਪੂਰੀ ਤਰ੍ਹਾਂ  ਤਬਾਹ ਹੋ ਜਾਣਗੇ ਤੇ ਦੇਸ਼ ਮੁੜ ਸਾਮਰਾਜੀ ਗੁਲਾਮੀ ਦੇ ਸੰਗਲਾਂ ਵਿਚ ਜਕੜਿਆ ਜਾਵੇਗਾ। ਇਨ੍ਹਾਂ ਨੀਤੀਆਂ ਸਦਕਾ ਪਹਿਲਾਂ ਹੀ ਦੇਸ਼ ਦੇ ਲੋਕ ਅੱਤ ਦੀ ਮਹਿੰਗਾਈ, ਗਰੀਬੀ, ਬੇਕਾਰੀ, ਭਰਿਸ਼ਟਾਚਾਰ, ਅਰਾਜਕਤਾ ਤੇ ਪੁਲਸ ਜਬਰ ਨਾਲ ਬੇਹਾਲ ਹੋਏ ਪਏ ਹਨ। ਕਥਿਤ ਆਰਥਿਕ ਸੁਧਾਰਾਂ ਅਤੇ ਨਿੱਜੀਕਰਨ ਦੀ ਪ੍ਰਕਿਰਿਆ ਨਾਲ ਸਰਕਾਰ ਲੋਕਾਂ ਨੂੰ ਪ੍ਰਦਾਨ ਕਰਨ ਵਾਲੀਆਂ ਮੁਢਲੀਆਂ ਸਹੂਲਤਾਂ ਜਿਵੇਂ ਸਿਹਤ, ਵਿਦਿਆ, ਰੁਜ਼ਗਾਰ, ਆਵਾਸ, ਸਮਾਜਿਕ ਸੁਰੱਖਿਆ ਇਤਿਆਦੀ ਤੋਂ ਕਿਨਾਰਾ ਕਰੀ ਬੈਠੀ ਹੈ।
ਖੱਬੀਆਂ ਧਿਰਾਂ ਦੇ ਆਗੂਆਂ ਨੇ ਅੱਗੋਂ ਕਿਹਾ ਕਿ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲ ਰਹੀ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਘੋਲ ਛੇੜਨ ਤੋਂ ਬਿਨਾਂ ਹੋਰ ਕੋਈ ਦੂਸਰਾ ਰਸਤਾ ਨਹੀਂ ਬਚਿਆ।
ਖੱਬੇ ਪੱਖੀ ਆਗੂਆਂ ਨੇ ਪੰਜਾਬ ਦੇ ਸਮੂਹ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਤੇ ਟਰਾਂਸਪੋਰਟ ਕਾਮਿਆਂ ਤੇ ਹੋਰ ਮਿਹਨਤੀ ਲੋਕਾਂ ਨੂੰ 2 ਸਤੰਬਰ ਦੀ ਹੜਤਾਲ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤੇ ਇਸ ਜਨਤਕ ਐਕਸ਼ਨ ਨੂੰ ਪੰਜਾਬ ਬੰਦ ’ਚ ਤਬਦੀਲ ਕਰਨ ਦਾ ਸੱਦਾ ਦਿੱਤਾ ਹੈ। ਇਸ ਫਿਰਕੂ ਸਾਮਰਾਜ ਪੱਖੀ ਟੋਲੇ ਤੋਂ ਦੇਸ਼ ਨੂੰ ਬਚਾਉਣ ਦਾ ਇਹੀ ਇਕੋ ਇਕ ਤਰੀਕਾ ਹੈ। 
(ਮੰਗਤ ਰਾਮ ਪਾਸਲਾ)98141-82998

Tuesday, 23 August 2016

ਵਿਧਾਨ ਸਭਾ ਚੋਣਾਂ: ਖੱਬੀਆਂ ਧਿਰਾਂ ਲਈ ਸੋਚਣ ਦਾ ਵੇਲਾ

Punjabi Tribune ਪੰਜਾਬੀ ਟ੍ਰਿਬਿਊਨ, 22.08.2016




ਮੰਗਤ ਰਾਮ ਪਾਸਲਾ
ਕਿਸੇ ਸਮੇਂ ਪੰਜਾਬ ਅੰਦਰ ਕਮਿਊਨਿਸਟ ਲਹਿਰ ਕਾਫ਼ੀ ਮਜ਼ਬੂਤ ਰਹੀ ਹੈ। ਆਜ਼ਾਦੀ ਘੋਲ ਦੌਰਾਨ ਕਮਿਊਨਿਸਟਾਂ ਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਲੜਦਿਆਂ ਕੁਰਬਾਨੀਆਂ ਕੀਤੀਆਂ ਅਤੇ ਸਭ ਤੋਂ ਜ਼ਿਆਦਾ ‘ਸਾਜ਼ਿਸ਼ੀ ਕੇਸ’ ਵੀ ਕਮਿਊਨਿਸਟਾਂ ਦੇ ਖ਼ਿਲਾਫ਼ ਹੀ ਮੜ੍ਹੇ ਗਏ। ਗ਼ਦਰ ਪਾਰਟੀ, ਕਿਰਤੀ ਕਿਸਾਨ ਪਾਰਟੀ, ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੀ ਅਗਵਾਈ ਹੇਠ ਸੰਗਠਿਤ ਹੋਈ ਨੌਜਵਾਨ ਭਾਰਤ ਸਭਾ ਦੇ ਬਹੁਤ ਸਾਰੇ ਆਗੂ ਲੰਬੀਆਂ ਸਜ਼ਾਵਾਂ ਤੇ ਹੋਰ  ਹਰ ਤਰ੍ਹਾਂ ਦੇ ਤਸੀਹੇ ਝੱਲਣ ਤੋਂ ਬਾਅਦ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਕੇ ਉਮਰ ਭਰ ਸੰਘਰਸ਼ ਕਰਦੇ ਰਹੇ। ਆਜ਼ਾਦੀ ਤੋਂ ਬਾਅਦ ਵੀ ਮੁਲਕ ਵਿੱਚ ਜਗੀਰਦਾਰੀ ਦੇ ਵਿਰੁੱਧ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੁਆਉਣ ਵਾਸਤੇ ਤੇ ਕਿਸਾਨੀ ਦੇ ਦੂਜੇ ਮੁੱਦਿਆਂ ਬਾਰੇ ਸੰਘਰਸ਼ਾਂ ਦੀ ਲੰਬੀ ਗਾਥਾ ਵੀ ਕਮਿਊਨਿਸਟ ਪਾਰਟੀਆਂ ਦੇ ਹਿੱਸੇ ਆਉਂਦੀ ਹੈ। ਕਿਸਾਨਾਂ ਤੋਂ ਬਿਨਾਂ ਦੂਜੀਆਂ ਮਿਹਨਤਕਸ਼ ਜਮਾਤਾਂ ਜਿਵੇਂ ਦਲਿਤਾਂ, ਖੇਤ ਮਜ਼ਦੂਰਾਂ ਅਤੇ ਸਨਅਤੀ ਮਜ਼ਦੂਰਾਂ ਆਦਿ ਦੇ ਹੱਕਾਂ ਬਾਰੇ ਸੰਘਰਸ਼ ਤਾਂ ਕੀਤੇ ਗਏ, ਪਰ ਕਮਿਊਨਿਸਟ ਪਾਰਟੀ ਦਾ ਮੁੱਖ ਆਧਾਰ ਕਿਸਾਨੀ ਵਿੱਚ ਰਿਹਾ। ਜਦੋਂ ਮੁਜ਼ਾਰਿਆਂ ਨੂੰ ਜ਼ਮੀਨੀ ਹੱਕ ਮਿਲ ਗਏ ਤਦ ਮਾਲਕੀ ਵਾਲੀ ਇਹ ਕਿਸਾਨੀ ਤੇ ਦੂਜੇ ਕਿਸਾਨਾਂ ਦੇ ਦਰਮਿਆਨੇ ਤੇ ਉੱਪਰਲੇ ਭਾਗ ਆਪਣੀਆਂ ਰਾਜਨੀਤਕ ਤੇ ਆਰਥਿਕ ਖ਼ਾਹਿਸ਼ਾਂ ਪੂਰੀਆਂ ਕਰਨ ਵਾਸਤੇ ਦੂਜੀਆਂ ਰਾਜਸੀ ਪਾਰਟੀਆਂ ਸੰਗ ਜੁੜ ਗਏ। ਕਿਸਾਨੀ ਤੇ ਦੂਜੇ ਮਿਹਨਤਕਸ਼ਾਂ ਦੇ ਇਨ੍ਹਾਂ ਹਿੱਸਿਆਂ ਨੂੰ ਜਮਾਤੀ ਚੇਤਨਾ ਦੀ ਵੀ ਲੋੜੀਂਦੀ ਸਿੱਖਿਆ ਨਹੀਂ ਦਿੱਤੀ ਗਈ ਤੇ ਦੂਜੀਆਂ ਸਰਮਾਏਦਾਰ ਜਗੀਰਦਾਰ ਜਮਾਤਾਂ ਦੀਆਂ ਰਾਜਨੀਤਕ ਪਾਰਟੀਆਂ ਨਾਲ ਕਮਿਊਨਿਸਟਾਂ ਦੀਆਂ ਚੋਣ ਸਾਂਝਾਂ ਨੇ ਵੀ ਕਮਿਊਨਿਸਟਾਂ ਦੇ ਆਜ਼ਾਦਾਨਾ ਜਨ-ਆਧਾਰ ਨੂੰ ਖੋਰਾ ਲਾਇਆ। ਸੋਵੀਅਤ ਯੂਨੀਅਨ ਤੇ ਦੂਜੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਢਾਂਚਾ ਖਿੰਡਣ ਤੋਂ ਬਾਅਦ ਅਤੇ ਸਾਮਰਾਜ ਦੀਆਂ ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਨਾਲ ਕਮਿਊਨਿਸਟਾਂ ਨਾਲ ਜੁੜੇ ਦਰਮਿਆਨੇ ਤਬਕਿਆਂ ਤੇ ਬੁੱਧੀਜੀਵੀਆਂ ਉੱਪਰ ਵੀ ਨਾਂਹ-ਪੱਖੀ ਅਸਰ ਹੋਇਆ। ਕਮਿਊਨਿਸਟ ਲਹਿਰ ਵਿਚਲੀ ਆਪਸੀ ਫੁੱਟ ਨੇ ਵੀ ਕਮਿਊਨਿਸਟ ਲਹਿਰ ਸੰਗ ਜੁੜੇ ਲੋਕਾਂ ਤੇ ਹਮਦਰਦ ਹਲਕਿਆਂ ਅੰਦਰ ਕਾਫ਼ੀ ਨਿਰਾਸ਼ਤਾ ਪੈਦਾ ਕੀਤੀ ਤੇ ਇਸ ਲਹਿਰ ਨਾਲ ਜੁੜਨ ਤੋਂ ਨਵੇਂ ਨੌਜਵਾਨ ਤੇ ਬੁੱਧੀਜੀਵੀ ਕੰਨੀ ਕਤਰਾਉਣ ਲੱਗੇ। ਭਾਵੇਂ ਕਮਿਊਨਿਸਟ ਲਹਿਰ ਅੰਦਰ ਫੁੱਟ ਦੇ ਮੁੱਖ ਕਾਰਨ ਸਿਧਾਂਤਕ ਤੇ ਰਾਜਨੀਤਕ ਵੱਖਰੇਵੇਂ ਸਨ, ਪਰ ਜਨ ਸਾਧਾਰਨ ਤਕ ਇਨ੍ਹਾਂ ਮਤਭੇਦਾਂ ਦੀ ਅਸਲ  ਸਚਾਈ ਨਹੀਂ ਪੁੱਜੀ ਤੇ ਉਹ ਸਾਰੇ ਕਮਿਊਨਿਸਟ ਧੜਿਆਂ ਨੂੰ ਆਮ ਤੌਰ ’ਤੇ ਗੁਣ ਦੋਸ਼ਾਂ ਦੇ ਆਧਾਰ ਤੋਂ ਬਿਨਾਂ ‘ਕਮਿਊਨਿਸਟ’ ਤੌਰ ’ਤੇ ਹੀ ਜਾਣਦੇ ਹਨ। ਫ਼ਿਰਕੂ ਸ਼ਕਤੀਆਂ ਦੇ ਪਸਾਰੇ ਤੇ ਹੋਰ ਵੱਖਵਾਦੀ, ਜਾਤੀਪਾਤੀ, ਵੱਖਰੀ ਪਛਾਣ ਬਣਾਉਣ ਲਈ ਉੱਠੀਆਂ ਲਹਿਰਾਂ ਨੇ ਸਭ ਤੋਂ ਵੱਧ ਨੁਕਸਾਨ ਕਮਿਊਨਿਸਟ ਲਹਿਰ ਦਾ ਹੀ ਕੀਤਾ ਹੈ।
ਇਨ੍ਹਾਂ ਸਾਰੀਆਂ ਔਕੜਾਂ ਤੇ ਦਰਪੇਸ਼ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਅੰਦਰਲੀ ਕਮਿਊਨਿਸਟ ਲਹਿਰ ਨੇ ਲੋਕਾਂ ਦੇ ਮਨਾਂ ਅੰਦਰ ਸੁਚੇਤ ਜਾਂ ਅਚੇਤ ਰੂਪ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ। ਇਸੇ ਕਰਕੇ ਜਦੋਂ ਵੀ ਕਿਸੇ ਕਮਿਊਨਿਸਟ ਪਾਰਟੀ ਜਾਂ ਖੱਬੇ-ਪੱਖੀ ਜਨਤਕ ਜਥੇਬੰਦੀਆਂ ਨੇ ਗੰਭੀਰਤਾ ਨਾਲ ਹਾਕਮ ਜਮਾਤਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੋਈ ਸੰਘਰਸ਼ ਵਿੱਢਿਆ ਹੈ, ਕਿਰਤੀ ਲੋਕਾਂ ਦਾ ਇਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਹੈ। ਅੱਜ ਵੀ ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਸਮੇਤ ਹੋਰ ਖੱਬੀਆਂ ਸ਼ਕਤੀਆਂ ਅਤੇ ਵੱਖ ਵੱਖ ਵਰਗਾਂ ਦੇ ਜਨ-ਸੰਗਠਨ ਇਕਮੁੱਠ ਹੋ ਕੇ ਜਦੋਂ ਕੋਈ ਜਨਤਕ ਸੰਘਰਸ਼ ਕਰਦੇ ਹਨ, ਤਾਂ ਆਮ ਲੋਕਾਂ ਦੀ ਇਨ੍ਹਾਂ ਘੋਲਾਂ ਵਿੱਚ ਸ਼ਮੂਲੀਅਤ ਉਤਸ਼ਾਹਜਨਕ ਹੁੰਦੀ ਹੈ। ਲੋਕ ਆਪ ਮੁਹਾਰੇ ਹੀ ਕਹਿ ਉੱਠਦੇ ਹਨ ਕਿ ਜੇ ਅੱਜ ਵੀ ਸਾਰੇ ਲਾਲ ਝੰਡੇ ਵਾਲੇ ਇਕੱਠੇ ਹੋ ਜਾਣ ਤਦ ਇਹ ਰਾਜ ਕਰਦੀਆਂ ਲੋਕ ਵਿਰੋਧੀ ਸਾਰੀਆਂ ਪਾਰਟੀਆਂ ਨੂੰ ਤਕੜੀ ਹਾਰ ਦੇ ਸਕਦੇ ਹਨ, ਇਹ ਇੱਕ ਚੰਗੀ ਪਰ ਗ਼ੈਰ-ਯਥਾਰਥਵਾਦੀ ਖ਼ਾਹਿਸ਼ ਜਾਪਦੀ ਹੈ।
ਵੱਖ ਵੱਖ ਸੰਘਰਸ਼ਾਂ ਦੇ ਰੂਪਾਂ ਵਿੱਚੋਂ ਮੌਜੂਦਾ ਜਮਹੂਰੀ ਪ੍ਰਣਾਲੀ ਵਿੱਚ ਚੋਣ ਘੋਲ ਵੀ ਇੱਕ ਮਹੱਤਵਪੂਰਨ ਘੋਲ ਹੈ। ਜਿਹੜੀਆਂ ਵੀ ਕਮਿਊਨਿਸਟ ਪਾਰਟੀਆਂ ਜਾਂ ਖੱਬੇ-ਪੱਖੀ ਧੜੇ ਕਿਰਤੀ ਲੋਕਾਂ ਦੇ ਬਹੁਤ ਸਾਰੇ ਸਵਾਲਾਂ ਬਾਰੇ ਸਾਂਝੀਆਂ ਲੜਾਈਆਂ ਲੜਦੇ ਹਨ, ਕਈ ਵਾਰ ਉਹ ਵੀ ਚੋਣਾਂ ਵਿੱਚ ਸਾਂਝੀ ਰਣਨੀਤੀ ਬਣਾ ਕੇ ਸਾਂਝਾ ਮੋਰਚਾ ਨਹੀਂ ਬਣਾਉਂਦੇ। ਇਸ ਵਿੱਚ ਵੱਖ ਵੱਖ ਰਾਜਨੀਤਕ ਦਲਾਂ ਦੇ ਪਾਰਟੀ ਪ੍ਰੋਗਰਾਮਾਂ ਅਤੇ ਅੰਤਮ ਨਿਸ਼ਾਨੇ ਦੀ ਪ੍ਰਾਪਤੀ ਦੇ ਢੰਗਾਂ ਨਾਲੋਂ ਚੋਣਾਂ ਦੌਰਾਨ ਸਾਂਝਾ ਦੁਸ਼ਮਣ ਮਿਥਣ ਤੇ ਉਸ ਵਿਰੁੱਧ ਬੱਝਵੀਂ ਤੇ ਸਪਸ਼ਟ ਲੜਾਈ ਦੇਣ ਬਾਰੇ ਮਤਭੇਦ ਮੁੱਖ ਰੁਕਾਵਟ ਹਨ। ਕੋਈ ਧਿਰ ਭਾਜਪਾ-ਅਕਾਲੀ ਦਲ ਗਠਜੋੜ, ਕਾਂਗਰਸ ਤੇ ‘ਆਪ’ ਦੇ ਵਿਰੋਧ ਵਿੱਚ ਸਾਰੀਆਂ ਖੱਬੀਆਂ ਧਿਰਾਂ ਦੀ ਏਕਤਾ ਅਤੇ ਚੋਣਾਂ ’ਚ ਘੱਟੋ-ਘੱਟ ਸਾਂਝੇ ਪ੍ਰੋਗਰਾਮ ਬਣਾ ਕੇ ਚੋਣ ਘੋਲ ਵਿੱਚ ਕੁੱਦਣ ਦੀ ਵਕਾਲਤ ਕਰਦੇ ਹਨ ਤੇ ਕਈ ਦੂਜੀਆਂ ਧਿਰਾਂ ਚੋਣਾਂ ’ਚ ਉਪਰੋਕਤ ਰਾਜਨੀਤਕ ਧਿਰਾਂ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਨੂੰ ਦੁਸ਼ਮਣ ਕਰਾਰ ਦੇ ਕੇ ਤੀਜੇ ਰਾਜਨੀਤਕ ਦਲ ਨਾਲ ਸਾਂਝ ਪਾਉਣ ਨੂੰ ਤਰਜੀਹ ਦਿੰਦੇ ਹਨ। ਇਸ ਮਤਭੇਦ ਨੂੰ ਖ਼ਤਮ ਕਰਨ ਲਈ ਸਰਮਾਏਦਾਰ/ ਜਗੀਰਦਾਰ ਰਾਜਨੀਤਕ ਪਾਰਟੀਆਂ ਦੇ ਸ਼ਾਸਨ ਕਾਲ ਦੌਰਾਨ ਉਨ੍ਹਾਂ ਦੇ ਪਿਛਲੇ ਕਿਰਦਾਰ, ਅਪਣਾਈਆਂ ਗਈਆਂ ਆਰਥਿਕ ਤੇ ਰਾਜਨੀਤਕ ਨੀਤੀਆਂ ਤੇ ਕਮਿਊਨਿਸਟ ਲਹਿਰ ਦੇ ਇਨ੍ਹਾਂ ਪ੍ਰਤੀ ਅਪਣਾਏ ਵਤੀਰੇ ਦੇ ਨਤੀਜੇ ਵਜੋਂ ਕਮਿਊਨਿਸਟਾਂ ਦੇ ਜਨ-ਆਧਾਰ ਵਿੱਚ ਹੋਏ ਵਾਧੇ ਜਾਂ ਨੁਕਸਾਨ ਵਰਗੇ ਨਿਕਲੇ ਸਿੱਟਿਆਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ ਤੇ ਭਵਿੱਖੀ ਦਰੁਸਤ ਦਾਅਪੇਚ ਘੜੇ ਜਾ ਸਕਦੇ ਹਨ। ਮਾਓਵਾਦੀ ਮੌਜੂਦਾ ਹਾਲਤਾਂ ’ਚ ਜਮਹੂਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਨੂੰ ਹੀ ਨਕਾਰਦੇ ਹਨ। ਉਹ ਸਿਰਫ਼ ਜਨਤਕ ਸਰਗਰਮੀਆਂ ਦੇ ਨਾਲ ਨਾਲ ‘ਹਥਿਆਰਬੰਦ’ ਘੋਲ ਨੂੰ ਹੀ ਇੱਕ ਮਾਤਰ ‘ਇਨਕਲਾਬੀ ਘੋਲ’ ਸਮਝਦੇ ਹਨ। ਇਸ ਲਈ ਉਨ੍ਹਾਂ ਨਾਲ ਚੋਣ ਪ੍ਰਕਿਰਿਆ ਜਾਂ ਮੌਜੂਦਾ ਜਮਹੂਰੀ ਢਾਂਚੇ ਵਿੱਚ ਕਿਸੇ ਕਿਸਮ ਦੀ ਸਾਂਝ ਪਾਉਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।
ਕੁਝ ਕਮਿਊਨਿਸਟ ਧੜੇ ਰਾਜਨੀਤਕ ਤੌਰ ’ਤੇ ਗੁਪਤਵਾਸ ਰਹਿ ਕੇ ਗੁਪਤ ਰਾਜਨੀਤਕ ਸਰਗਰਮੀਆਂ ਕਰਦੇ ਹਨ ਪਰ ਮਜ਼ਦੂਰਾਂ, ਕਿਸਾਨਾਂ, ਨੌਜਵਾਨ ਵਰਗਾਂ ਵਿੱਚ ਖੁੱਲ੍ਹੀਆਂ ਜਥੇਬੰਦੀਆਂ ਬਣਾ ਕੇ  ਜਨਤਕ ਸਰਗਰਮੀਆਂ ਵੀ ਕਰਦੇ ਹਨ। ਇਸ ਤਰ੍ਹਾਂ ਦੀ ਕੰਮ ਵਿਧੀ ਨਾਲ ਇਨ੍ਹਾਂ ਜਨਤਕ ਜਥੇਬੰਦੀਆਂ ਦਾ ਲੋਕਾਂ ਵਿੱਚ ਚੋਖਾ ਜਨ-ਆਧਾਰ ਵੀ ਉਸਰਿਆ ਹੈ। ਇਨ੍ਹਾਂ ਗੁਪਤਵਾਸ ਕਮਿਊਨਿਸਟ ਧੜਿਆਂ ਵੱਲੋਂ ਖੁੱਲ੍ਹੀਆਂ ਜਨਤਕ ਸਰਗਰਮੀਆਂ ਵਿੱਚ ਲੱਗੇ ਮਿਹਨਤਕਸ਼ ਲੋਕਾਂ ਨੂੰ ਚੋਣਾਂ ਦੌਰਾਨ ਜਮਾਤੀ ਕਤਾਰਬੰਦੀ ਤੇ ਵਿਗਿਅਨਕ ਜਮਾਤੀ ਚੇਤਨਾ ਨੂੰ ਤਿਆਗ ਕੇ ਕਿਸੇ ਵੀ ਲੋਟੂ ਰਾਜਸੀ ਦਲ ਨੂੰ ਵੋਟ ਪਾਉਣ ਦੀ ਇਜਾਜ਼ਤ ਦੇਣਾ, ਸਿਆਸੀ ਖ਼ੁਦਕੁਸ਼ੀ ਕਰਨ ਵਾਲਾ ਕਦਮ ਹੈ। ਇਨ੍ਹਾਂ ਵੱਲੋਂ ਲੁਟੇਰੀਆਂ ਜਮਾਤਾਂ ਦੀਆਂ ਪਾਰਟੀਆਂ ਨੂੰ ਵੋਟ ਨਾ ਪਾਉਣ ਜਾਂ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦੇ ਦੇਣ ਜਾਂ ਹੁਣ ‘ਨੋਟਾ’ ਦਾ ਬਟਨ ਦਬਾਉਣ ਦਾ ਸੱਦਾ ਤਾਂ ਦਰੁਸਤ ਕਿਹਾ ਜਾ ਸਕਦਾ ਹੈ ਪਰ ਸ਼ਾਇਦ ਉਹ ਅਜਿਹਾ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੇ ਜਨਤਕ ਜਥੇਬੰਦੀਆਂ ਦੇ ਨਜ਼ਰੀਏ ਤੋਂ ਦਿਸ ਦੇ ਜਨ-ਆਧਾਰ ਤੋਂ ਵੋਟ ਬਾਈਕਾਟ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਨਾਲ ਉਨ੍ਹਾਂ ਦਾ ਰਾਜਨੀਤਕ ਕੱਦ ਨੀਵਾਂ ਹੋ ਜਾਵੇਗਾ। ਇਹ ਬਹੁਤ ਹੀ ਨਿਕ ਬੁਰਜ਼ੂਆ ਸੋਚ ਹੈ ਤੇ ਆਪਣੀ ਕਮਜ਼ੋਰੀ ਨੂੰ ਗ਼ਲਤ ਢੰਗ ਨਾਲ ਛੁਪਾਉਣ ਦਾ ਯਤਨ ਹੈ। ਇਹ ਇੱਕ ਤਲਖ਼ ਹਕੀਕਤ ਹੈ ਕਿ ਅਜਿਹੀਆਂ ਜਨਤਕ ਜਥੇਬੰਦੀਆਂ ਦਾ ਵੱਡਾ ਜਨ-ਆਧਾਰ ਅਕਾਲੀ ਦਲ-ਭਾਜਪਾ ਗਠਜੋੜ, ਕਾਂਗਰਸ ਜਾਂ ਕਿਸੇ ਹੋਰ ਲੋਕ ਵਿਰੋਧੀ ਪਾਰਟੀ ਦੇ ਹੱਕ ਵਿੱਚ ਭੁਗਤ ਜਾਂਦਾ ਹੈ।
ਇਨ੍ਹਾਂ ਗੁਪਤਵਾਸ ਖੱਬੇ-ਪੱਖੀ ਜਥੇਬੰਦੀਆਂ ਨੂੰ ਆਪਣੇ ਪ੍ਰਭਾਵ ਹੇਠਲੀਆਂ ਜਨਤਕ ਜਥੇਬੰਦੀਆਂ ਦੇ ਜਨ-ਆਧਾਰ ਨੂੰ ਚੋਣਾਂ ’ਚ ਕਿਸੇ ਖੱਬੀ ਧਿਰ ਦੇ ਹੱਕ ਵਿੱਚ ਭੁਗਤਣ ਦਾ ਪੈਂਤੜਾ ਲੈਣ ਚਾਹੀਦਾ ਹੈ ਜਿਸ ਨਾਲ ਘੱਟੋ-ਘੱਟ ਹੁਕਮਰਾਨ ਲੋਟੂ ਟੋਲੇ ਨੂੰ ਤਾਂ ਸੱਟ ਮਾਰਨ ਦੇ ਨਾਲ ਨਾਲ ਖੱਬੀਆਂ ਧਿਰਾਂ ਦੇ ਜਨ-ਆਧਾਰ ਨੂੰ ਇਕਮੁੱਠ ਤੇ ਕਾਇਮ ਰੱਖਿਆ ਜਾ ਸਕਦਾ ਹੈ। ਇਸ ਨਾਲ ਹਾਕਮ ਧਿਰਾਂ ਦੇ ਵਿਰੋਧ ਵਿੱਚ ਖੜ੍ਹੀਆਂ ਤੇ ਸੰਘਰਸ਼ ਕਰ ਰਹੀਆਂ ਧਿਰਾਂ ਦੀ ਸਪਸ਼ਟ ਕਤਾਰਬੰਦੀ ਵੀ ਹੋਵੇਗੀ।
ਇਹ ਰਾਇ ਕਿਸੇ ਰਾਜਸੀ ਧਿਰ ਦੀ ਨਿੰਦਿਆ ਕਰਨ ਜਾਂ ਨੀਵਾਂ ਦਿਖਾਉਣ ਦੇ ਮਨਸ਼ੇ ਨਾਲ ਨਹੀਂ, ਸਗੋਂ ਇੱਕ ਮਿੱਤਰ ਰਾਜਨੀਤਕ ਧਿਰ ਵਜੋਂ ਨਿਮਰਤਾ ਸਹਿਤ ਦਿੱਤੀ ਜਾ ਰਹੀ ਹੈ। ਜੇ ਇਸ ਤੋਂ ਕੋਈ ਹੋਰ ਚੰਗਾ ਰਾਜਨੀਤਕ ਰਾਹ ਹੋਵੇ ਤਾਂ ਉਸ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀ ‘ਜਮਾਤੀ ਚੇਤਨਾ’ ਰਾਜਨੀਤਕ ਸਰਗਰਮੀਆਂ ਵਿੱਚ ਹਿੱਸਾ ਲਏ ਬਿਨਾਂ ਆਪਣੇ-ਆਪ ਹੀ ਇੱਕ ‘ਇਨਕਲਾਬੀ ਸੰਗਠਨ’ ਵਿੱਚ ਤਬਦੀਲ ਨਹੀਂ ਹੋ ਸਕਦੀ ਤੇ ਨਾ ਹੀ ਘੋਲਾਂ ਵਿੱਚ ਕੁੱਦੇ ਮਜ਼ਦੂਰ-ਕਿਸਾਨ ਤੇ ਹੋਰ ਮਿਹਨਤੀ ਵਰਗ ਲੋਟੂ ਜਮਾਤਾਂ ਦੀ ਸੁਰਤ ਟਿਕਾਣੇ ਲਿਆ ਸਕਦੇ ਹਨ। ਮੁੜ-ਮੁੜ ਉਨ੍ਹਾਂ ਹੀ ਫੇਲ੍ਹ ਹੋ ਚੁੱਕੇ ਤਜਰਬਿਆਂ ਵਿੱਚ ਪਾਈ ਰੱਖਣਾ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਅੱਗੇ ਨਹੀਂ ਵਧਾ ਸਕਦਾ। ਸੱਤਾਧਾਰੀਆਂ ਦੀਆਂ ਵੱਖ ਵੱਖ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ ਅਤੇ  ‘ਆਪ’ ਵਿਰੁੱਧ ਸਾਰੀਆਂ ਕਮਿਊਨਿਸਟ ਤੇ ਖੱਬੀਆਂ ਧਿਰਾਂ ਵੱਲੋਂ ਇੱਕ ਮੰਚ ਉੱਪਰ ਆ ਕੇ ਚੋਣ ਦੰਗਲ ਵਿੱਚ ਕੁੱਦਣਾ ਅਜੋਕੇ ਸਮੇਂ ਦੀ ਵੱਡੀ ਲੋੜ ਹੈ। ਵਿਚਾਰਾਂ ਦੀ ਭਿੰਨਤਾ ਰੱਖਦੇ ਹੋਏ ਸਾਂਝੇ ਮੁੱਦੇ ਟਟੋਲੇ ਜਾ ਸਕਦੇ ਹਨ, ਜੋ ਇਸ ਏਕੇ ਦਾ ਆਧਾਰ ਬਣ ਸਕਦੇ ਹਨ। ਅਜਿਹੀ ਏਕਤਾ ਉਨ੍ਹਾਂ ਲੋਕਾਂ ਦਾ ਵੀ ਮੂੰਹ ਬੰਦ ਕਰੇਗੀ, ਜੋ ਇਹ ਕਹਿ ਕੇ ਠਹਾਕੇ ਲਗਾ ਰਹੇ ਹਨ ਕਿ ਮਾਰਕਸਵਾਦ-ਲੈਨਿਨਵਾਦ ਹੁਣ ਗ਼ੈਰ-ਪ੍ਰਸੰਗਿਕ ਹੋ ਗਿਆ ਹੈ ਤੇ ਕਮਿਊਨਿਸਟ ਧਿਰਾਂ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀਆਂ ਗਈਆਂ ਹਨ। ਇਤਿਹਾਸ ਦਾ ਪਹੀਆ ‘ਪੂੰਜੀਵਾਦ’ ਉੱਪਰ ਜਾ ਕੇ ਨਹੀਂ ਰੁਕਦਾ, ਬਲਕਿ ਜਮਾਤ ਰਹਿਤ ਤੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਹੀ ਇਤਿਹਾਸ ਦੀ ਸਭ ਤੋਂ ਉੱਪਰਲੀ ਟੀਸੀ ਹੈ।

ਸੰਪਰਕ: 98141-82998

Wednesday, 17 August 2016

ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਦੁਖਦਾਈ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ

ਪ੍ਰੋਫੈਸਰ ਗੁਰਦਿਆਲ ਸਿੰਘ
ਜਲੰਧਰ, 17 ਅਗਸਤ - ਸੀ.ਪੀ.ਐਮ.ਪੰਜਾਬ, ਪੰਜਾਬੀ ਮਾਂ ਬੋਲੀ ਦੀ ਝੋਲੀ 'ਮੜ੍ਹੀ ਦਾ ਦੀਵਾ', 'ਅੰਨ੍ਹੇ ਘੋੜੇ ਦਾ ਦਾਨ', 'ਅੱਧ ਚਾਨਣੀ ਰਾਤ' ਅਤੇ ਹੋਰ ਅਨੇਕਾਂ ਸੰਸਾਰ ਪ੍ਰਸਿੱਧ ਸਾਹਿਤਕ ਕਿਰਤਾਂ ਨਾਲ ਸ਼ਿੰਗਾਰਨ ਵਾਲੇ ਗਿਆਨਪੀਠ ਇਨਾਮ ਜੇਤੂ ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਦੁਖਦਾਈ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੀ ਹੈ। ਅੱਜ ਇੱਥੇ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਨੁੱਖੀ ਨਸਲ ਖਾਸ ਕਰਕੇ ਲੁੱਟੀ ਪੁੱਟੀ ਜਾਂਦੀ ਲੋਕਾਈ ਦੇ ਦੁੱਖਾਂ ਦਰਦਾਂ ਦਾ ਸਜੀਵ ਤੇ ਖੂਬਸੂਰਤ ਚਿੱਤਰਨ ਪ੍ਰਗਤੀਵਾਦੀ ਲਹਿਰ ਦੇ ਅਨੇਕਾਂ ਲੇਖਕਾਂ ਨੇ ਬਖੂਬੀ ਕੀਤਾ ਹੈ। ਪਰ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਬਾਕੀਆਂ ਦੇ ਮੁਕਾਬਲੇ ਪਾਠਕਾਂ ਦੀ ਨਿੱਘੀ ਅਪਣੱਤ ਇਸ ਕਰਕੇ ਹਾਸਲ ਹੋਈ ਕਿਉਂਕਿ ਉਨ੍ਹਾਂ ਸੰਸਾਰ ਸਾਹਿਤ ਦੇ ਆਈਕੋਨ ਮੈਕਸਿਮ ਗੋਰਕੀ ਵਾਂਗੂ ਇਕ ਕਿਰਤੀ ਦਾ ਸਖਤ ਜੀਵਨ ਹੱਡੀਂ ਹੰਢਾਇਆ ਸੀ। ਇਹ ਇਕ ਸਥਾਪਤ ਤੱਥ ਹੈ ਕਿ ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਨੂੰ ਲੁੱਟ ਅਧਾਰਿਤ ਜਮਾਤੀ ਰਾਜ ਪ੍ਰਬੰਧ 'ਚ ਅੰਤਾਂ ਦਾ ਤ੍ਰਿਸਕਾਰ ਝੱਲਣਾ ਪੈਂਦਾ ਹੈ। ਪ੍ਰੋਫੈਸਰ ਸਾਹਿਬ ਨੇ ਇਸ ਬੇਇਨਸਾਫੀ ਦੀ ਭਾਵਨਾ ਨੂੰ ਕੋਝਾ ਪ੍ਰਬੰਧ ਬਦਲਣ ਦੇ ਲੋਕ ਹਿਤੂ ਉਦੇਸ਼ ਨਾਲ ਚਿਤਰਿਤ ਕੀਤਾ। ਇਹੀ ਉਨ੍ਹਾਂ ਦੀ ਵਿਲੱਖਣਤਾ ਹੈ। ਸਾਥੀ ਪਾਸਲਾ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਦਾ ਦੁੱਖ ਤਾਂ ਭਾਵੇਂ ਹਮੇਸ਼ਾਂ ਰਹੇਗਾ ਪਰ ਉਨ੍ਹਾਂ ਦੀਆਂ ਰਚਨਾਵਾਂ ਸਦਾ ਮਾਨਵਮੁਕਤੀ ਦੇ ਸੰਗਰਾਮੀ ਰਾਹ 'ਤੇ ਤੁਰਨ ਵਾਲਿਆਂ ਨੂੰ ਪ੍ਰੇਰਣਾ ਵੀ ਦਿੰਦੀਆਂ ਰਹਿਣਗੀਆਂ।
 
(ਮੰਗਤ ਰਾਮ ਪਾਸਲਾ)
ਸਕੱਤਰ

Saturday, 13 August 2016

ਦਲਿਤਾਂ ਉੱਪਰ ਵਧ ਰਹੇ ਜਬਰ ਨੂੰ ਕਿਵੇਂ ਠੱਲਿਆ ਜਾਵੇ?


ਅਜੀਤ (12..08.2016)
ਕਥਿਤ ਗਊ ਰੱਖਿਅਕਾਂ ਵੱਲੋਂ ਪਿਛਲੇ ਦਿਨੀਂ ਊਨਾ (ਗੁਜਰਾਤ) ਵਿਖੇ ਮਰੀ ਹੋਈ ਗਾਂ ਦਾ ਚਮੜਾ ਲਾਹ ਰਹੇ ਦਲਿਤ ਨੌਜਵਾਨਾਂ ਦੇ ਕੱਪੜੇ ਉਤਾਰ ਕੇ ਡਾਂਗਾਂ ਨਾਲ ਕੀਤੀ ਗਈ ਬੇਤਹਾਸ਼ਾ ਕੁੱਟਮਾਰ ਨੇ ਦੇਸ਼ ਭਰ ਦੇ ਦਲਿਤ ਸਮਾਜ ਤੇ ਜਮਹੂਰੀ ਲਹਿਰ ਅੰਦਰ ਭਾਜਪਾ ਦੇ ਵਿਰੁੱਧ ਇਕ ਰੋਹ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਹਰ ਪ੍ਰਾਂਤ ਵਿਚ ਦਲਿਤ ਤੇ ਦੂਸਰੇ ਕਿਰਤੀ ਲੋਕ ਇਸ ਵਹਿਸ਼ੀ ਜਬਰ ਵਿਰੁੱਧ ਸੜਕਾਂ ਉੱਪਰ ਨਿਕਲੇ ਹਨ।
ਦਲਿਤਾਂ, ਘੱਟ-ਗਿਣਤੀਆਂ, ਆਦਿਵਾਸੀਆਂ, ਪਛੜੀਆਂ ਜਾਤੀਆਂ ਦੇ ਲੋਕਾਂ ਅਤੇ ਔਰਤਾਂ ਉੱਪਰ ਵਧ ਰਹੇ ਅੱਤਿਆਚਾਰ ਸਮਾਜਿਕ-ਰਾਜਨੀਤਕ ਦ੍ਰਿਸ਼ਟੀਕੋਣ ਤੋਂ ਬੇਹੱਦ ਚਿੰਤਾਜਨਕ ਹਨ। ਇਹ ਪੂੰਜੀਵਾਦੀ ਪ੍ਰਬੰਧ ਦੇ ਅਸਲੀ ਅਮਾਨਵੀ ਚਿਹਰੇ ਤੇ ਚਰਿੱਤਰ ਨੂੰ ਜਨਤਾ ਸਾਹਮਣੇ ਉਘਾੜ ਕੇ ਪੇਸ਼ ਕਰ ਰਹੇ ਹਨ। ਪੂੰਜੀਵਾਦ ਕਿਰਤੀ ਲੋਕਾਂ ਉੱਪਰ ਆਰਥਿਕ ਨਾਬਰਾਬਰੀ ਤੇ ਗਰੀਬੀ ਦੇ ਪਹਾੜ ਹੀ ਨਹੀਂ ਲੱਦਦਾ ਬਲਕਿ ਸਮਾਜ ਦੇ ਸਦੀਆਂ ਤੋਂ ਲਿਤਾੜੇ ਜਾ ਰਹੇ ਤੇ ਸੱਚੀ-ਸੁੱਚੀ ਕਿਰਤ ਕਰਨ ਵਾਲੇ ਲੋਕਾਂ ਉੱਪਰ ਨਾ ਬਿਆਨ ਕਰਨਯੋਗ ਸਰੀਰਕ ਤੇ ਮਾਨਸਿਕ ਜਬਰ ਦਾ ਕੁਹਾੜਾ ਵੀ ਪੂਰੀ ਬੇਤਰਸੀ ਨਾਲ ਚਲਾਉਂਦਾ ਹੈ। ਕੁਝ ਲੋਕ ਆਖ ਰਹੇ ਹਨ ਕਿ ਇਸ ਸਮਾਜਿਕ ਜਬਰ ਨੂੰ ਰੋਕਣ ਲਈ ਮਨੁੱਖ ਦੀ ਮਾਨਸਿਕ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਜਦੋਂ ਕਿ ਕਈ ਹੋਰ ਸੱਜਣ ਇਹ ਦਲੀਲ ਦਿੰਦੇ ਹਨ ਕਿ ਇਸ ਵਰਤਾਰੇ ਨੂੰ ਰੋਕਣ ਲਈ 'ਖ਼ਾਸ' ਰਾਜਨੀਤਕ ਪਾਰਟੀ ਦੇ ਹੱਥਾਂ ਵਿਚ ਸੱਤਾ ਦੀ ਵਾਗਡੋਰ ਦਿੱਤੇ ਜਾਣ ਨਾਲ ਜਾਂ ਵਿਸ਼ੇਸ਼ ਧਰਮ ਆਧਾਰਿਤ ਰਾਜ ਸਥਾਪਿਤ ਕਰਕੇ ਵੱਖਰੇ 'ਚਾਲ ਚਰਿੱਤਰ' ਦਾ ਦਾਅਵਾ ਕਰਨ ਵਾਲੀ ਸੰਸਥਾ (ਆਰ.ਐਸ.ਐਸ. ਜਾਂ ਭਾਜਪਾ) ਦੇ ਰਾਜ ਭਾਗ ਨੂੰ ਮਜ਼ਬੂਤ ਕਰਕੇ ਹੀ ਦਲਿਤ ਤੇ ਕਥਿਤ ਨੀਵੀਆਂ ਜਾਤਾਂ ਨਾਲ ਸਬੰਧਤ ਲੋਕਾਂ ਨਾਲ ਹੋ ਰਹੇ ਅੱਤਿਆਚਾਰਾਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਉਹ ਇਸ ਵਿਗਿਆਨਕ ਤੱਥ ਨੂੰ ਅਣਗੌਲਿਆ ਕਰਦੇ ਹਨ ਕਿ ਮਾਨਸਿਕ ਸੋਚ ਵੀ ਕਿਸੇ ਸਮਾਜ ਦੀਆਂ ਆਰਥਿਕ ਹਾਲਤਾਂ ਵਿਚੋਂ ਹੀ ਪੈਦਾ ਹੁੰਦੀ ਹੈ। ਜਿਹੜੀਆਂ ਪਾਰਟੀਆਂ ਪੂੰਜੀਵਾਦੀ ਪ੍ਰਬੰਧ ਦੀ ਸਥਾਪਨਾ ਤੇ ਮਜ਼ਬੂਤੀ ਵਿਚ ਲੱਗੀਆਂ ਹੋਈਆਂ ਹਨ, ਉਹ ਤਾਂ ਸਮਾਜ ਵਿਚ ਪ੍ਰਚਲਿਤ ਆਰਥਿਕ ਤੇ ਸਮਾਜਿਕ ਨਾਬਰਾਬਰੀ ਦੀਆਂ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੀਆਂ ਹਨ। ਉਨ੍ਹਾਂ ਤੋਂ ਸਦੀਆਂ ਤੋਂ ਚਲ ਰਹੀ ਊਚ-ਨੀਚ, ਗਰੀਬ-ਅਮੀਰ ਤੇ ਮਾਲਕ ਤੇ ਨੌਕਰ ਦੇ ਆਪਸੀ ਰਿਸ਼ਤਿਆਂ ਵਿਚਲੇ ਵਖਰੇਵੇਂ ਨੂੰ ਤੋੜਨ ਵਾਲੀ ਮਾਨਸਿਕਤਾ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ?
ਅੱਜ ਜਦੋਂ ਕਿ ਦੇਸ਼ ਅੰਦਰ ਆਰ.ਐਸ.ਐਸ. (ਸੰਘ ਪਰਿਵਾਰ) ਦੀ ਵਿਚਾਰਧਾਰਾ ਨੂੰ ਅਪਣਾਈ ਹੋਈ ਭਾਜਪਾ ਹੱਥ ਸੱਤਾ ਆ ਗਈ ਹੈ ਜੋ ਦੇਸ਼ ਦਾ ਧਰਮ-ਨਿਰਪੱਖ, ਜਮਹੂਰੀ ਤੇ ਭਾਈਚਾਰਕ ਸਾਂਝ ਵਾਲਾ ਢਾਂਚਾ ਬਦਲ ਕੇ ਇਕ ਧਰਮ ਆਧਾਰਿਤ ਦੇਸ਼ ਬਣਾਉਣ ਦੇ ਮਨਹੂਸ ਟੀਚੇ ਨੂੰ ਹਾਸਲ ਕਰਨ ਲਈ ਪੂਰੇ ਜ਼ੋਰ ਤੇ ਯੋਜਨਾ ਨਾਲ ਕੰਮ ਕਰ ਰਹੀ ਹੈ ਅਤੇ ਆਰਥਿਕ ਪੱਖੋਂ ਸਾਮਰਾਜ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ, ਤਦ ਉਸ ਦਾ ਮੁੱਖ ਨਿਸ਼ਾਨਾ ਜਿਥੇ ਜਮਹੂਰੀ ਤੇ ਅਗਾਂਹਵਧੂ ਲਹਿਰ ਨੂੰ ਤਬਾਹ ਕਰਨਾ ਹੈ, ਉਥੇ ਘੱਟ-ਗਿਣਤੀਆਂ, ਦਲਿਤ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ, ਕਬਾਇਲੀ ਲੋਕ ਤੇ ਔਰਤਾਂ ਵੀ ਉਸ ਦੀ ਉਚੇਚੀ ਮਾਰ ਹੇਠ ਹਨ। ਇਸੇ ਕਰਕੇ ਮੋਦੀ ਦੀ ਕੇਂਦਰੀ ਸਰਕਾਰ ਵੱਲੋਂ ਡਾ: ਬੀ.ਆਰ. ਅੰਬੇਡਕਰ ਦਾ ਫੋਕਾ ਰਟਣ ਮੰਤਰ ਕਰਨ ਅਤੇ ਔਰਤਾਂ ਨੂੰ ਵਧੇਰੇ ਅਧਿਕਾਰ ਤੇ ਸੁਰੱਖਿਆ ਦੇਣ ਦੇ ਪਾਖੰਡੀ ਨਾਅਰਿਆਂ ਦੇ ਨਾਲ-ਨਾਲ ਦਲਿਤਾਂ ਨੂੰ ਮਨੂੰਵਾਦੀ ਵਿਵਸਥਾ ਦੇ ਕਾਇਦੇ-ਕਾਨੂੰਨਾਂ ਮੁਤਾਬਿਕ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਔਰਤਾਂ ਉੱਪਰ ਅੱਤਿਆਚਾਰਾਂ ਵਿਚ ਵੀ ਢੇਰ ਵਾਧਾ ਹੋਇਆ ਹੈ। ਜਦੋਂ ਨਰਿੰਦਰ ਮੋਦੀ ਦੀ ਸਰਕਾਰ ਨੇ ਪਿਛਾਖੜੀ ਵਿਚਾਰਧਾਰਾ, ਵੇਲਾ ਵਿਹਾਅ ਚੁੱਕੇ ਗ਼ਲਤ ਰਸਮੋ-ਰਿਵਾਜ ਤੇ ਗ਼ੈਰ-ਵਿਗਿਆਨਕ ਵਿੱਦਿਆ ਦਾ ਪਸਾਰਾ ਕਰਨ ਦੀ ਯੋਜਨਾ ਬਣਾ ਲਈ ਹੈ, ਤਦ ਉਸ ਵਿਚ ਮਨੂੰਸਮਿਰਤੀ ਦੇ ਕਾਇਦੇ-ਕਾਨੂੰਨਾਂ ਦਾ ਲਾਗੂ ਹੋਣਾ ਵੀ ਲਾਜ਼ਮੀ ਹੈ, ਜਿਸ ਵਿਚ ਦਲਿਤਾਂ ਉੱਪਰ ਸਮਾਜਿਕ ਜਬਰ, ਛੂਤ-ਛਾਤ, ਔਰਤਾਂ ਦੀ ਗੁਲਾਮੀ ਆਦਿ ਸਭ ਕੁਝ ਸ਼ਾਮਿਲ ਹੈ। ਕੇਵਲ ਊਨੇ (ਗੁਜਰਾਤ) ਵਿਚ ਹੀ ਗਊ ਰੱਖਿਆ ਦੇ ਨਾਂਅ 'ਤੇ ਗਰੀਬ ਦਲਿਤਾਂ ਦੀ ਕੁੱਟ-ਕੁੱਟ ਕੇ ਚਮੜੀ ਨਹੀਂ ਉਧੇੜੀ ਗਈ, ਸੰਘ ਪਰਿਵਾਰ ਦੇ ਗੁੰਡੇ ਜਿਥੇ ਜੀਅ ਕਰਦਾ ਹੈ, ਧਰਮ ਦੇ ਨਾਂਅ ਹੇਠਾਂ ਬੇਗੁਨਾਹ ਲੋਕਾਂ ਵਿਰੁੱਧ ਹਰ ਤਰ੍ਹਾਂ ਦਾ ਜਬਰ ਕਰਦੇ ਹਨ। ਜਦੋਂ ਕੇਂਦਰੀ ਸਰਕਾਰ ਵੱਲੋਂ ਉਦਾਰੀਕਰਨ ਤੇ ਸੰਸਾਰੀਕਰਨ ਦੇ ਪਰਦੇ ਹੇਠਾਂ ਸਮੁੱਚੇ ਅਰਥਚਾਰੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਤਦ ਭਾਰਤੀ ਸੰਵਿਧਾਨ ਅਧੀਨ ਦਲਿਤਾਂ, ਪਛੜੇ ਵਰਗਾਂ ਤੇ ਕਬਾਇਲੀ ਲੋਕਾਂ ਵਾਸਤੇ ਰਾਖਵੇਂਕਰਨ ਜਾਂ ਵਿਸ਼ੇਸ਼ ਅਧਿਕਾਰਾਂ ਦੀ ਵਿਵਸਥਾ ਆਪਣੇ-ਆਪ ਹੀ ਅਰਥਹੀਣ ਹੋ ਜਾਂਦੀ ਹੈ। ਕਿਉਂਕਿ ਨਿੱਜੀ ਕੰਪਨੀਆਂ ਤੇ ਕਾਰਪੋਰੇਟ ਘਰਾਣੇ ਤਾਂ ਆਪਣੇ ਮੁਨਾਫ਼ੇ ਵਧਾਉਣ ਬਾਰੇ ਹੀ ਸੋਚਦੇ ਹਨ, ਉਹ ਰਾਖਵੇਂਕਰਨ ਦੀ ਨੀਤੀ ਦੇ ਪਾਬੰਦ ਨਹੀਂ ਹਨ।
ਇਸ ਸਥਿਤੀ ਵਿਚੋਂ ਨਿਕਲਣ ਵਾਸਤੇ ਜਿਥੇ ਦਲਿਤ ਜਨ ਸਮੂਹਾਂ ਲਈ ਵਰਗ ਚੇਤਨਾ ਤੇ ਏਕਤਾ ਜ਼ਰੂਰੀ ਹੈ, ਉਥੇ ਜਮਹੂਰੀ ਤੇ ਖੱਬੀ ਲਹਿਰ ਨੂੰ ਵੀ ਦਲਿਤ ਸਵਾਲਾਂ ਨੂੰ ਆਪਣੇ ਹੋਰ ਜਮਾਤੀ ਸਵਾਲਾਂ ਵਾਂਗ ਹੀ ਉਠਾਉਣਾ ਹੋਵੇਗਾ ਤੇ ਉਨ੍ਹਾਂ ਉੱਪਰ ਸੰਘਰਸ਼ ਲਾਮਬੰਦ ਕਰਨੇ ਹੋਣਗੇ। ਅਜਿਹਾ ਕਰਦਿਆਂ ਦਲਿਤਾਂ 'ਤੇ ਹੁੰਦੀ ਕਿਸੇ ਕਿਸਮ ਦੀ ਜ਼ਿਆਦਤੀ ਦਾ ਵਿਰੋਧ ਜਮਹੂਰੀ ਲਹਿਰ ਦਾ ਅਹਿਮ ਮੁੱਦਾ ਬਣਾਉਣ ਦੀ ਜ਼ਰੂਰਤ ਹੈ। ਦਲਿਤ ਤੇ ਹੋਰ ਪਛੜੇ ਵਰਗਾਂ ਨੂੰ ਵੀ ਇਸ ਪੱਖੋਂ ਸੁਚੇਤ ਕਰਨਾ ਹੋਵੇਗਾ ਕਿ ਅਸਲ ਲੜਾਈ ਪੈਦਾਵਾਰ ਦੇ ਸਾਧਨਾਂ ਉੱਪਰ ਸਮੂਹਿਕ ਕਬਜ਼ੇ ਤੇ ਪੈਦਾਵਾਰ ਦੀ ਨਿਆਂਪੂਰਨ ਵੰਡ ਦੀ ਹੈ, ਜੋ ਸਮਾਜਵਾਦੀ ਵਿਵਸਥਾ ਵਿਚ ਹੀ ਸੰਭਵ ਹੈ। ਜਾਤ-ਪਾਤ ਆਧਾਰਿਤ ਰਾਜਨੀਤੀ ਜਾਂ ਸਿਰਫ ਕਿਸੇ ਜਾਤ ਆਧਾਰਿਤ ਆਗੂ ਦਾ ਰਾਜ ਸੱਤਾ ਉੱਪਰ ਕਾਬਜ਼ ਹੋ ਜਾਣਾ ਮਸਲੇ ਦਾ ਹੱਲ ਨਹੀਂ ਹੈ। ਯਤਨ ਇਹ ਹੋਣਾ ਚਾਹੀਦਾ ਹੈ ਕਿ ਦਲਿਤਾਂ, ਪਛੜੇ ਵਰਗਾਂ ਦੇ ਲੋਕਾਂ ਤੇ ਔਰਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਵਿਰੁੱਧ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਿਚ ਵਿਗਿਆਨਕ ਵਰਗ ਚੇਤਨਾ ਦਾ ਚਿਰਾਗ ਵੀ ਜਗਾਇਆ ਜਾਵੇ, ਜਿਸ ਨੇ ਅੰਤਿਮ ਰੂਪ ਵਿਚ ਬਾਕੀ ਸਮਾਜ ਦੇ ਮਿਹਨਤਕਸ਼ ਲੋਕਾਂ ਵਾਂਗ ਸਦੀਆਂ ਤੋਂ ਸਮਾਜਿਕ ਜਬਰ ਤੇ ਅਨਿਆਂ ਦਾ ਸ਼ਿਕਾਰ ਹੋ ਰਹੇ ਦਲਿਤ ਸਮਾਜ ਨੂੰ ਵੀ ਹਕੀਕੀ ਆਜ਼ਾਦੀ ਤੇ ਬਰਾਬਰਤਾ ਭਰਪੂਰ ਜ਼ਿੰਦਗੀ ਪ੍ਰਦਾਨ ਕਰਨੀ ਹੈ।
-ਸਕੱਤਰ, ਸੀਪੀਐਮ ਪੰਜਾਬ
ਮੋ: 98141-82998

Tuesday, 9 August 2016

ਪੰਜਾਬ ਭਰ 'ਚ ਛਾਇਆ ਲਾਲ ਫਰੇਰਾ

ਚੰਡੀਗੜ੍ਹ - ਲੋਕਾਂ ਦੀਆਂ ਭਖਦੀਆਂ ਮੰਗਾਂ ਬਾਰੇ ਆਵਾਜ਼ ਬੁਲੰਦ ਕਰਨ ਲਈ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ-ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ (ਪੰਜਾਬ) ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ ਉਤੇ ਦੋ ਰੋਜ਼ਾ ਧਰਨੇ ਜਾਰੀ ਰੱਖਦਿਆਂ ਮੰਗਲਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਜ਼ਿਲ੍ਹਾ ਕੇਂਦਰਾਂ ਉਤੇ ਮੁਜ਼ਾਹਰੇ ਕੀਤੇ। ਸੂਬੇ ਭਰ 'ਚ ਬਾਜ਼ਾਰਾਂ, ਸੜਕਾਂ 'ਤੇ ਲਾਲ ਝੰਡਿਆਂ ਦੇ ਦਰਿਆ ਵਹਿੰਦੇ ਨਜ਼ਰ ਆਏ।
ਕੇਂਦਰੀ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਉਤੇ ਸਾਰੇ ਦੇਸ਼ ਅਤੇ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ਵਿਚ 'ਭਾਰਤ ਛੱਡੋ' ਲਹਿਰ ਦੀ 74ਵੀਂ ਵਰ੍ਹੇਗੰਢ ਉਤੇ ਨਵ-ਉਦਾਰਵਾਦੀ ਨੀਤੀਆਂ ਬੰਦ ਕਰਨ ਲਈ ਸੱਤਿਆਗ੍ਰਹਿ ਕੀਤੇ ਗਏ।
ਇਹ ਦੋ-ਰੋਜ਼ਾ ਧਰਨੇ ਤੇ ਮੁਜ਼ਾਹਰੇ ਖੱਬੀਆਂ ਪਾਰਟੀਆਂ ਨੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਰਾਜਕਾਲ ਵਿਚ ਵਧਦੀ ਮਹਿੰਗਾਈ, ਬੇਰੁਜ਼ਗਾਰੀ, ਦਲਿਤਾਂ, ਘੱਟ ਗਿਣਤੀਆਂ, ਔਰਤਾਂ, ਕਬਾਇਲੀਆਂ ਉਤੇ ਵਧਦੇ ਜਾ ਰਹੇ ਅੱਤਿਆਚਾਰਾਂ ਅਤੇ ਨਿਗਮਾਂ-ਪੱਖੀ ਨੀਤੀਆਂ ਦੇ ਵਿਰੋਧ ਵਿਚ ਜਥੇਬੰਦ ਕੀਤੇ ਗਏ। ਸੂਬਾ ਕੇਂਦਰ ਉਤੇ ਪੁੱਜੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ, ਚੰਡੀਗੜ੍ਹ-ਮੋਹਾਲੀ, ਫਤਹਿਗੜ੍ਹ ਸਾਹਿਬ, ਰੋਪੜ ਆਦਿ ਜ਼ਿਲ੍ਹਿਆਂ ਵਿਚ ਡੀ ਸੀ ਦਫਤਰਾਂ ਅੱਗੇ ਧਰਨੇ ਮਾਰੇ ਗਏ ਅਤੇ ਮੰਗਲਵਾਰ ਨੂੰ ਬਾਜ਼ਾਰਾਂ ਵਿਚ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਅਤੇ ਮੰਗਾਂ ਦੇ ਹੱਕ ਵਿਚ ਨਾਹਰੇ ਲਾਏ ਗਏ। ਇਹਨਾਂ ਧਰਨਿਆਂ-ਰੈਲੀਆਂ ਨੂੰ ਚਾਰ ਖੱਬੀਆਂ ਪਾਰਟੀਆਂ ਦੇ ਸੂਬਾਈ ਆਗੂਆਂ ਸਰਵਸਾਥੀ ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ, ਬੰਤ ਸਿੰਘ ਬਰਾੜ (ਸੀ ਪੀ ਆਈ), ਚਰਨ ਸਿੰਘ ਵਿਰਦੀ, ਵਿਜੈ ਮਿਸ਼ਰਾ ਅਤੇ ਰਘੂਨਾਥ ਸਿੰਘ (ਸੀ ਪੀ ਆਈ (ਐੱਮ), ਹਰਕੰਵਲ ਸਿੰਘ, ਕੁਲਵੰਤ ਸਿੰਘ ਸੰਧੂ (ਸੀ ਪੀ ਐੱਮ ਪੰਜਾਬ) ਅਤੇ ਗੁਰਮੀਤ ਸਿੰਘ ਬਖਤਪੁਰਾ, ਰਾਜਵਿੰਦਰ ਸਿੰਘ ਰਾਣਾ ਅਤੇ ਗੁਰਪ੍ਰੀਤ ਸਿੰਘ ਰੂੜੇਕੇ (ਸੀ ਪੀ ਆਈ (ਐੱਮ ਐੱਲ ਲਿਬਰੇਸ਼ਨ) ਅਤੇ ਦੂਜੇ ਸੂਬਾਈ ਤੇ ਜ਼ਿਲ੍ਹਾ ਆਗੂਆਂ ਨੇ ਵੱਖ-ਵੱਖ ਜ਼ਿਲ੍ਹਾ ਕੇਂਦਰਾਂ ਉਤੇ ਮੁਖਾਤਬ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਈ ਜਾਵੇ, ਰੁਜ਼ਗਾਰ ਮੰਗਦੇ ਲੋਕਾਂ ਨੂੰ ਕੰਮ ਦਿੱਤਾ ਜਾਵੇ, ਦਲਿਤਾਂ, ਘੱਟ ਗਿਣਤੀਆਂ, ਕਬਾਇਲੀਆਂ, ਔਰਤਾਂ ਉਤੇ ਦਮਨ ਬੰਦ ਕੀਤਾ ਜਾਵੇ, ਉਚੇਰੀ ਸਿੱਖਿਆ ਦੇ ਅਦਾਰਿਆਂ ਉਤੇ ਜਮਹੂਰੀ ਹੱਕਾਂ ਉਤੇ ਹਮਲੇ ਬੰਦ ਕੀਤੇ ਜਾਣ, ਬੇਜ਼ਮੀਨੇ ਲੋਕਾਂ ਲਈ ਘਰ ਦਿੱਤੇ ਜਾਣ, ਅਮਨ-ਕਾਨੂੰਨ ਦੀ ਰਾਖੀ ਕੀਤੀ ਜਾਵੇ, ਮਾਫੀਆ ਤੇ ਗੁੰਡਾ-ਗਰੋਹਾਂ ਨੂੰ ਲਗਾਮ ਪਾਈ ਜਾਵੇ, ਮਜ਼ਦੂਰਾਂ, ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ, ਸਿਹਤ ਤੇ ਵਿਦਿਅਕ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਵਿਚ ਲਿਆਂਦੀਆਂ ਜਾਣ, ਨਸ਼ਾਖੋਰੀ ਖਤਮ ਕੀਤੀ ਜਾਵੇ ਅਤੇ ਨਸ਼ਾ ਵਪਾਰੀਆਂ ਨੂੰ ਸੀਖਾਂ ਪਿੱਛੇ ਸੁੱਟਿਆ ਜਾਵੇ। ਬੁਲਾਰਿਆਂ ਕਿਹਾ ਕਿ ਪੰਜਾਬ ਵਿਚ ਕਿਸਾਨੀ ਆਰਥਿਕਤਾ ਵੱਲ ਲਾਪ੍ਰਵਾਹੀ ਦੇ ਨਤੀਜੇ ਵਜੋਂ ਕਰਜ਼ ਜਾਲ ਵਿਚ ਫਸੇ ਕਿਸਾਨ ਖੁਦਕੁਸ਼ੀਆਂ ਦਾ ਰਸਤਾ ਅਪਣਾ ਰਹੇ ਹਨ। ਕਿਸਾਨੀ ਉਪਜਾਂ ਨੂੰ ਸਵਾਮੀਨਾਥਨ ਰਿਪੋਰਟ ਮੁਤਾਬਕ ਭਾਅ ਦਿੱਤੇ ਜਾਣ। ਉਹਨਾਂ ਚੌਕਸ ਕੀਤਾ ਕਿ ਥੋੜ੍ਹੇ-ਥੋੜ੍ਹੇ ਵਕਫੇ 'ਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਹੜੀਆਂ ਪੰਜਾਬ ਦੇ ਅਮਨ ਤੇ ਸਦਭਾਵਨਾ ਨੂੰ ਭੰਗ ਕਰਨ ਅਤੇ ਕਾਲੇ ਦਿਨਾਂ ਵਿਚ ਵਾਪਸ ਧੱਕਣ ਦੀਆਂ ਸਾਜ਼ਿਸ਼ਾਂ ਪ੍ਰਤੀਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਘਿਨਾਉਣੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਰਵਸਾਥੀ ਹਰਦੇਵ ਸਿੰਘ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਅਤੇ ਗੁਰਮੀਤ ਸਿੰਘ ਬਖਤਪੁਰਾ ਨੇ ਪੰਜਾਬ ਭਰ ਵਿਚ ਸਾਰੇ ਜ਼ਿਲ੍ਹਿਆਂ 'ਤੇ ਕੀਤੇ ਗਏ ਸਫਲ ਸਾਂਝੇ ਐਕਸ਼ਨ ਲਈ ਚਾਰਾਂ ਪਾਰਟੀਆਂ ਦੇ ਆਗੂਆਂ ਅਤੇ ਕਾਡਰ ਵੱਲੋਂ ਕੀਤੀ ਗਈ ਸਰਗਰਮੀ ਉਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਸਾਥੀਆਂ ਨੂੰ ਆਉਂਦੇ ਸਮੇਂ ਵਿਚ ਹੋਰ ਤਕੜੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

ਦਲਿਤਾਂ ਤੇ ਘੱਟ ਗਿਣਤੀਆਂ ਦੀ ਵਿਰੋਧੀ ਮੋਦੀ ਸਰਕਾਰ ਦਾ ਚਿਹਰਾ ਨੰਗਾ ਹੋਇਆ : ਅਰਸ਼ੀਮਾਨਸਾ - ਜ਼ਿਲ੍ਹਾ ਕਚਹਿਰੀਆਂ ਵਿਖੇ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ , ਸੀ ਪੀ ਆਈ ਐੱਮ , ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਅਤੇ ਸੀ ਪੀ ਐੱਮ ਪੰਜਾਬ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਧਰਨਾ ਦੇ ਕੇ ਰੋਸ ਮਾਰਚ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਉੱਡਤ, ਲਿਬਰੇਸ਼ਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਅਤੇ ਸੀ ਪੀ ਆਈ ਪੰਜਾਬ ਦੇ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਅਕਾਲੀ, ਬੀ ਜੇ ਪੀ ਤੇ ਕੇਂਦਰ ਦੀ ਮੋਦੀ ਸਰਕਾਰ ਦਾ ਘੱਟ ਗਿਣਤੀਆਂ ਅਤੇ ਦਲਿਤ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋਇਆ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਭਗਵਾਂਕਰਨ ਦਾ ਚਿਹਰਾ ਚਿੱਟੇ ਦਿਨ ਵਾਂਗ ਸਾਫ ਦਿਖਾਈ ਦੇਣ ਲੱਗਾ ਹੈ। ਉਨ੍ਹਾਂ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਦਲਿਤਾਂ ਅਤੇ ਘੱਟ ਗਿਣਤੀਆਂ 'ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਖੱਬੀਆਂ ਪਾਰਟੀਆਂ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤਾਂ ਅਤੇ ਘੱਟ ਗਿਣਤੀ ਦੇ ਲੋਕਾਂ 'ਤੇ ਲੋਕ ਸਹੂਲਤਾਂ ਲਈ ਖੱਬੀਆਂ ਪਾਰਟੀਆਂ ਹਮੇਸ਼ਾ ਲੜਦੀਆਂ ਆ ਰਹੀਆਂ ਹਨ ਅਤੇ ਸੰਘਰਸ਼ ਕਰਦੀਆਂ ਰਹਿਣਗੀਆਂ। ਇਸ ਸਮੇਂ ਉਨ੍ਹਾਂ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਹਰੇਕ 60 ਸਾਲ ਦੇ ਵਿਅਕਤੀ ਲਈ 3000/- ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦਾ ਕਾਨੂੰਨ ਬਣਾਇਆ ਜਾਵੇ, ਕਿਸਾਨਾਂ-ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ, ਨਰੇਗਾ ਨੂੰ ਪੂਰਾ ਸਾਲ ਲਾਗੂ ਕਰਕੇ 500/- ਰੁਪਏ ਪ੍ਰਤੀ ਦਿਨ ਦਿਹਾੜੀ ਦੇਣੀ ਯਕੀਨੀ ਬਣਾਈ ਜਾਵੇ।
ਇਸ ਸਮੇਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ ਪੀ ਅੱੈਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ, ਸੀ ਪੀ ਆਈ ਐੱਮ ਦੇ ਨਛੱਤਰ ਢੈਪਈ ਅਤੇ ਲਿਬਰੇਸ਼ਨ ਦੇ ਰਣਜੀਤ ਤਾਮਕੋਟ ਨੇ ਸਾਂਝੇ ਤੌਰ 'ਤੇ ਮੰਗ ਕਰਦਿਆਂ ਕਿਹਾ ਕਿ ਨਰਮਾ ਉਜਾੜੇ ਦੇ ਕਿਸਾਨਾਂ ਦਾ ਬਕਾਇਆ ਪਿਆ ਮੁਆਵਜ਼ਾ ਦਿੱਤਾ ਜਾਵੇ ਅਤੇ ਨਰਮਾ ਚੁਗਣ ਵਾਲੇ ਰਹਿੰਦੇ ਮਜ਼ਦੂਰਾਂ ਨੂੰ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ, ਦਲਿਤ ਅਤੇ ਗਰੀਬ ਲੋਕਾਂ ਲਈ ਮੁਫਤ ਪਲਾਟ ਅਤੇ ਮਕਾਨ ਉਸਾਰੀ ਲਈ ਤਿਨ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ। ਧਰਨੇ ਦੀ ਪ੍ਰਧਾਨਗੀ ਐਡਵੋਕੇਟ ਰੇਖਾ ਸ਼ਰਮਾ, ਬਲਦੇਵ ਸਿੰਘ ਬਾਜੇਵਾਲਾ, ਹਰਚਰਨ ਸਿੰਘ ਮੌੜ ਅਤੇ ਨਰਿੰਦਰ ਕੌਰ ਵੱਲੋਂ ਕੀਤੀ ਗਈ।  ਇਸ ਸਮੇਂ ਧਰਨੇ ਨੂੰ ਰੂਪ ਸਿੰਘ ਢਿੱਲੋਂ, ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਜਗਰਾਜ ਹੀਰਕੇ, ਵੇਦ ਪ੍ਰਕਾਸ਼ ਬੁਢਲਾਡਾ, ਰਤਨ ਭੋਲਾ, ਅਮਰੀਕ ਬਰੇਟਾ, ਗੁਰਬਚਨ ਮੰਦਰਾਂ, ਜਸਵੰਤ ਬੀਰੋਕੇ, ਸਿਮਰੂ ਬਰਨ, ਸ਼ੰਕਰ ਜਟਾਣਾ, ਘੋਕਾ ਦਾਸ ਰੱਲਾ, ਕਾਲਾ ਖਾਂ ਭੰਮੇ, ਗੁਰਮੁਖ ਸਿੰਘ ਬਾਜੇਵਾਲਾ, ਤੇਜਾ ਸਿੰਘ ਹੀਰਕੇ, ਦਰਸ਼ਨ ਧਲੇਵਾਂ, ਗੁਰਜੰਟ ਮਾਨਸਾ, ਗੁਰਸੇਵਕ ਮਾਨ, ਭੋਲਾ ਸਿੰਘ ਸਮਾਓ, ਨਿੱਕਾ ਬਹਾਦਰਪੁਰ, ਜੀਤ ਬੋਹਾ, ਆਤਮਾ ਰਾਮ ਸਰਦੂਲਗੜ੍ਹ, ਅਮਰੀਕ ਸਿੰਘ ਫਫੜੇ, ਮੇਜਰ ਸਿੰਘ ਦੂਲੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮੇਂ ਲੋਕ ਗਾਇਕ ਸੁਖਬੀਰ ਖਾਰਾ, ਕੇਵਲ ਅਕਲੀਆ, ਨਾਤਾ ਸਿੰਘ ਫਫੜੇ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਦਲਜੀਤ ਮਾਨਸ਼ਾਹੀਆ ਵੱਲੋਂ ਬਾਖੂਬੀ ਨਿਭਾਈ ਗਈ।
 
ਜਲੰਧਰ - ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਐਮ (ਪੰਜਾਬ), ਸੀ ਪੀ ਆਈ ਲਿਬਰੇਸ਼ਨ ਵੱਲੋਂ ਦੂਜੇ ਦਿਨ ਜਲੰਧਰ ਵਿਖੇ ਸਾਂਝਾ ਧਰਨਾ ਜਾਰੀ ਰਿਹਾ, ਇਸ ਧਰਨੇ ਦੀ ਪ੍ਰਧਾਨਗੀ ਸਵਰਨ ਸਿੰਘ ਅਕਲਪੁਰੀ, ਕੇਵਲ ਸਿੰਘ ਹਜ਼ਾਰਾ, ਪਰਮਜੀਤ ਸਿੰਘ ਰੰਧਾਵਾ ਨੇ ਸਾਂਝੇ ਤੌਰ 'ਤੇ ਕੀਤੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਧਰਨਾ 15 ਨੁਕਾਤੀ ਮੰਗ ਪੱਤਰ, ਜਿਹੜਾ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਸੌਂਪਿਆ ਜਾ ਚੁੱਕਾ ਹੈ, ਇਹ ਇਸ ਸੰਘਰਸ਼ ਦੇ ਪੜਾਅ ਵਜੋਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਖੇਤੀ ਸੰਕਟ ਹੋਰ ਗਹਿਰਾ ਹੋ ਗਿਆ ਹੈ। ਮਹਿੰਗਾਈ ਆਪਣੇ ਪਿਛਲੇ ਸਾਰੇ ਰਿਕਾਰਡ ਮਾਤ ਕਰ ਗਈ ਹੈ। ਬੇਰੁਜ਼ਗਾਰੀ ਵੱਡੇ ਪੱਧਰ 'ਤੇ ਵਧ ਗਈ ਹੈ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਕੋਈ ਸਮਾਜਿਕ ਸੁਰੱਖਿਆ ਨਹੀਂ ਹੈ। ਵਿੱਦਿਆ ਨੂੰ ਵਿਕਣ ਵਾਲੀ ਬਸਤ ਬਣਾ ਦਿੱਤਾ ਗਿਆ ਹੈ। ਸਨਅਤੀ ਮਜ਼ਦੂਰਾਂ ਲਈ ਘੱਟੋ-ਘੱਟ 18000 ਪ੍ਰਤੀ ਮਹੀਨਾ ਵੇਜ ਦਿੱਤੀ ਜਾਵੇ, ਬੇ ਘਰਿਆਂ ਲਈ ਘਰ ਤੇ ਨਰੇਗਾ ਨੂੰ ਲਾਗੂ ਕੀਤਾ ਜਾਵੇ। ਔਰਤਾਂ ਤੇ ਦਲਿਤਾ 'ਤੇ ਹੋ ਰਹੇ ਸਮਾਜਿਕ ਜਬਰ ਨੂੰ ਬੰਦ ਕਰਾਉਣ ਲਈ, ਪੰਜਾਬ ਦਾ ਮਸਲਾ ਹੱਲ ਕਰਾਉਣ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ। ਇਸ ਧਰਨੇ ਨੂੰ ਸੀ ਪੀ ਆਈ ਦੇ ਆਗੂ ਦਿਲਬਾਗ ਸਿੰਘ ਅਟਵਾਲ, ਸੰਤੋਸ਼ ਬਰਾੜ, ਚਰਨਜੀਤ ਥੰਮੂਵਾਲ, ਸੀ ਪੀ ਆਈ (ਐਮ) ਵੱਲੋਂ ਕਾਮਰੇਡ ਗੁਰਚੇਤਨ ਸਿੰਘ ਬਾਸੀ, ਲਹਿੰਬਰ ਸਿੰਘ ਤੱਗੜ, ਸੁਰਿੰਦਰ ਖੀਵਾ, ਇੰਦਰ ਸਿੰਘ ਸ਼ਾਹਪੁਰ, ਸੀ ਪੀ ਐਮ ਪੰਜਾਬ ਵੱਲੋਂ ਕੁਲਵੰਤ ਸਿੰਘ ਸੰਧੂ, ਮੇਲਾ ਸਿੰਘ ਰੁੜਕਾ, ਦਰਸ਼ਨ ਨਾਹਰ, ਮਨੋਹਰ ਸਿੰਘ ਗਿੱਲ, ਸੰਤੋਖ਼ ਬਿਲਗਾ, ਹਰੀਮੁਨੀ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
 
ਬਠਿੰਡਾ - ਕੇਂਦਰੀ ਅਤੇ ਸੂਬਾ ਹਕੂਮਤ ਦੀ ਜ਼ਖੀਰੇਬਾਜ਼ਾਂ ਨੂੰ ਦਿੱਤੀ ਮੁਜਰਮਾਨਾਂ ਖੁੱਲ੍ਹ ਕਰਕੇ ਸਿਖਰਾਂ ਛੂਹ ਰਹੀ ਮਹਿੰਗਾਈ, ਉੱਚ ਯੋਗਤਾ ਪ੍ਰਾਪਤ ਯੁਵਕਾਂ ਅਤੇ ਉਹਨਾਂ ਦੇ ਬੇਬੱਸ ਮਾਪਿਆਂ ਦੀ ਜਾਨ ਦਾ ਖੌਅ ਬਣੀ ਬੇਕਾਰੀ, ਹਰ ਪੱਧਰ 'ਤੇ ਭਿਆਨਕ ਹੱਦ ਤੱਕ ਫੈਲੇ ਭ੍ਰਿਸ਼ਟਾਚਾਰ, ਹਾਕਮਾਂ ਦੇ ਅਸ਼ੀਰਵਾਦ ਨਾਲ ਅਸਮਾਨੀ ਜਾ ਚੜ੍ਹੇ ਨਸ਼ਾ ਵਪਾਰ, ਰੇਤਾ, ਬੱਜਰੀ, ਕੇਬਲ, ਟਰਾਂਸਪੋਰਟ, ਖਨਣ ਮਾਫੀਆ ਵੱਲੋਂ ਮਚਾਈ ਅੰਨ੍ਹੀ ਲੁੱਟ ਅਤੇ ਗੁੰਡਾਗਰਦੀ ਦੀਆਂ ਵਧ ਰਹੀਆਂ ਵਾਰਦਾਤਾਂ, ਔਰਤਾਂ ਵਿਰੁੱਧ ਜਿਨਸੀ ਅਪਰਾਧ, ਦਲਿਤਾਂ ਨਾਲ ਜਾਤਪਾਤੀ ਵਿਤਕਰੇ, ਪੁਲਸ ਜਬਰ, ਲੋਕ ਸੰਗਰਾਮਾਂ ਵਿੱਚ ਪੁਲਸ ਦੀ ਨਜਾਇਜ਼ ਦਖਲ-ਅੰਦਾਜ਼ੀ ਵਿਰੁੱਧ ਚਾਰ ਖੱਬੇ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਸੀ ਪੀ ਐਮ ਪੰਜਾਬ ਵੱਲੋਂ ਸਥਾਨਕ ਅਮਰੀਕ ਸਿੰਘ ਰੋਡ 'ਤੇ ਰੈਲੀ ਕੀਤੀ ਅਤੇ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਬਣੀਆਂ ਦੇਸ਼ ਦੀਆਂ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀਆਂ ਨੀਤੀਆਂ, ਜੋ ਮਿਹਨਤੀਆਂ ਦੀਆਂ ਨਿੱਤ ਵਿਕਰਾਲ ਹੋ ਰਹੀਆਂ ਮੁਸ਼ਕਲਾਂ ਲਈ ਜ਼ਿੰਮੇਵਾਰ ਹਨ ਅਤੇ ਹਾਕਮ ਜਮਾਤਾਂ ਦੀਆਂ ਅੰਨ੍ਹੀਆਂ ਹਮਾਇਤੀ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਬਦਲਵੀਆਂ ਲੋਕ ਪੱਖੀ ਨੀਤੀਆਂ ਨਾਲ ਹੀ ਹੋ ਸਕਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਫਿਰਕੂ ਜਾਤਪਾਤੀ ਭਾਸ਼ਾਈ, ਇਲਾਕਾਈ ਆਦਿ ਫੁੱਟਪਾਊ ਸਾਜ਼ਿਸ਼ਾਂ ਚੱਲ ਰਹੀਆਂ ਹਨ। ਆਗੂਆਂ ਨੇ ਐਲਾਨ ਕੀਤਾ ਕਿ ਖੱਬੀਆਂ ਪਾਰਟੀਆਂ ਪੇਂਡੂ ਬੇਜ਼ਮੀਨੇ ਪਰਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਤੇ ਸਾਂਝੀਆਂ ਜ਼ਮੀਨਾਂ ਦਾ ਤੀਜਾ ਹਿੱਸਾ ਸਸਤੇ ਰੇਟਾਂ 'ਤੇ ਖੇਤੀ ਲਈ ਦੇਣ ਵਾਸਤੇ, ਸ਼ਹਿਰੀ ਮਜ਼ਦੂਰਾਂ ਨੂੰ ਮਕਾਨ ਬਣਾ ਕੇ ਦੇਣ, ਕਿਸਾਨੀ ਕਰਜ਼ੇ 'ਤੇ ਲੀਕ ਮਾਰਨ ਤੇ ਫਸਲਾਂ ਦਾ ਵਾਜਬ ਭਾਅ ਦਿੱਤੇ ਜਾਣ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਲੋਕਾਂ ਨੂੰ ਮੁਫ਼ਤ ਇੱਕ ਸਾਰ ਵਿੱਦਿਆ, ਮਿਆਰੀ ਸਹੂਲਤਾਂ, ਪੀਣ ਵਾਲਾ ਸਾਫ ਜੀਵਾਣੂ ਰਹਿਤ ਪਾਣੀ, ਰੋਗ ਰਹਿਤ ਪਖਾਨੇ ਬਣਾ ਕੇ ਦਿੱਤ ਜਾਣ ਅਤੇ ਪਾਣੀ ਅਤੇ ਸਮੁੱਚਾ ਪ੍ਰਦੂਸ਼ਣ ਤੇ ਨਜਾਇਜ਼ ਖਨਣ ਰੋਕੇ ਜਾਣ ਆਦਿ ਮੰਗਾਂ ਲਈ ਜਿੱਤ ਤੱਕ ਸੰਘਰਸ਼ ਜਾਰੀ ਰੱਖਣਗੀਆਂ। ਰੈਲੀ ਨੂੰ ਸਾਥੀ ਸੁਖਵਿੰਦਰ ਸਿੰਘ ਸੁਬਾਈ ਸਕੱਤਰੇਤ ਮੈਂਬਰ ਸੀ ਪੀ ਆਈ ਸਮੇਤ ਮਹੀਪਾਲ, ਸੁਰਜੀਤ ਸਿੰਘ ਸੋਹੀ, ਹਰਵਿੰਦਰ ਸਿੰਘ ਸੇਮਾ, ਹਰਨੇਕ ਸਿੰਘ ਆਲੀਕੇ, ਗੁਰਚਰਨ ਸਿੰਘ ਭਗਤਾ, ਮਿੱਠੂ ਸਿੰਘ ਘੁੱਦਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬਲਕਰਨ ਸਿੰਘ ਬਰਾੜ, ਗੁਰਦੇਵ ਸਿੰਘ ਬਾਂਡੀ, ਜਸਵੀਰ ਕੌਰ ਸਰਾਂ, ਹਰਬੰਸ ਸਿੰਘ, ਹਰਮੰਦਰ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
 
ਪਟਿਆਲਾ - ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡ ਕੁਆਟਰਾਂ ਸਾਹਮਣੇ ਪੰਜਾਬ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਤਹਿਤ ਸੀ ਪੀ ਆਈ, ਸੀ ਪੀ ਐੱਮ, ਸੀ ਪੀ ਐੱਮ ਪੰਜਾਬ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਵਰਕਰਾਂ ਨੇ ਜ਼ਿਲ੍ਹਾ ਸਕੱਤਰ ਕੁਲਵੰਤ ਸਿੰਘ ਮੌਲ਼ਵੀਵਾਲਾ, ਗੁਰਦਰਸ਼ਨ ਸਿੰਘ ਤੇ ਪੂਰਨ ਚੰਦ ਨਨਹੇੜਾ ਦੀ ਅਗਵਾਈ ਵਿੱਚ ਸਥਾਨਕ ਤ੍ਰਿਪੜੀ ਟਾਊਨ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ ਡੀ ਸੀ ਦਫ਼ਤਰ ਸਾਹਮਣੇ ਰੋਸ ਧਰਨਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਨੈਸ਼ਨਲ ਕੌਸ਼ਲ ਮੈਂਬਰ ਨਿਰਮਲ ਸਿੰਘ ਧਾਲੀਵਾਲ ਤੇ ਸੀ ਪੀ ਐੱਮ ਦੇ ਸੈਂਟਰਲ ਕਮੇਟੀ ਮੈਂਬਰ ਵਿਜੈ ਮਿਸ਼ਰਾ ਤੇ ਕਸ਼ਮੀਰ ਸਿੰਘ ਗਦਾਈਆ ਸਮੇਤ ਹਾਜ਼ਰ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਵਿੱਚ ਬੁਰੀ ਤਰਾਂ ਪਿਸ ਰਹੀ ਹੈ, ਪਰ ਕੇਂਦਰ ਸਰਕਾਰ ਬਲੈਕਮਾਫ਼ੀਏ ਤੇ ਜ਼ਖੀਰੇਬਾਜ਼ਾਂ ਦੀ ਪੁਸ਼ਤਪਨਾਹੀ ਕਰਨ ਵਿੱਚ ਲੱਗੀ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਕੁਲਵੰਤ ਸਿੰਘ ਮੌਲ਼ਵੀਵਾਲਾ, ਗੁਰਦਰਸ਼ਨ ਸਿੰਘ ਖਾਸਪੁਰ, ਪੂਰਨ ਚੰਦ ਨਨਹੇੜਾ, ਕਰਮ ਚੰਦ ਭਾਰਦਵਾਜ, ਧਰਮਪਾਲ ਸੀਲ, ਐਡਵੋਕੇਟ ਕੁਲਵੰਤ ਸਿੰਘ ਬਹਿਣੀਵਾਲ, ਅਮਰਜੀਤ ਸਿੰਘ ਘਨੌਰ, ਬ੍ਰਿਜ ਲਾਲ ਬਿਠੋਣੀਆਂ, ਰਾਮ ਚੰਦ ਚੁਨਾਗਰਾ, ਅਜੈਬ ਸਿੰਘ ਸ਼ਾਹਪੁਰ, ਸੰਤੋਖ ਸਿੰਘ ਪਟਿਆਲਾ, ਮਹਿੰਦਰ ਸਿੰਘ, ਮੁਹੰਮਦ ਸਦੀਕ, ਗੁਰਬਖਸ਼ ਸਿੰਘ ਧਨੇਠਾ, ਰਜਿੰਦਰ ਸਿੰਘ ਰਾਜਪੁਰਾ, ਪ੍ਰਹਿਲਾਦ ਸਿੰਘ ਨਿਆਲ, ਗੁਰਮੀਤ ਸਿੰਘ ਛੱਜੂ ਭੱਟ ਤੇ ਸੁਖਦੇਵ ਸਿੰਘ ਨਿਆਲ ਆਦਿ ਨੇ ਸੰਬੋਧਨ ਕੀਤਾ।
 
ਮੋਗਾ - ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਲਾਇਆ ਗਿਆ ਦੋ ਰੋਜਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਦੇਰ ਸ਼ਾਮ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਚੁਣਵੇਂ ਲੋਕਾਂ ਦੇ ਹੱਕਾਂ 'ਚ ਨੀਤੀਆਂ ਬਣਾ ਕੇ ਮੁਲਕ ਦੀ ਵੱਡੀ ਅਬਾਦੀ ਨੂੰ ਰੁਜ਼ਗਾਰ, ਵਿਦਿਆ, ਇਲਾਜ ਵਰਗੀਆਂ ਮੁਢਲੀਆਂ ਲੋੜਾਂ ਤੋਂ ਵਾਂਝੇ ਕਰਕੇ ਮੰਦਹਾਲੀ ਵਿਚ ਸੁੱਟ ਰਹਿਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫਿਰਕਿਆਂ, ਜਾਤਾਂ 'ਚ ਵੰਡ ਕੇ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। 
ਇਸ ਮੌਕੇ ਜਗਜੀਤ ਧੂੜਕੋਟ, ਸੂਰਤ ਸਿੰਘ ਧਰਮਕੋਟ, ਸ਼ੇਰ ਸਿੰਘ ਦੌਲਤਪੁਰਾ, ਜਗਦੀਸ਼ ਸਿੰਘ ਚਾਹਲ, ਬਲਕਰਨ ਮੋਗਾ, ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਗੱਲ ਲਈ ਜਾਗਣਾ ਪਵੇਗਾ ਕਿ ਜਿਹੜਿਆਂ ਰਾਜਨੀਤਕ ਪਾਰਟੀਆਂ ਅੱਜ ਨੌਜਵਾਨਾਂ ਲਈ ਰੁਜ਼ਗਾਰ, ਵਿਦਿਆ, ਕਿਸਾਨੀ ਕਰਜ਼ੇ, ਨਰੇਗਾ ਕਾਮਿਆ, ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਰਦਿਆਂ ਵਰਕਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਹੋਵੇਗਾ, ਇਹ ਨਹੀਂ ਦੱਸਦਿਆਂ ਉਹ ਕੇਵਲ ਲੋਕਾਂ ਨਾਲ ਧੋਖਾ ਹੀ ਕਰਨਾ ਚਾਹੁੰਦੀਆਂ ਹਨ। ਆਗੂਆਂ ਕਿਹਾ ਕਿ ਹਰ ਇਕ ਲਈ 58 ਸਾਲ ਦੀ ਉਮਰ ਤੋਂ ਬਆਦ ਘੱਟੋ-ਘੱਟ 3 ਹਜ਼ਾਰ ਰੁਪਏ ਮਹੀਨਾ ਪੈਨਸ਼ਨ, ਸਬ ਲਈ ਰੈਗੂਲਰ ਭਰਤੀ ਲਈ ਰੁਜ਼ਗਾਰ, ਵਿਦਿਆ, ਗਰੀਬ ਕਿਸਾਨ, ਮਜ਼ਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ, ਖੇਤੀ ਲਈ ਖਾਦਾਂ, ਕੀਟਨਾਸ਼ਕ ਅਤੇ ਡੀਜ਼ਲ ਆਦਿ ਲਈ ਸਬਸਿਡੀ ਦਿੱਤੀ ਜਾਵੇ, ਨਰੇਗਾ ਵਰਕਾਰਾਂ ਲਈ 200 ਦਿਨ ਕੰਮ ਅਤੇ 500 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਸਜ਼ਾ ਦਿੱਤੀ ਜਾਵੇ।ਇਸ ਮੌਕੇ ਹੋਰਨਾ ਤੋਂ ਇਲਾਵਾ ਮਹਿੰਦਰ ਸਿੰਘ ਧੂੜਕੋਟ, ਪਰਗਟ ਸਿੰਘ ਬੱਧਨੀ, ਸਤਵੰਤ ਸਿੰਘ ਖੋਟੇ, ਸੂਬੇਦਾਰ ਜੋਗਿੰਦਰ ਸਿੰਘ, ਡਾ. ਗੁਰਚਰਨ ਸਿੰਘ ਦਾਤੇਵਾਲ, ਮਨਜੀਤ ਕੌਰ ਚੂਹੜ ਚੱਕ, ਮਲਕੀਤ ਚੜਿੱਕ, ਬਚਿੱਤਰ ਸਿੰਘ ਧੋਥੜ, ਭੁਪਿੰਦਰ ਸਿੰਘ ਸੇਖੋਂ, ਮੰਗਤ ਬੁੱਟਰ, ਸੁਖਦੇਵ ਭੋਲਾ, ਪਾਲ ਸਿੰਘ ਧੂੜਕੋਟ ਰਣਸੀਂਹ, ਗੁਰਮੀਤ ਬੌਡੇ, ਜੰਗੀਰ ਚੂਹੜ ਚੱਕ, ਮੰਗਤ ਰਾਏ ਨਿਹਾਲ ਸਿੰਘ ਵਾਲਾ, ਸੁਰਿੰਦਰ ਕੁਮਾਰ ਮੋਗਾ ਤੇ ਬਲਰਾਜ ਬੱਧਨੀ ਆਦਿ ਹਾਜ਼ਰ ਸਨ।

ਚਾਰ ਖੱਬੇ ਪੱਖੀ ਪਾਰਟੀਆਂ ਨੇ ਸੱਤਿਆਗ੍ਰਹਿ ਦੇ ਦੂਸਰੇ ਦਿਨ ਧਰਨਾ ਤੇ ਜਾਮ ਲਾਇਆਸੰਗਰੂਰ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ (ਐਮ), ਸੀ.ਪੀ.ਆਈ ਪੰਜਾਬ ਅਤੇ ਸੀ.ਪੀ.ਆਈ (ਅੱੈਮ. ਐੱਲ) ਲਿਬਰੇਸਨ ਵੱਲੋਂ ਸਾਝੇ ਤੌਰ 'ਤੇ ਦੂਸਰੇ ਦਿਨ ਵੀ ਧਰਨਾ ਦਿੱਤਾ ਤੇ ਮਹਾਂਵੀਰ ਚੌਕ ਵਿਖੇ ਦੋ ਘੰਟੇ ਦਾ ਜਾਮ ਲਾਇਆ। ਇਸ ਸਮੇਂ ਸੀ.ਪੀ.ਆਈ (ਐੱਮ) ਵੱਲੋਂ ਕਾਮਰੇਡ ਭੂਪ ਚੰਦ ਚੰਨੋਂ ਅਤੇ ਸੀ ਪੀ ਆਈ ਦੇ ਸਕੱਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ, ਸਾਥੀ ਗੱਜਣ ਸਿੰਘ ਦੁੱਗਾਂ, ਗੋਬਿੰਦ ਛਾਜਲੀ ਜ਼ਿਲ੍ਹਾ ਸਕੱਤਰ ਸੀ.ਪੀ ਆਈ .ਐੱਮ ਐੱਲ ਲਿਬਰੇਸਨ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਕਾਸ ਦੀ ਦੁਹਾਈਪਾਈ ਜਾ ਰਹੀ ਹੈ ਕਿ ਸਰਕਾਰ ਦੱਸੇ ਕਿ ਵਿਕਾਸ ਹੋਇਆ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਲਗਾਤਾਰ ਵੱਧ ਰਿਹਾ ਹੈ। ਬੇਰੁਜ਼ਗਾਰੀ ਵੱਧ ਰਹੀ ਹੈ, ਲੋੜਵੰਦ ਲੋਕਾਂ ਨੂੰ ਨੀਲੇ ਕਾਰਡ, ਬੁਢਾਪਾ ਪੈਨਸਨਾਂ ਤੋਂ ਵਾਂਝੇ ਰੱਖਿਆਂ ਜਾ ਰਿਹਾ ਹੈ। ਪੰਜਾਬ ਦੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ੇ ਦੇ ਭਾਰ ਹੇਠ ਆਤਮ ਹੱਤਿਆ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ, ਰਾਜਸਥਾਨ ਜਾ ਮੱਧ ਪ੍ਰਦੇਸ ਹੋਵੇ ਜਾਂ ਕੋਈ ਹੋਰ ਸੂਬਾ ਬੁੱਧੀਜੀਵੀਆਂ ਦਭੋਲਕਰ , ਕੁਲਵਰਗੀ ਵਰਗੇ ਸਮਾਜੀ ਵਿਦਵਾਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਚਾਰੇ ਖੱਬੀਆਂ ਪਾਰਟੀਆਾਂ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਆਉਦੇ ਸਮੇਂ ਵਿੱਚ ਸੁਚੇਤ ਕਰਦਿਆਂ ਕਿਹਾ ਕਿ ਉਹ 2017 ਦੀਆ ਚੋਣਾਂ ਵਿੱਚ ਖੱਬੇ ਪੱਖੀਆਂ ਦਾ ਸਾਥ ਦੇਣ, ਤਾਂ ਜੋ ਸੂਬੇ ਦੀ ਰਾਜਨੀਤੀ ਨੂੰ ਮੌੜਾ ਦੇ ਕੇ ਲੋਕਾਂ ਦੇ ਹਿਤਾਂ ਦੀ ਪੂਰਤੀ ਕੀਤੀ ਜਾ ਸਕੇ।
ਇਸ ਸੱਤਿਆਗ੍ਰਹਿ ਵਿਚ ਸ਼ਾਮਲ ਹੋਣ ਲਈ ੱਿਮਡ- ਡੇ ਮੀਲ ਵਰਕਰਾਂ ਨੇ ਨਵੇਂ ਬੱਸ ਸਟੈਂਡ ਨੇੜੇ ਇਕੱਠੇ ਹੋ ਕੇ ਕਾਮਰੇਡ ਸਰਬਜੀਤ ਸਿੰਘ ਵੜੈਚ ਦੀ ਅਗਵਾਈ ਹੇਠ ਮਾਰਚ ਕਰਦੇ ਹੋਏ ਤੇ ਬੀਬੀਆਂ ਵੱਲੋਂ ਖਾਲੀ ਥਾਲੀਆਂ ਖੜਕਾ ਕੇ ਜਾਮ ਵਿਚ ਸ਼ਮੂਲੀਅਤ ਕੀਤੀ। ਬੀਬੀ ਜਸਮੇਲ ਕੌਰ ਬੀਰਕਲਾਂ, ਨਿਰਮਲ ਕੌਰ ਸੁਨਾਮ, ਰਣਜੀਤ ਕੌਰ, ਤੇ ਨਸੀਬ ਕੌਰ ਸੇਰਪੁਰ ਨੇ ਮਿੱਡ ਡੇ ਮੀਲ ਨੇ ਸਮੂਲੀਅਤ ਕੀਤੀ।
ਆਂਗਨਵਾੜੀ ਮੁਲਾਜ਼ਮ ਯੂਨੀਅਨ ਸਬੰਧਤ ਸੀਟੂ ਦੀ ਕੌਮੀ ਪ੍ਰਧਾਨ ਊਸਾ ਰਾਣੀ ਦੀ ਅਗਵਾਈ ਹੇਠ ਡਿਪਟੀ ਕਮਿਸਨਰ ਦਫਤਰ ਸੰਗਰੂਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਈਆਂ ਇਸ ਨਾਲ ਪੁਲਿਸ ਪ੍ਰਸਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਉਪਰੰਤ ਉਹ ਕਾਫਲੇ ਦੇ ਰੂਪ ਵਿਚ ਮਾਹਾਂਵੀਰ ਚੌਕ ਵਿਚ ਚੱਲ ਰਹੇ ਸੱਤਿਆਗ੍ਰਹਿ ਵਿਚ ਸ਼ਾਮਲ ਹੋਈਆ। ਇਸ ਸਮੇਂ ਬਲਵਿੰਦਰ ਕੌਰ ਲਹਿਰਾ, ਸਰਵਜੀਤ ਕੌਰ ਸੰਗਰੂਰ , ਬਲਜੀਤ ਕੌਰ ਪਲਾਸੌਰ ਮਨਦੀਪ ਕੌਰ ਸੰਗਰੂਰ ਤੇ ਹੋਰ ਸਾਮਲ ਸਨ। ਇਹਨਾਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਆਪਣੇ ਆਪ ਨੂੰ ਗਿਫਤਾਰੀਆਂ ਲਈ ਪੇਸ ਕੀਤਾ ਪਰ ਜਿਲ੍ਹਾ ਪ੍ਰਸਾਸਨ ਨੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਢਾਈ ਵਜੇ ਇਹਨਾਂ ਨੇ ਜਾਮ ਖੋਲ੍ਹ ਦਿੱਤਾ ਤੇ ਧਰਨਾ ਸਮਾਪਤ ਕਰ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੰਤ ਸਿੰਘ ਨਮੋਲ, ਦੇਵ ਰਾਜ ਵਰਮਾ ਸਕੱਤਰ ਸੀਟੂ, ਬਲਦੇਵ ਸਿੰਘ ਨਿਹਾਲਗੜ੍ਹ, ਭੀਮ ਸਿੰਘ ਆਲਮਪੁਰ, ਰੋਹੀ ਸਿੰਘ, ਮੇਜਰ ਸਿੰਘ ਪੁੰਨਾਵਾਲ, ਰਾਮ ਸਿੰਘ ਸੋਹੀਆਂ, ਜਰਨੈਲ ਸਿੰਘ ਜਨਾਲ, ਭਰਭੂਰ ਸਿੰਘ ਦੁੱਗਾਂ, ਸੁਖਦੇਵ ਸਰਮਾ, ਨਿਰਮਲ ਸਿੰਘ, ਹਰਦੇਵ ਸਿੰਘ ਘਨੌਰੀ ਕਲਾਂ, ਕਰਤਾਰ ਸਿੰਘ ਮਹੋਲੀ, ਘੁਮੰਡ ਸਿੰਘ ਉਗਰਾਹਾ ਅਤੇ ਚਾਰੇ ਪਾਰਟੀਆ ਦੇ ਪ੍ਰਮੁੱਖ ਆਗੂ ਹਾਜ਼ਰ ਸਨ।
 
ਫਿਰੋਜ਼ਪੁਰ - ਚਾਰ ਖੱਬੇ ਪੱਖੀ ਪਾਰਟੀਆਂ ਦੇ ਸੱਦੇ 'ਤੇ ਅੱਜ ਡੀ  ਸੀ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਖੱਬੇ ਪੱਖੀ ਪਾਰਟੀਆਂ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਾਮਰੇਡ ਵਾਸਦੇਵ ਸਿੰਘ ਗਿੱਲ, ਕਾ. ਹੰਸਾ ਸਿੰਘ ਅਤੇ ਕਾ. ਰਮੇਸ਼ ਠਾਕੁਰ ਨੇ ਕੀਤੀ। ਧਰਨੇ ਵਿਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਧਰਨੇ ਵਿਚ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਸੀ ਪੀ ਆਈ ਐੱਮ, ਕਾ. ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਸੀਪੀਆਈ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਲੋਕਾਂ ਵਿਚ ਵੰਡ ਪਾਓ, ਫੁੱਟ ਪਾਓ ਅਤੇ ਗਰੀਬਾਂ ਦੀਆਂ ਰੋਟੀ-ਰੋਜ਼ੀ ਖੋਹਣ ਵਾਲੀਆਂ ਨੀਤੀਆਂ ਦੀ ਸਖਤ ਨਿਖੇਧੀ ਕੀਤੀ। ਕਮਿਊਨਿਸਟ ਆਗੂਆਂ ਨੇ ਦੇਸ਼ ਵਿਚ ਫੈਲੀ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਲਈ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ। ਕਮਿਊਨਿਸਟ ਆਗੂਆਂ ਨੇ ਖੇਤ ਮਜ਼ਦੂਰਾਂ ਅਤੇ ਸ਼ਹਿਰੀ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਬੁਢਾਪਾ, ਵਿਧਵਾ ਅਤੇ ਅੰਗਹੀਣਾਂ ਨੂੰ ਚਾਰ ਹਜ਼ਾਰ ਰੁਪਏ ਪੈਨਸ਼ਨ ਦੇਣਾ। ਕਾ. ਹਰੀ ਚੰਦ, ਕਾ. ਹੰਸਾ ਸਿੰਘ, ਕਾ. ਜੋਗਿੰਦਰ ਸਿੰਘ ਖਹਿਰਾ ਨੇ ਆਖਿਆ ਕਿ ਸਰਕਾਰ ਨੇ ਬਾਰਡਰ ਏਰੀਏ ਦੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਤਾਂ ਕਿਤੇ ਰਿਹਾ ਬਾਰਡਰ ਏਰੀਏ ਅਤੇ ਨਿਕਾਸੀ ਜ਼ਮੀਨਾਂ 'ਤੇ ਕਾਬਜ਼ ਕਾਸ਼ਤਕਾਰਾਂ ਨੂੰ ਉਜਾੜਿਆ ਜਾ ਰਿਹਾ ਹੈ। ਕਮਿਊਨਿਸਟ ਆਗੂਆਂ ਨੇ ਪਿੰਡ ਵਿਚ ਸਿਹਤ ਸਹੂਲਤਾਂ ਅਤੇ ਵਿੱਦਿਅਕ ਸਹੂਲਤਾਂ ਪੂਰੇ ਢੰਗ ਨਾਲ ਦੇਣ ਦੀ ਮੰਗ ਕੀਤੀ। ਕਮਿਊਨਿਸਟ ਆਗੂਆਂ ਨੇ ਭੂ-ਮਾਫੀਆ ਅਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਨਾ ਪਾਉਣ ਲਈ ਅਕਾਲੀ ਸਰਕਾਰ ਨੂੰ ਜ਼ੁੰਮੇਵਾਰ ਦੱਸਿਆ ਅਤੇ ਲੋਕਾਂ ਨੂੰ ਇਨ੍ਹਾਂ ਵਿਰੁੱਧ ਇਕਮੁੱਠ ਹੋ ਕੇ ਸੰਘਰਸ਼ ਅਲਾਮਤਾ ਨੂੰ ਕੇਵਲ ਤੇ ਕੇਵਲ ਖੱਬੀਆਂ ਪਾਰਟੀਆਂ ਹੀ ਨੱਥ ਪਾ ਸਕਦੀਆਂ ਹਨ। ਧਰਨੇ ਨੂੰ ਕਾ. ਢੋਹ ਮਾਲੀ, ਸਤਨਾਮ ਚੰਦ, ਕਰਨੈਲ ਸਿੰਘ, ਯਸ਼ਪਾਲ, ਜਰਨੈਲ ਸਿੰਘ ਮੱਖੂ, ਅੰਗਰੇਜ਼ ਸਿੰਘ, ਬੱਗਾ ਸਿੰਘ, ਭਗਵਾਨ ਦਾਸ, ਅਜਮੇਰ ਸਿੰਘ, ਦਰਸ਼ਨ ਸਿੰਘ, ਮਹਿੰਦਰ ਸਿੰਘ ਅਕਾਲੀ ਅਰਾਈਂ, ਚਰਨਜੀਤ ਛਾਂਗਾ ਰਾਏ ਆਦਿ ਨੇ ਵੀ ਸੰਬੋਧਨ ਕੀਤਾ।
 
ਫਾਜ਼ਿਲਕਾ - ਪੰਜਾਬ ਦੀਆਂ ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਸੂਬੇ ਭਰ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਅਤੇ ਦੇਸ਼ ਵਿੱਚ ਭਾਜਪਾ ਅਤੇ ਸੰਘ ਕਾਰਕੁੰਨਾਂ ਵੱਲੋਂ ਆਮ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਸਥਾਨਕ ਡੀ ਸੀ ਦਫਤਰ ਸਾਹਮਣੇ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ), ਸੀ ਪੀ ਐੱਮ ਪੰਜਾਬ ਵੱਲੋਂ ਸਾਂਝੇ ਤੌਰ 'ਤੇ ਆਪਣੇ ਸੈਂਕੜੇ ਵਰਕਰਾਂ ਨਾਲ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸੀ ਪੀ ਆਈ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੀ ਪੀ ਆਈ (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਚਰਨ ਅਰੋੜਾ ਅਤੇ ਸੀ ਪੀ ਐੱਮ ਪੰਜਾਬ ਦੇ ਜ਼ਿਲ੍ਹਾ ਸਕੱਤਰ ਗੁਰਮੇਜ ਸਿੰਘ ਗੇਜੀ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਕਾਮਰੇਡ ਗੋਲਡਨ, ਕਾਮਰੇਡ ਅਰੋੜਾ ਤੇ ਕਾਮਰੇਡ ਗੇਜੀ ਨੇ ਕਿਹਾ ਕਿ ਦੇਸ਼ ਅੰਦਰ ਆਰਥਕ ਨੀਤੀਆਂ ਕੌਮਾਂਤਰੀ ਪੱਧਰ 'ਤੇ ਕਾਰਪੋਰੇਟ ਘਰਾਣਿਆਂ ਲਈ ਅਤੇ ਦੇਸ਼ ਦੀ ਜਨਤਾ ਵਿਰੁੱਧ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਦੇਸ਼ ਦਾ ਆਮ ਤੇ ਮੱਧ ਵਰਗ ਆਰਥਕ ਤੰਗੀ ਦੇ ਬੋਝ ਹੇਠ ਪਿਸ ਰਿਹਾ ਅਤੇ ਦੇਸ਼ ਦੇ ਮੁੱਠੀ ਭਰ ਸਰਮਾਏਦਾਰ ਦੇਸ਼ ਦੇ ਲੋਕਾਂ ਦੇ ਖਜ਼ਾਨੇ ਦੀ ਲੁੱਟ ਕਰਕੇ ਐਸ਼ਪ੍ਰਸਤੀ ਕਰ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਹੁਣ ਦੇਸ਼ ਅਤੇ ਸੂਬੇ ਦੀ ਜਨਤਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰੇ। ਲੋਕ ਰੋਹ ਹੁਣ ਆਪ-ਮੁਹਾਰੇ ਬਣ ਕੇ ਉਠਣਗੇ, ਜਿਸ ਨੂੰ ਦੇਸ਼ੀ ਅਤੇ ਵਿਦੇਸ਼ੀ ਸਰਮਾਏਦਾਰੀ ਰੋਕ ਨਹੀਂ ਸਕੇਗੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਢੰਡੀਆਂ, ਕਾਮਰੇਡ ਨੱਥਾ ਸਿੰਘ ਤੇ ਰਾਮ ਕੁਮਾਰ ਵਰਮਾ ਨੇ ਕਿਹਾ ਕਿ ਦੇਸ਼ ਅੰਦਰ ਦਲਿਤਾਂ 'ਤੇ ਆਰ ਐੱਸ ਐੱਸ ਦੇ ਲੱਠਮਾਰਾਂ ਵੱਲੋਂ ਸਰੇਆਮ ਜ਼ੁਲਮ ਢਾਹਿਆ ਜਾ ਰਿਹਾ ਹੈ, ਪਰ ਸੂਬੇ ਦੀ ਪੁਲਸ ਮੂਕ-ਦਰਸ਼ਕ ਬਣ ਕੇ ਰਹਿ ਗਈ ਹੈ। ਕਮਿਊਨਿਸਟ ਪਾਰਟੀਆਂ ਵੱਲੋਂ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਦਿੱਤੇ ਗਏ ਧਰਨੇ ਵਿੱਚ ਮੰਗ ਕੀਤੀ ਗਈ ਕਿ ਸਰਕਾਰਾਂ ਸਭ ਲਈ ਰੁਜ਼ਗਾਰ, ਮੁਫਤ ਸਿੱਖਿਆ ਤੇ ਇਲਾਜ, ਰਹਿਣ ਲਈ ਯੋਗ ਘਰ ਲਈ 10-10 ਮਰਲੇ ਦਾ ਪਲਾਟ ਅਤੇ ਘਰ ਬਣਾਉਣ ਲਈ ਸਸਤੀ ਦਰ 'ਤੇ 3 ਲੱਖ ਰੁਪਏ ਕਰਜ਼ੇ ਦੀ ਸਹੂਲਤ, ਸਨਮਾਨਯੋਗ ਪੈਨਸ਼ਨ, ਕਿਸਾਨ-ਮਜ਼ਦੂਰ ਕਰਜ਼ਿਆਂ ਦਾ ਖਾਤਮਾ ਕੀਤਾ ਜਾਵੇ। ਸੂਬੇ ਅੰਦਰ ਰੇਤ ਮਾਫੀਏ, ਸਿੱਖਿਆ ਮਾਫੀਏ, ਟਰਾਂਸਪੋਰਟ ਮਾਫੀਏ, ਕੇਬਲ ਨੈੱਟਵਰਕ ਮਾਫੀਏ ਨੂੰ ਨੱਥ ਪਾਈ ਜਾਵੇ। ਪੁਲਸ ਵਧੀਕੀਆਂ ਬੰਦ ਕੀਤੀਆਂ ਜਾਣ ਅਤੇ ਦੋਸ਼ੀ ਪੁਲਸ ਅਫਸਰਾਂ ਅਤੇ ਮੁਲਾਜ਼ਮਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ।
ਇਸ ਧਰਨੇ ਨੂੰ ਦੀਵਾਨ ਸਿੰਘ, ਬਿੰਦਰ ਮਾਹਲਮ, ਵਜ਼ੀਰ ਚੰਦ, ਜੰਮੂ ਰਾਮ, ਹਰਦੀਪ ਸਿੰਘ, ਬਲਵੰਤ ਚੋਹਾਣਾ, ਬਖਤਾਵਰ ਸਿੰਘ, ਮਹਿੰਗਾ ਰਾਮ ਕਟਿਹੜਾ, ਭਰਪੂਰ ਸਿੰਘ, ਬਲਦੇਵ ਲਾਧੂਕਾ, ਸਾਧੂ ਰਾਮ ਕਾਠਗੜ੍ਹ, ਪੂਰਨ ਚੰਦ ਸੈਦਾਂਵਾਲੀ, ਬਲਵਿੰਦਰ ਪੰਜਾਵਾ, ਅਵਿਨਾਸ਼ ਚੰਦਰ ਲਾਲੋਵਾਲੀ, ਜੱਗਾ ਸਿੰਘ, ਸਤਨਾਮ ਰਾਏ, ਜੈਮਲ ਰਾਮ, ਰਮੇਸ਼ ਵਡੇਰਾ, ਰਾਮ ਕ੍ਰਿਸ਼ਨ ਧੁਨਕੀਆ, ਕੁਲਵੰਤ ਸਿੰਘ ਕਿਰਤੀ, ਅਵਤਾਰ ਸਿੰਘ ਅਬੋਹਰ, ਕਾਮਰੇਡ ਰਿਛੀਪਾਲ, ਹਰਭਜਨ ਛੱਪੜੀਵਾਲਾ ਤੇ ਬਲਵੀਰ ਸਿੰਘ ਕਾਠਗੜ੍ਹ ਨੇ ਵੀ ਸੰਬੋਧਨ ਕੀਤਾ।
 
ਫਤਿਹਗੜ੍ਹ ਸਾਹਿਬ - ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਡੀ ਸੀ ਦਪਤਰ ਸਾਹਮਣੇ ਖੱਬੀਆਂ ਪਾਰਟੀਆਂ ਦੇ ਸੈਂਕੜੇ ਵਰਕਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਪਿੱਟ-ਸਿਆਪਾ ਕੀਤਾ। ਇਸ ਮੁਜ਼ਾਹਰੇ ਦੀ ਅਗਵਾਈ ਸੀ ਪੀ ਆਈ ਦੇ ਸਕੱਤਰ ਅਮਰਨਾਥ, ਸੀ ਪੀ ਐੱਮ ਪੰਜਾਬ ਦੇ ਆਗੂ ਗੁਰਬਚਨ ਸਿੰਘ ਵਿਰਦੀ ਅਤੇ ਸੀ ਪੀ ਐੱਮ ਦੇ ਆਗੂ ਲਛਮਣ ਸਿੰਘ ਮੰਢੇਰ ਨੇ ਕੀਤੀ। ਇਨ੍ਹਾਂ ਆਗੂਆਂ ਨੇ ਬੋਲਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਇਨ੍ਹਾਂ ਦੇ ਰਾਜ ਵਿੱਚ ਸੇਵਾ ਨਹੀਂ, ਗੁੰਡਾਗਰਦੀ ਹੋ ਰਹੀ ਹੈ। ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਅਮਨ-ਕਾਨੂੰਨ ਦੀ ਹਾਲਤ ਪੂਰੀ ਵਿਗੜੀ ਹੋਈ ਹੈ। ਕੇਂਦਰ ਸਰਕਾਰ 100 ਦਿਨਾਂ ਅੰਦਰ ਕਾਲਾ ਧਨ ਵਾਪਸ ਲਿਆਉਣ ਲਈ ਟਾਹਰਾਂ ਮਾਰਨ ਵਾਲੀ ਮੋਦੀ-ਜੇਤਲੀ ਦੀ ਜੁੰਡਲੀ ਇੱਕ ਵੀ ਪੈਸਾ ਵਾਪਸ ਨਹੀਂ ਲਿਆ ਸਕੀ। ਇਹ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਵੀ ਫੇਲ੍ਹ ਹੋਈ ਹੈ, ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਇਨ੍ਹਾਂ ਸਰਕਾਰਾਂ ਦੇ ਰਾਜ ਵਿੱਚ ਦਲਿਤਾਂ  'ਤੇ ਲਗਾਤਾਰ ਜ਼ੁਲਮ ਹੋ ਰਿਹਾ ਹੈ, ਗਊ ਰਕਸ਼ਾ ਦੇ ਨਾਂਅ 'ਤੇ ਦਲਿਤਾਂ ਨੂੰ ਸਰੇਆਮ ਬਾਜ਼ਾਰਾਂ ਵਿੱਚ ਕੁੱਟਿਆ ਜਾ ਰਿਹਾ ਹੈ। ਘੱਟ ਗਿਣਤੀਆਂ 'ਤੇ ਹਮਲੇ ਹੋ ਰਹੇ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੂੰ ਕੋਈ ਚਿੰਤਾ ਹੈ। ਹਰ ਰੋਜ਼ ਘੱਟ ਤੋਂ ਘੱਟ ਦੋ ਕਿਸਾਨ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਕਾਰਪੋਰੇਟ ਜਗਤ ਨੂੰ ਕਰੋੜਾਂ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਬੁਲਾਰਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਨੂੰ 200 ਦਿਨ ਦਾ ਰੁਜ਼ਗਾਰ ਦਿੱਤਾ ਜਾਵੇ ਅਤੇ ਦਿਹਾੜੀ 400 ਰੁਪਏ ਕੀਤੀ ਜਾਵੇ ਅਤੇ ਇਸ ਸਕੀਮ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ। 60 ਸਾਲ ਦੀ ਉਮਰ ਵਾਲੇ ਸਾਰੇ ਵਿਅਕਤੀਆਂ ਨੂੰ ਘੱਟੋ-ਘੱਟ 3000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਤਨਖਾਹ ਘੱਟੋ-ਘੱਟ 18000 ਰੁਪਏ ਕੀਤੀ ਜਾਵੇ। ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ 3 ਲੱਖ ਰੁਪਏ ਦੀ  ਗਰਾਂਟ ਦਿੱਤੀ ਜਾਵੇ। ਬੁਲਾਰਿਆਂ ਨੇ ਮੋਦੀ ਨੂੰ ਇਹ ਵੀ ਯਾਦ ਕਰਵਾਇਆ ਕਿ ਅਜ਼ਾਦੀ ਦੀ ਲੜਾਈ ਵਿੱਚ ਨਹਿਰੂ, ਗਾਂਧੀ, ਲਾਲਾ ਲਾਜਪਤ ਰਾਏ, ਭਗਤ ਸਿੰਘ ਅਤੇ ਹੋਰ ਹਜ਼ਾਰਾਂ ਦੇਸ਼ ਭਗਤਾਂ ਨੇ ਕੇਵਲ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਹਨ, ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਕਿਸੇ ਵੀ ਹਿੰਦੂ, ਸਿੱਖ, ਈਸਾਈ ਨੇ ਸੰਘਰਸ਼ ਨਹੀਂ ਲੜਿਆ ਅਤੇ ਨਾ ਹੀ ਜਾਨਾਂ ਕੁਰਬਾਨ ਕੀਤੀਆਂ ਹਨ।
ਇਸ ਮੁਜ਼ਾਹਰੇ ਨੂੰ ਕਾਮਰੇਡ ਅਮਰਨਾਥ, ਗੁਰਬਚਨ ਸਿੰਘ ਵਿਰਦੀ, ਲਛਮਣ ਸਿੰਘ ਮੰਢੇਰ ਤੋਂ ਇਲਾਵਾ ਸੁਖਦੇਵ ਸਿੰਘ ਟਿੱਬੀ, ਵਿਨੋਦ ਕੁਮਾਰ ਪੱਪੂ, ਹਰਦੇਵ ਸਿੰਘ ਬਡਲਾ, ਸਿਮਰਤ ਕੌਰ ਝਾਮਪੁਰ, ਮਨਜੀਤ ਸਿੰਘ, ਅਮਰਜੀਤ ਸਿੰਘ ਕੋਟਲਾ ਅਜਨੇਰ ਅਤੇ ਰਘਬੀਰ ਸਿੰਘ, ਸੀ ਪੀ ਆਈ ਆਗੂ ਗੁਲਜ਼ਾਰ ਗੋਰੀਆ ਤੇ ਇੰਦਰਜੀਤ ਸਿੰਘ ਤੇ ਕਾਮਰੇਡ ਨੱਥਾ ਸਿੰਘ ਨੇ ਵੀ ਸੰਬੋਧਨ ਕੀਤਾ।
 
ਫਰੀਦਕੋਟ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਸੀ.ਪੀ.ਆਈ., ਸੀ. ਪੀ. ਆਈ. ਐੱਮ., ਸੀ.ਪੀ.ਐੱਮ. (ਪੰਜਾਬ), ਸੀ. ਪੀ. ਆਈ. ਐੱਮ. ਐੱਲ. (ਲਿਬਰੇਸ਼ਨ) ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਲਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਅਪਾਰ ਸਿੰਘ ਸੰਧੂ, ਗੁਰਤੇਜ ਹਰੀ ਨੌਂ, ਗੋਰਾ ਸਿੰਘ ਪਿੱਪਲੀ, ਪਵਨਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਸਰਕਾਰ ਮੰਗ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼  ਕੀਤਾ ਜਾਵੇ, ਨਵੇਂ ਸਿਰੇ ਤੋਂ ਵਿਆਜ ਰਹਿਤ ਲੰਬੀ ਮਿਆਦ ਦੇ ਕਰਜ਼ੇ ਦੀ ਵਿਵਸਥਾ ਕੀਤੀ ਜਾਵੇ, ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਸ਼ੁਰੂ ਕੀਤਾ ਜਾਵੇ, ਫਸਲਾਂ ਦੇ ਭਾਅ ਸੂਚਕ ਅੰਕ ਨਾਲ ਜੋੜੇ ਜਾਣ, ਸਰਕਾਰ ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਨ-ਬਿਨ ਲਾਗੂ ਕੀਤੀ ਜਾਵੇ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 500 ਰੁਪਏ ਕੀਤੀ ਜਾਵੇ, ਮਨਰੇਗਾ ਮਜ਼ਦੂਰਾਂ ਦੇ ਬਕਾਇਆ ਰਹਿੰਦੇ ਪੈਸੇ ਤੁਰੰਤ ਦਿੱਤੇ ਜਾਣ, ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ, ਸਕੂਲਾਂ, ਹਸਪਤਾਲਾਂ ਤੇ ਹੋਰ ਸਰਕਾਰੀ ਅਦਾਰਿਆਂ ਅੰਦਰ ਖਾਲੀ ਪਈਆਂ ਆਸਾਮੀਆਂ ਤੁਰੰਤ ਭਰੀਆਂ ਜਾਣ, ਨਸ਼ਿਆਂ ਨੂੰ ਨੱਥ ਪਾਈ ਜਾਵੇ, ਔਰਤਾਂ 'ਤੇ ਅੱਤਿਆਚਾਰ ਰੋਕਿਆ ਜਾਵੇ ਅਤੇ ਹਰ ਰੋਜ਼ ਵਾਪਰ ਰਹੀਆਂ ਜਬਰ ਜਿਨਾਹ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਇਸ ਧਰਨੇ ਨੂੰ ਜਗਤਾਰ ਸਿੰਘ, ਮਲਕੀਤ ਸਿੰਘ, ਰੇਸ਼ਮ ਸਿੰਘ ਮੱਤਾ, ਅਸ਼ਵਨੀ ਕੁਮਾਰ, ਜੈ ਕਿਸ਼ਨ, ਸੁਖਦੀਪ ਕੌਰ, ਮਨਜੀਤ ਕੌਰ ਅਤੇ ਰਾਮ ਸਿੰਘ ਆਦਿ ਹਾਜਰ ਸਨ।

ਚਾਰ ਖੱਬੀਆਂ ਪਾਰਟੀਆਂ ਵੱਲੋਂ ਧਰਨਾਸੰਗਰੂਰ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ. ਪੀ. ਆਈ., ਸੀ. ਪੀ. ਆਈ (ਐਮ), ਸੀ.ਪੀ.ਆਈ ਪੰਜਾਬ ਅਤੇ ਸੀ. ਪੀ. ਆਈ (ਐਮ.ਐਲ) ਲਿਬਰੇਸ਼ਨ ਵੱਲੋਂ 8 ਤੇ 9 ਅਗਸਤ ਦੇ ਧਰਨੇ ਦੇ ਦਿੱਤੇ ਸੱਦੇ ਮੁਤਾਬਕ ਜ਼ਿਲ੍ਹਾ ਹੈੱਡ ਕੁਆਟਰ 'ਤੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀ. ਪੀ. ਆਈ (ਐੱਮ) ਵੱਲੋਂ ਕਾਮਰੇਡ ਭੂਪ ਚੰਦ ਚੰਨੋਂ ਅਤੇ ਸੀ ਪੀ ਆਈ ਦੇ ਸਕੱਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਮਹਿੰਗਾਈ ਘੱਟ ਕਰਨ, ਬੇਰੁਜ਼ਗਾਰੀ ਦਾ ਹੱਲ ਕਰਨ, ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਘਰਾਂ ਵਾਸਤੇ ਪਲਾਟ ਦੇਣ ਅਤੇ ਕਿਸਾਨੀ ਕਰਜ਼ਾ ਮੁਆਫ ਕਰਨ ਤੇ ਖੁਦਕਸ਼ੀਆਂ ਰੋਕਣ ਵਿੱਚ ਨਾ ਕਾਮਯਾਬ ਸਾਬਤ ਹੋਈਆਂ ਹਨ। ਇਨ੍ਹਾਂ ਦੇ ਰਾਜ ਵਿੱਚ ਦਲਿਤਾਂ, ਪੱਛੜੇ ਲੋਕਾਂ ਅਤੇ ਔਰਤਾਂ 'ਤੇ ਅਤਿਆਚਾਰ ਹੋ ਰਹੇ ਹਨ। ਦੋਨੋਂ ਸਰਕਾਰਾਂ ਤਮਾਸ਼ਬੀਨ ਬਣੀਆਂ ਹੋਈਆਂ ਹਨ, ਜੋ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੀ ਪੀ ਐਮ ਪੰਜਾਬ ਦੇ ਆਗੂ ਗੱਜਣ ਸਿੰਘ ਦੁੱਗਾਂ ਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੋਬਿੰਦ ਛਾਜਲੀ ਨੇ ਕਿਹਾ ਕਿ ਕੇਂਦਰ ਤੇ ਬਾਦਲ ਸਰਕਾਰ ਨਸ਼ਾਖੋਰੀ ਦਾ ਖਾਤਮਾ ਤੇ ਨਸ਼ਾ ਵਿਉਪਾਰੀਆਂ 'ਤੇ ਨੱਥ ਪਾਉਣ 'ਚ ਫੇਲ੍ਹ ਸਾਬਤ ਹੋਈ ਹੈ। ਵਿੱਦਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੀਆਂ। ਪੰਜਾਬ ਵਿੱਚ ਅਮਨ ਕਾਨੂੰਨ ਦੀ ਕੋਈ ਚੀਜ਼ ਨਹੀਂ। ਦਿਨ ਦਿਹਾੜੇ ਡਾਕੇ, ਲੁੱਟਾਂ ਖੋਹਾਂ ਅਤੇ ਹਮਲੇ ਵਧ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨ ਇਨਸਾਫ ਦੇਣ ਦੀ ਬਜਾਏ ਅਕਾਲੀ-ਭਾਜਪਾ ਸਰਕਾਰ ਦੀ ਬੀ ਟੀਮ ਦੇ ਤੌਰ 'ਤੇ ਕੰਮ ਕਰ ਰਿਹਾ ਹੈ।
ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੱਤੀ ਜੇਕਰ ਦੋ ਰੋਜ਼ਾ ਧਰਨੇ ਵੱਲ ਸਰਕਾਰਾਂ ਨੇ ਧਿਆਨ ਨਾ ਦਿੱਤਾ ਤਾਂ ਅਗਲਾ ਸੰਘਰਸ਼ ਇਸ ਤੋਂ ਵੀ ਸਖਤ ਹੋਵੇਗਾ।
ਧਰਨੇ ਨੂੰ ਬੰਤ ਸਿੰਘ ਨਮੋਲ, ਦੇਵ ਰਾਜ ਵਰਮਾ ਸਕੱਤਰ ਸੀਟੂ, ਬਲਦੇਵ ਸਿੰਘ, ਭੀਮ ਸਿੰਘ ਆਲਮਪੁਰ, ਰੋਹੀ ਸਿੰਘ, ਮੇਜਰ ਸਿੰਘ ਪੁੰਨਾਵਾਲ, ਰਾਮ ਸਿੰਘ ਸੋਹੀਆਂ, ਜਰਨੈਲ ਸਿੰਘ ਜਨਾਲ, ਭਰਭੂਰ ਸਿੰਘ ਦੁੱਗਾਂ, ਸੁਖਦੇਵ ਸ਼ਰਮਾ, ਨਿਰਮਲ ਸਿੰਘ , ਹਰਦੇਵ ਸਿੰਘ ਘਨੌਰੀ ਕਲਾਂ, ਕਰਤਾਰ ਸਿੰਘ ਮਹੌਲੀ ਨੇ ਵੀ ਸੰਬੋਧਨ ਕੀਤਾ।
 


Report  Of  09.08.2016 
ਚੰਡੀਗੜ੍ਹ - ਦੇਸ਼ ਭਰ ਵਿਚ ਦਲਿਤਾਂ ਉਤੇ ਸੰਘੀ-ਤਾਕਤਾਂ ਵਲੋਂ ਹੋ ਰਹੇ ਅੱਤਿਆਚਾਰਾਂ ਵਿਰੁੱਧ ਅੱਜ ਪੰਜਾਬ ਭਰ ਵਿਚ  ਸਾਰੇ ਜ਼ਿਲ੍ਹਿਆਂ ਉਤੇ ਡੀ.ਸੀ. ਦਫਤਰਾਂ ਅਗੇ ਖੱਬੀਆਂ ਪਾਰਟੀਆਂ ਵਲੋਂ ਧਰਨੇ ਆਰੰਭ ਕੀਤੇ ਗਏ, ਜਿਹੜੇ ਕੱਲ੍ਹ ਤੱਕ ਜਾਰੀ ਰਹਿਣਗੇ ਅਤੇ ਕੱਲ੍ਹ ਨੂੰ ਵਿਸ਼ਾਲ ਸਾਂਝੇ ਮੁਜ਼ਾਹਰਿਆਂ ਨਾਲ ਸਿਰੇ ਚੜ੍ਹਣਗੇ।
ਇਥੇ ਸੂਬਾ ਹੈਡਕੁਆਟਰ ਵਿਚ ਪੁੱਜੀਆਂ ਰਿਪੋਰਟਾਂ ਮੁਤਾਬਕ ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਨਵਾਂ ਸ਼ਹਿਰ ਆਦਿ ਥਾਵਾਂ 'ਤੇ ਅੱਜ ਧਰਨੇ ਮਾਰੇ ਗਏ, ਜਿਹਨਾਂ ਨੂੰ ਚਾਰਾਂ ਖੱਬੀਆਂ ਪਾਰਟੀਆਂ ਦੇ ਸੂਬਾ ਸਕੱਤਰਾਂ ਸੀ ਪੀ ਆਈ ਦੇ ਸਾਥੀ ਹਰਦੇਵ ਸਿੰਘ ਅਰਸ਼ੀ, ਸੀ ਪੀ ਆਈ (ਐਮ) ਦੇ ਸਾਥੀ ਚਰਨ ਸਿੰਘ ਵਿਰਦੀ, ਸੀ ਪੀ ਐਮ (ਪੰਜਾਬ) ਦੇ ਸਾਥੀ ਮੰਗਤ ਰਾਮ ਪਾਸਲਾ ਅਤੇ ਸੀ ਪੀ ਆਈ(ਐਮ ਐਲ) ਲਿਬਰੇਸ਼ਨ ਦੇ ਸਾਥੀ ਗੁਰਮੀਤ ਸਿੰਘ ਬਖਤੂਪੁਰਾ ਨੇ ਅਤੇ ਦੂਜੇ ਸੂਬਾਈ ਅਤੇ ਜ਼ਿਲ੍ਹਾ ਆਗੂਆਂ ਨੇ ਮੁਖਾਤਬ ਕੀਤਾ ਅਤੇ ਦੇਸ਼ ਵਿਚ ਭਾਜਪਾ ਅਗਵਾਈ ਵਾਲੀ ਸਰਕਾਰ ਬਣਨ ਮਗਰੋਂ ਦਲਿਤਾਂ, ਇਸਤਰੀਆਂ, ਘਟ ਗਿਣਤੀਆਂ, ਕਬਾਇਲੀਆਂ ਅਤੇ ਉੱਚ-ਸਿੱਖਿਆ ਅਦਾਰਿਆਂ ਉਤੇ ਵਧੇ ਹੋਏ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੰਘੀ ਕਾਰਕੁਨਾਂ ਨੇ ਜੋ ਗੋ-ਰੱਖਿਆ ਦੇ ਨਾਂਅ ਉਤੇ ਅੱਤ ਚੁੱਕੀ ਹੋਈ ਹੈ ਅਤੇ ਲੋਕਾਂ ਦੇ ਜਮਹੂਰੀ ਅਤੇ ਜ਼ਿੰਦਾ ਰਹਿਣ ਦੇ ਹੱਕ ਨੂੰ ਕੁਚਲਿਆ ਜਾ ਰਿਹਾ ਹੈ, ਉਸ ਉਤੇ ਅੱਜ ਪ੍ਰਧਾਨ ਮੰਤਰੀ ਮੋਦੀ ਵਲੋਂ ਵਹਾਏ ਮਗਰਮੱਛ ਦੇ ਹੰਝੂ ਕਿਸੇ ਨੂੰ ਵੀ ਬੇਵਕੂਫ ਨਹੀਂ ਬਣਾ ਸਕਦੇ। ਇਹਨਾਂ ਧਰਨਿਆਂ ਦਾ ਫੈਸਲਾ ਖੱਬੀਆਂ ਪਾਰਟੀਆਂ ਨੇ ਗੁਜਰਾਤ ਵਿਚ ਊਨਾ ਵਿਖੇ ਦਲਿਤਾਂ ਨੂੰ ਅੱਧ-ਨੰਗਿਆਂ ਕਰਕੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਵਿਰੁਧ ਸਾਂਝਾ ਰੋਸ ਪ੍ਰਗਟ ਕਰਨ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਕੀਤਾ ਸੀ। ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਦੇ ਸਾਥੀ ਕੱਲ੍ਹ ਨੂੰ ਸਾਂਝੇ ਤੌਰ 'ਤੇ ਚੰਡੀਗੜ੍ਹ ਵਿਚ ਰੋਸ ਰੈਲੀ ਕਰਨਗੇ।
ਮੋਗਾ (ਅਮਰਜੀਤ ਬੱਬਰੀ)-ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਦੋ ਰੋਜ਼ਾ ਧਰਨਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਸ਼ੁਰੂ ਕੀਤਾ ਗਿਆ। ਇਸ ਐਕਸ਼ਨ ਦੀ ਅਗਵਾਈ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ  ਸੁਰਜੀਤ ਸਿੰਘ ਗਗੜਾ ਵੱਲੋਂ ਕੀਤੀ ਗਈ। ਵੱਡੀ ਗਿਣਤੀ 'ਚ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਪਿਛਲੇ 24 ਸਾਲਾਂ ਤੋਂ ਅਪਣਾਈ ਨਵ-ਉਦਾਰਵਾਦੀ ਨੀਤੀ ਦਾ ਸਿੱਟਾ ਹੈ ਕਿ ਅੱਜ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਤੇ ਛੋਟੇ ਕਾਰੋਬਾਰੀ ਸਮੇਤ ਪਰਵਾਰ ਖੁਦਕੁਸ਼ੀਆਂ ਕਰ ਰਹੇ ਹਨ। ਵਿਆਜੂ ਪੈਸਾ ਦੇਣ ਵਾਲੇ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸੋਚੀ-ਸਮਝੀ ਨੀਤੀ ਤਹਿਤ ਹੀ ਸਰਕਾਰੀ ਅਦਾਰਿਆਂ ਹਸਪਤਾਲ, ਸਕੂਲ, ਬੱਸਾਂ, ਬਿਜਲੀ, ਬੈਂਕ ਆਦਿ ਨੂੰ ਬਦਨਾਮ ਕਰਕੇ ਬੰਦ ਕੀਤੀ ਗਿਆ ਸੀ। ਅੱਜ ਲੋਕਾਂ ਨੂੰ ਟਰਾਂਸਪੋਰਟ,  ਸਿੱਖਿਆ, ਘਰ, ਇਲਾਜ ਆਦਿ ਪ੍ਰਾਪਤ ਕਰਨ ਲਈ ਕਰਜ਼ੇ ਚੁੱਕਣੇ ਪੈ ਰਹੇ ਹਨ। ਕਾਂਗਰਸ ਵੱਲੋਂ ਲਿਆਂਦੀ ਉਕਤ ਨੀਤੀ ਨੂੰ ਅਕਾਲੀ ਦਲ ਅਤੇ ਭਾਜਪਾ ਵੱਲੋਂ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਰੱਖਿਆ ਪ੍ਰਚੂਨ ਵਰਗੇ ਅਦਾਰਿਆਂ ਅੰਦਰ ਕੀਤਾ ਜਾ ਰਿਹਾ ਸੌ ਫੀਸਦੀ ਐੱਫ ਡੀ ਆਈ ਹੋਰ ਵੀ ਤਬਾਹੀ ਲੈ ਕੇ ਆਵੇਗਾ। ਕਾ. ਜਗਰੂਪ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਕਰੀਬ 9 ਸਾਲ ਦੇ ਸੱਤਾ ਦੇ ਕਾਬਜ਼ ਮੌਕੇ ਚੋਣਵੇਂ ਰਾਜਨੀਤਕ ਅਤੇ ਕਾਰੋਬਾਰੀ ਪਰਵਾਰਾਂ ਵੱਲੋਂ ਟ੍ਰਾਂਸਪੋਰਟ ਮਾਫੀਆ, ਰੇਤ ਬੱਜਰੀ ਮਾਫੀਆ, ਕੇਬਲ ਨੈੱਟਵਰਕ ਮਾਫੀਆ, ਸ਼ਰਾਬ ਮਾਫੀਆ, ਸਿੱਖਿਆ ਮਾਫੀਆ, ਭੂ-ਮਾਫੀਆ ਅਤੇ ਚਿੱਟਾ ਨਾਮਕ ਨਸ਼ੇ ਰਾਹੀਂ ਅੰਨ੍ਹੀ ਲੁੱਟ ਮਚਾਈ ਗਈ ਹੈ ਅਤੇ ਹੁਣ ਖ਼ਜ਼ਾਨੇ 'ਚੋਂ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰਬਾਜ਼ੀ ਰਾਹੀਂ ਕਥਿਤ ਵਿਕਾਸ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੀ ਰਾਜਸੀ ਹਾਲਤ 'ਚ ਮੁੱਖ ਵਿਰੋਧੀ ਧਿਰ ਕਾਂਗਰਸ ਸਾਰਥਕ ਵਿਰੋਧ ਦੀ ਬਜਾਏ ਮੂਕ ਸਹਿਮਤੀ ਪ੍ਰਗਟਾ ਰਹੀ ਹੈ। ਨਵੀਂ ਉਭਰ ਰਹੀ ਰਾਜਨੀਤੀ ਧਿਰ ਆਮ ਆਦਮੀ ਪਾਰਟੀ ਵੀ ਸਿਰਫ ਚਿੱਕੜ ਉਛਾਲੀ ਤੱਕ ਸੀਮਤ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾਂਹ-ਪੱਖੀ ਹਲਾਤਾਂ 'ਚ ਖੱਬੀਆਂ ਪਾਰਟੀਆਂ ਲੋਕਾਂ ਦੇ ਬੁਨਿਆਦੀ ਮੁੱਦਿਆਂ, ਸਭ ਲਈ ਰੁਜ਼ਗਾਰ, ਮੁਫਤ ਸਿੱਖਿਆ ਅਤੇ ਇਲਾਜ, ਰਹਿਣ ਲਈ ਯੋਗ ਘਰ, ਸਨਮਾਨ ਯੋਗ ਪੈਨਸ਼ਨ, ਕਿਸਾਨ ਮਜ਼ਦੂਰ ਕਰਜ਼ਿਆਂ ਦਾ ਖਾਤਮਾ ਆਦਿ ਪ੍ਰਾਪਤੀ ਅਤੇ ਨਸ਼ੇਖੋਰੀ, ਦਲਿਤਾਂ ਉਤੇ ਅੱਤਿਆਚਾਰ ਅਤੇ ਅਪਰਾਧਾਂ ਦੇ ਖ਼ਾਤਮੇ ਲਈ ਰਾਜਨੀਤਕ ਬਦਲ ਲੈ ਕੇ ਲੋਕ ਲਾਮਬੰਦੀ ਕਰ ਰਹੀਆਂ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਦੂਜੇ ਤੀਜੇ ਸਾਲ ਸਨਅਤੀ ਅਤੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਹਨ। ਇਨ੍ਹਾਂ ਘਰਣਿਆਂ ਨੇ ਬੈਂਕਾਂ ਦੇ ਲੱਖਾਂ ਕਰੋੜਾਂ ਦੇ ਕਰਜੇ ਦੇਣੇ ਹਨ, ਜਿਨ੍ਹਾਂ ਨੂੰ ਕਰਜ਼ਾ ਨਾ ਮੋੜਨ ਕਾਰਨ ਡਿਫਾਲਟਰ ਐਲਾਨਿਆ ਜਾ ਚੁੱਕਾ ਹੈ, ਜਿਸ ਕਾਰਨ ਬੈਂਕਾਂ ਵੀ ਘਾਟੇ ਦੀਆਂ ਸ਼ਿਕਾਰ ਹੋਈਆਂ ਹਨ। ਦੂਜੇ ਪਾਸੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਇਨ੍ਹਾਂ ਦੇ ਮੁਕਾਬਲੇ ਬਹੁਤ ਥੋੜੇ ਹਨ, ਜੋ ਮਾਫ ਹੋਣੇ ਚਾਹੀਦੇ ਹਨ। ਇਨ੍ਹਾਂ ਵਰਗਾਂ ਦੀ ਸਮਾਜਿਕ ਸੁਰੱਖਿਆ ਲਈ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣੀ ਚਾਹੀਦੀ ਹੈ। ਕਾ. ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਪੂਰੀਆ ਜਾ ਰਿਹਾ ਹੈ। ਦੇਸ਼ ਅੰਦਰ ਜਮਹੂਰੀ ਪ੍ਰਕਿਰਿਆ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਧਰਨੇ ਨੂੰ ਜਗਜੀਤ ਸਿੰਘ ਧੂੜਕੋਟ, ਸ਼ੇਰ ਸਿੰਘ ਸਰਪੰਚ, ਸੂਰਤ ਸਿੰਘ, ਬਲਕਰਨ ਸਿੰਘ ਮੋਗਾ, ਗਿਆਨ ਚੰਦ, ਨਰਿੰਦਰ ਸੋਹਲ, ਵਿੱਕੀ ਮਹੇਸ਼ਰੀ, ਸੁਖਜਿੰਦਰ ਮਹੇਸ਼ਰੀ, ਜਗਦੀਸ਼ ਚਾਹਲ, ਮਹਿੰਦਰ ਧੂੜਕੋਟ, ਦਿਆਲ ਸਿੰਘ ਕੈਲਾ, ਅਮਰਜੀਤ ਸਿੰਘ ਕੜਿਆਲ, ਪਿਆਰਾ ਸਿੰਘ ਢਿੱਲੋਂ, ਉਦੈ ਸਿੰਘ, ਪਰਵੀਨ ਧਵਨ, ਅਮਰਜੀਤ ਸਿੰਘ ਧਰਮਕੋਟ, ਜੀਤ ਸਿੰਘ ਰੌਂਤਾ, ਸੁਰਿੰਦਰ ਜੈਨ ਬੱਧਨੀ, ਪ੍ਰੇਮ ਸਿੰਘ ਛਤਰੂ, ਮੁਖਤਿਆਰ ਸਿੰਘ ਫਿਰੋਜ਼ਵਾਲ, ਬਲਰਾਮ ਸਿੰਘ ਫੌਜੀ, ਮਾਸਟਰ ਜਗੀਰ ਸਿੰਘ ਬੱਧਨੀ, ਜਗਸੀਰ ਖੋਸਾ, ਮਲਕੀਤ ਚੱੜਿਕ, ਸਬਰਾਜ ਢੁੱਡੀਕੇ, ਬਿੰਦਰ ਕੌਰ ਘਲੌਟੀ, ਮੰਗਤ ਸਿੰਘ ਬੁੱਟਰ, ਸੁਖਦੇਵ ਭੋਲਾ, ਪ੍ਰੀਤ ਦੇਵ ਸੋਢੀ ਆਦਿ ਹਾਜ਼ਰ ਸਨ।
 
ਤਰਨ ਤਾਰਨ - ਚਾਰ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਡੀ ਸੀ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿੱਚ ਸੈਂਕੜੇ ਲੋਕਾਂ ਨੂੰ ਸ਼ਮੂਲੀਅਤ ਕੀਤੀ। ਧਰਨਾਕਾਰੀ ਪਹਿਲਾਂ ਦਾਣਾ ਮੰਡੀ ਵਿਖੇ ਇਕੱਠੇ ਹੋਏ ਅਤੇ ਰੋਹ ਭਰਪੂਰ ਨਾਹਰੇ ਮਾਰਦੇ ਹੋਏ ਡੀ ਸੀ ਦਫਤਰ ਪੁੱਜੇ। ਵਿਸ਼ਾਲ ਇਕੱਠ ਦੀ ਪ੍ਰਧਾਨਗੀ ਸੀ ਪੀ ਐੱਮ ਪੰਜਾਬ ਦੇ ਮੁਖਤਾਰ ਸਿੰਘ ਮੱਲਾ, ਸੀ ਪੀ ਆਈ ਦੇ ਬਲਦੇਵ ਸਿੰਘ ਧੁੰਦਾ, ਸੀ ਪੀ ਆਈ (ਐੱਮ) ਦੇ ਚਰਨਜੀਤ ਸਿੰਘ ਪੂਹਲਾ ਆਦਿ ਨੇ ਕੀਤੀ।
ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਜਾਮਾਰਾਏ, ਬਲਬੀਰ ਸੂਦ, ਜੈਮਲ ਸਿੰਘ ਬਾਠ, ਰਜਿੰਦਰਪਾਲ ਕੌਰ, ਸੁਖਦੇਵ ਸਿੰਘ ਗੋਹਲਵੜ ਅਤੇ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵ-ਉਦਾਰਵਾਦੀ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਦੇਸ਼ ਦਾ ਖਜ਼ਾਨਾ ਅਤੇ ਕੁਦਰਤੀ ਸਰੋਤ ਦੇਸੀ-ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਜਾ ਰਹੇ ਹਨ। ਇਨ੍ਹਾਂ  ਨੀਤੀਆਂ ਨਾਲ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਲਗਾਤਾਰ ਵਧ ਰਿਹਾ ਹੈ। ਕਿਸਾਨ ਕਰਜ਼ੇ ਦੇ ਭਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ। ਇਸ ਮੌਕੇ ਅਰਸਾਲ ਸਿੰਘ ਸੰਧੂ, ਦਵਿੰਦਰ ਸੋਹਲ, ਚਰਨਜੀਤ ਸਿੰਘ ਬਾਠ, ਬਲਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਇੱਕ ਪਾਸੇ ਵੱਡੇ ਪੂੰਜੀਪਤੀਆਂ ਨੂੰ ਕਰੋੜਾਂ ਰੁਪਏ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ, ਦੂਸਰੇ ਪਾਸੇ ਕਿਰਤੀ ਅਤੇ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਮਹਿੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ, ਅਮਨ-ਕਾਨੂੰਨ ਦੀ ਹਾਲਤ ਵਿਗੜੀ ਹੋਈ ਹੈ, ਪਰ ਸਰਕਾਰਾਂ ਇਨ੍ਹਾਂ ਮੰਗਾਂ ਪ੍ਰਤੀ ਘੇਸਲ ਮਾਰੀ ਬੈਠੀਆਂ ਹਨ।  ਧਰਨਾਕਾਰੀ ਮੰਗ ਕਰ ਰਹੇ ਸਨ ਕਿ ਮਜ਼ਦੂਰਾਂ-ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮੁਆਫ ਕੀਤਾ  ਜਾਵੇ, ਦਲਿਤਾਂ 'ਤੇ ਹਮਲੇ ਬੰਦ ਕੀਤੇ ਜਾਣ ਅਤੇ ਗਰੀਬ ਬੇਜ਼ਮੀਨੇ ਲੋਕਾਂ ਨੂੰ 10-10 ਮਰਲੇ ਦੇ ਪਲਾਟ  ਦਿੱਤੇ ਜਾਣ ਅਤੇ ਮਹਿੰਗਾਈ ਨੂੰ ਨੱਥ ਪਾਉਣ ਲਈ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ। ਇਸ ਮੌਕੇ ਮਾਸਟਰ ਹਰਭਜਨ ਸਿੰਘ ਅਤੇ ਜਸਬੀਰ ਕੌਰ ਨੇ ਵੀ ਸੰਬੋਧਨ ਕੀਤਾ।
 
ਪਠਾਨਕੋਟ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ-ਐੱਲ) ਲਿਬਰੇਸ਼ਨ ਵੱਲੋਂ 8-9 ਅਗਸਤ ਨੂੰ  ਲੋਕਾਂ ਦੀਆਂ ਭਖਦੀਆਂ ਮੰਗਾਂ ਲਈ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ ਮਾਰੇ ਜਾ ਰਹੇ ਹਨ, ਇਸੇ ਲੜੀ ਤਹਿਤ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਚਾਰ ਖੱਬੀਆਂ ਪਾਰਟੀਆਂ ਵੱਲੋਂ ਅਮਰੀਕ ਸਿੰਘ, ਹਰਬੰਸ ਲਾਲ, ਦਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਡੀ ਸੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਬੁਲਾਰਿਆਂ ਨੇ ਲੋਕਾਂ ਦੀਆਂ ਮੰਗਾਂ ਦੇ ਹੱਕ ਵਿੱਚ ਕਿਹਾ ਕਿ ਇਨ੍ਹਾਂ ਮੰਗਾਂ ਵਿੱਚ ਵਧ ਰਹੀ ਮਹਿੰਗਾਈ ਉਪਰ ਰੋਕ, ਬੇਕਾਰੀ ਦਾ ਖਾਤਮਾ, ਸ਼ਹਿਰੀ ਅਤੇ ਪੇਂਡ ਬੇਜ਼ਮੀਨੇ ਲੋਕਾਂ ਲਈ ਪਲਾਟ ਅਤੇ ਘਰ ਬਣਾਉਣ ਲਈ ਗ੍ਰਾਂਟਾਂ ਦੇਣ, ਮਜ਼ਦੂਰਾਂ-ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ, ਸਿਹਤ ਅਤੇ ਵਿਦਿਅਕ ਸਹੂਲਤਾਂ ਸਰਕਾਰ ਵੱਲੋਂ ਪ੍ਰਦਾਨ ਕਰਨ, ਨਸ਼ੇ ਦੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦੇਣ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ 'ਤੇ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਉਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਨੀਤੀਆਂ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਵਿਰੋਧ ਵਿੱਚ ਹਨ, ਜਿਸ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਗਿਆ ਹੈ। ਦਲਿਤਾਂ ਅਤੇ ਪੱਛੜੇ ਵਰਗਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕੰਨ ਬੰਦ ਕਰ ਕੇ ਤਮਾਸ਼ਾ ਵੇਖ ਰਹੀ ਹੈ।
ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾ ਨਾਲ ਰਮੇਸ਼ ਸਿੰਘ, ਇਕਬਾਲ ਸਿੰਘ, ਧਿਆਨ ਸਿੰਘ, ਉਂਕਾਰ ਸਿੰਘ, ਸੁਰਿੰਦਰ ਗਿੱਲ, ਕੇਵਲ ਕਾਲੀਆ, ਬਿਕਰਮਜੀਤ, ਲਾਲ ਚੰਦ ਕਟਾਰੂਚੱਕ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ, ਜਨਕ ਰਾਜ ਸਮੇਤ ਪਤਵੰਤੇ ਹਾਜ਼ਰ ਸਨ।
 
ਗੁਰਦਾਸਪੁਰ - ਇੱਥੇ ਪੰਜਾਬ ਦੀਆਂ 4 ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ (ਐੱਮ), ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ (ਐੱਮ- ਐੱਲ) ਲਿਬਰੇਸ਼ਨ ਦੇ ਸੈਂਕੜੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ 2 ਦਿਨਾ ਧਰਨੇ ਦੀ ਸ਼ੁਰੂਆਤ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਕੱਤੋਵਾਲ,  ਠਾਕੁਰ ਧਿਆਨ ਸਿੰਘ, ਮਾ. ਰਘਬੀਰ ਸਿੰਘ ਅਤੇ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਹ ਪੰਜਾਬ ਪੱਧਰੀ ਧਰਨੇ ਮੁਫਤ ਵਿਦਿਆ,  ਮੁਫਤ ਸਿਹਤ ਸੇਵਾਵਾਂ, ਪਿੰਡਾਂ ਦੇ ਬੇਘਰਿਆਂ ਲਈ 10-10 ਮਰਲੇ ਦੇ ਪਲਾਟ, ਸ਼ਹਿਰਾਂ ਵਿੱਚ ਫਲੈਟ, ਮਹਿੰਗਾਈ ਰੋਕਣ, ਮਜ਼ਦੂਰਾਂ-ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਉਪਰ ਜਬਰ ਕਰਨ ਵਰਗੀਆਂ ਮੰਗਾਂ ਦੇ ਫੌਰੀ ਹੱਲ ਲਈ ਦਿੱਤੇ ਜਾ ਰਹੇ ਹਨ। ਉਕਤ ਆਗੂਆਂ ਨੇ ਕਿਹਾ ਕਿ ਗੁਜਰਾਤ, ਮੱਧ ਪ੍ਰਦੇਸ਼, ਨੋਇਡਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤਾਂ 'ਤੇ ਹੋਏ ਹਮਲਿਆਂ ਨੇ ਦੇਸ਼ ਦੇ ਹਾਕਮਾਂ ਦੇ ਅਸਲ ਲੋਕ ਵਿਰੋਧੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖੱਬੀਆਂ ਪਾਰਟੀਆਂ ਦੇ ਦੋ ਦਿਨਾ ਮੋਰਚੇ ਦੀਆਂ ਮੰਗਾਂ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੀਲਮ ਘੁਮਾਣ, ਜਸਵੰਤ ਬੁਟਰ, ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਰੰਧਾਵਾ, ਰਣਬੀਰ ਸਿੰਘ ਵਿਰਕ, ਸੁਭਾਸ਼ ਕੈਰੇ, ਜਸਬੀਰ ਸਿੰਘ ਕੱਤੋਵਾਲ ਅਤੇ ਜਾਨਕੀ ਨਾਥ ਨੇ ਵੀ ਆਪਣੇ ਵਿਚਾਰ ਰੱਖੇ। ਧਰਨੇ ਦੀ ਪ੍ਰਧਾਨਗੀ ਤਰਲੋਕ ਸਿੰਘ, ਜੋਗਿੰਦਰ ਸਿਘ ਖੰਨਾ, ਨਿਰਮਲ ਸਿੰਘ ਬੋਪਾਰਾਏ ਅਤੇ ਫਤਿਹ ਚੰਦ ਨੇ ਕੀਤੀ।
 
ਹੁਸ਼ਿਆਰਪੁਰ - ਅੱਜ ਚਾਰ ਪੱਖੀਆਂ ਪਾਰਟੀਆਂ ਦੇ ਸੱਦੇ 'ਤੇ ਬਲਾਕ ਤਲਵਾੜਾ ਸੀ ਪੀ ਆਈ ਦੇ ਸਕੱਤਰ ਮਾਸਟਰ ਉਂਕਾਰ ਸਿੰਘ, ਜ਼ਿਲ੍ਹਾ ਸਕੱਤਰ ਸੀ ਪੀ ਐੱਮ ਪੰਜਾਬ ਮਹਿੰਦਰ ਸਿੰਘ ਖੈਰੜ, ਕਿਸਾਨ ਆਗੂ ਗੁਰਬਖਸ਼ ਸਿੰਘ ਸੂਸ ਦੀ ਪ੍ਰਧਾਨਗੀ ਹੇਠ ਡੀ ਸੀ  ਦਫਤਰ ਹੁਸ਼ਿਆਰਪੁਰ ਅੱਗੇ ਦੋ ਦਿਨਾ ਧਰਨਾ ਆਰੰਭ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਹਿੰਗਾਈ ਨੇ ਆਮ ਲੋਕਾਂ ਦਾ ਜਿਊਣਾ ਦੁਬਰ ਕੀਤਾ ਹੋਇਆ ਹੈ। ਖਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਮੋਦੀ ਸਰਕਾਰ ਬਣਨ ਤੋਂ ਬਾਾਅਦ ਰਾਕਟ ਦੀ ਤਰ੍ਹਾਂ ਵਧ ਰਹੀਆਂ ਹਨ, ਜਿਸ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਅੱਜ 100 ਐਲਾਨੀਆਂ ਗਈਆਂ ਅਸਾਮੀਆਂ ਲਈ 50-50 ਹਜ਼ਾਰ ਬੇਰੁਜਗਾਰ ਨੌਜਵਾਨ ਦਰਖਾਸਤਾਂ ਦੇ ਰਹੇ ਹਨ, ਪੇਂਡੂ ਮਜ਼ਦੂਰਾਂ ਦੇ ਰੁਜ਼ਗਾਰ ਖੁਸਣ ਰਹੇ ਹਨ, ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਨਹੀਂ ਮਿਲ ਰਹੇ ਤੇ ਉਹ ਖੇਤ ਛੱਡ ਕੇ ਸ਼ਹਿਰਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ, ਮਨਰੇਗਾ ਵਰਕਰਾਂ ਨੂੰ ਕਾਨੂੰਨ ਅਨੁਸਾਰ 100 ਦਿਨ ਦਾ ਕੰਮ ਨਹੀਂ ਮਿਲ ਰਿਹਾ, ਉਨ੍ਹਾਂ ਵੱਲੋਂ ਕੀਤੇ ਕੰਮ ਦੀ ਉਜਰਤ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਉਹਨਾਂ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ 500 ਰੁਪਏ ਪ੍ਰਤੀ ਦਿਹਾੜੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਦਲਿਤਾਂ ਉਪਰ ਲਗਾਤਾਰ ਵਧ ਰਹੇ ਜਬਰ ਨੇ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਸਰਕਾਰ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਪੰਜਾਬ ਅੰਦਰ ਅਕਾਲੀ-ਬੀ ਜੇ ਪੀ ਸਰਕਾਰ ਵੱਲੋਂ ਗੁੰਡਾਗਰਦੀ ਨੁੰ ਰੋਕਣ ਦੀ ਥਾਂ ਉਸ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਇਹ ਗੁੰਡਾ ਗੈਂਗ ਰੇਤਾ, ਬੱਜਰੀ, ਖਨਣ, ਕੇਬਲ ਟੀ ਵੀ ਤੇ ਟਰਾਂਸਪੋਰਟ ਆਦਿ ਉਪਰ ਆਪਣਾ ਕਬਜ਼ਾ ਜਮਾ ਰਹੇ ਹਨ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਹਰਕੰਵਲ ਸਿੰਘ ਸੂਬਾ ਸਕੱਤਰੇਤ ਮੈਂਬਰ ਸੀ ਪੀ ਐੱਮ ਪੰਜਾਬ, ਰਘੂਨਾਥ ਸਿੰਘ, ਗੁਰਮੇਸ਼ ਸਿੰਘ ਸੂਬਾ ਸਕੱਤਰੇਤ ਮੈਂਬਰ ਸੀ ਪੀ ਆਈ ਐੱਮ, ਅਮਰਜੀਤ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਤੇ ਕੁਲਦੀਪ ਸਿੰਘ ਸੀ ਪੀ ਆਈ ਦੇ ਸੂਬਾਈ ਆਗੂ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਰਤੀ ਲੋਕਾਂ ਸਾਹਮਣੇ ਦਰਪੇਸ਼ ਸਮੱਸਿਆਵਾਂ ਦਾ ਹੱਲ ਏਕਾ ਅਤੇ ਸੰਘਰਸ਼ ਹੀ ਹੈ। ਧਰਨੇ ਨੂੰ ਮਹਿੰਦਰ ਸਿੰਘ ਖੈਰੜ, ਗੁਰਬਖਸ਼ ਸਿੰਘ ਸੂਸ, ਸਤੀਸ਼ ਚੰਦਰ, ਦਵਿੰਦਰ ਸਿੰਘ ਕੱਕੋਂ, ਮਹਿੰਦਰ ਸਿੰਘ ਜੋਸ਼, ਦਵਿੰਦਰ ਗਿੱਲ, ਮਹਿੰਦਰ ਕੁਮਾਰ ਬੱਢੋਆਣ, ਰਵੀ ਕੁਮਾਰ, ਨਛੱਤਰ ਪਾਲ ਸਿੰਘ, ਮਹਿੰਦਰ ਨਾਥ ਤੇ ਗੰਗਾ ਪ੍ਰਸਾਦ ਆਦਿ ਨੇ ਸੰਬੋਧਨ ਕੀਤਾ।
 
ਜਲੰਧਰ - ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ), ਸੀ. ਪੀ. ਐਮ. ਪੰਜਾਬ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, ਵਲੋਂ ਡੀ.ਸੀ. ਦਫਤਰ ਜਲੰਧਰ ਵਿਖੇ ਸਾਂਝਾ ਧਰਨਾ ਸ਼ੁਰੂ ਕੀਤਾ ਗਿਆ। ਇਸ ਧਰਨੇ ਦੀ ਪ੍ਰਧਾਨਗੀ ਕਾਮਰੇਡ ਸਵਰਨ ਸਿੰਘ ਅਕਲਪੁਰੀ, ਮਲਕੀਤ ਚੰਦ ਭੋਏਪੁਰੀ, ਨਿਰਮਲ ਸਿੰਘ ਆਧੀ ਵੱਲੋਂ ਸਾਂਝੇ ਰੂਪ ਵਿਚ ਕੀਤੀ ਗਈ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਹ ਧਰਨਾ 15 ਨੁਕਾਤੀ ਮੰਗ ਪੱਤਰ, ਜਿਹੜਾ ਦੋ ਸਾਲ ਪਹਿਲਾਂ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਸੀ। ਇਹ ਧਰਨੇ ਉਸ ਸੰਘਰਸ਼ ਦੇ ਪੜਾਅ ਵਜੋਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਗਹਿਰਾ ਖੇਤੀ ਸੰਕਟ  ਹੈ, ਜਿਸ ਨੂੰ ਸਰਕਾਰ ਸੰਬੋਧਨ ਨਹੀਂ ਹੋ ਰਹੀ। ਲੱਖਾਂ ਕਿਸਾਨ ਆਤਮ ਹੱਤਿਆ ਕਰ ਰਹੇ ਹਨ, ਮਹਿੰਗਾਈ ਤੇ ਬੇਰੋਜ਼ਗਾਰੀ ਸਿਖਰਾਂ ਨੂੰ ਛੋਹ ਰਹੀ ਹੈ। ਨਰੇਗਾ ਨੂੰ ਲਗਾਤਾਰ ਫੇਲ੍ਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੜ੍ਹਾਈ ਨੂੰ ਵਿਕਣ ਵਾਲੀ ਵਸਤ ਬਣਾ ਦਿੱਤਾ ਗਿਆ ਹੈ। ਸਨਅਤੀ ਮਜ਼ਦੂਰਾਂ ਨੂੰ ਘੱਟੋ-ਘੱਟ ਵੇਜ 18000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ। ਪੰਜਾਬ ਮਸਲੇ ਦਾ ਹੱਲ ਕੀਤਾ ਜਾਵੇ, ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕੀਤਾ ਜਾਵੇ। ਬੇਘਰਿਆਂ ਨੂੰ ਮਕਾਨ ਤੇ ਰਹਿਣ ਲਈ  ਪਲਾਟ ਦਿੱਤੇ ਜਾਣ, ਔਰਤ ਮਰਦ ਲਈ ਦਿਹਾੜੀ ਇਕ ਸਮਾਨ ਕੀਤਾ ਜਾਵੇ। ਇਸ ਧਰਨੇ ਨੂੰ ਸੀ.ਪੀ.ਆਈ. ਵਲੋਂ ਕਾਮਰੇਡ ਦਿਲਬਾਗ ਸਿੰਘ ਅਟਵਾਲ, ਸੰਤੋਸ਼ ਬਰਾੜ, ਚਰਨਜੀਤ ਥੰਮੂਵਾਲ, ਸੀ.ਪੀ.ਆਈ. (ਐਮ) ਦੇ ਆਗੂ ਲਹਿੰਬਰ ਸਿੰਘ ਤੱਗੜ, ਸੁਰਿੰਦਰ ਖੀਵਾ, ਕੇਵਲ ਹਜ਼ਾਰਾ, ਪ੍ਰਸ਼ੋਤਮ ਬਿਲਗਾ, ਗੁਰਮੀਤ ਢੱਡਾ, ਬਚਿੱਤਰ ਤੱਗੜ, ਸੀ.ਪੀ.ਐਮ.ਪੰਜਾਬ ਦੇ ਸਿਰਮੌਰ ਆਗੂ ਕਾਮਰੇਡ ਮੰਗਤ ਰਾਮ ਪਾਸਲਾ, ਮਨੋਹਰ ਗਿੱਲ, ਸੰਤੋਖ ਬਿਲਗਾ, ਰਾਮ ਕਿਸ਼ਨ ਆਦਿ ਨੇ ਸੰਬੋਧਨ ਕੀਤਾ।  
 
ਮਾਨਸਾ - ਪੰਜਾਬ ਦੀਆਂ ਚਾਰ ਖੱਬੇ-ਪੱਖੀ ਪਾਰਟੀਆਂ ਦੇ ਸੱਦੇ 'ਤੇ ਜਨਤਾ ਦੇ ਭਖਵੇਂ ਆਰਥਿਕ, ਸਮਾਜਿਕ ਮਸਲਿਆਂ ਨੂੰ ਲੈ ਕੇ ਅੱਜ ਸਥਾਨਕ ਡੀ ਸੀ ਦਫ਼ਤਰ ਦੇ ਸਾਹਮਣੇ ਦੋ ਰੋਜ਼ਾ ਸਾਂਝੇ ਧਰਨੇ ਦੀ ਸ਼ੁਰੂਆਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਵਿਕਾਸ ਦੇ ਨਾਅਰੇ ਦੀ ਆੜ ਵਿੱਚ ਮੋਦੀ ਅਤੇ ਬਾਦਲ ਸਰਕਾਰਾਂ ਆਮ ਜਨਤਾ ਨੂੰ ਪਹਿਲਾਂ ਮਿਲ ਰਹੀਆਂ ਮਾਮੂਲੀ ਸਹੂਲਤਾਂ ਤੇ ਰਾਹਤਾਂ ਵੀ ਖੋਹਣ ਦੀ ਨੀਤੀ 'ਤੇ ਚੱਲ ਰਹੀਆਂ ਹਨ। ਸੂਬੇ ਦੀ ਜਨਤਾ ਨੂੰ ਲੋਕ-ਪੱਖੀ ਵਿਕਾਸ ਮਾਡਲ ਦੇ ਪੱਖ ਵਿੱਚ ਜਾਗਰੂਕ ਤੇ ਜਥੇਬੰਦ ਕਰਕੇ ਸੱਤਾਧਾਰੀ ਅਕਾਲੀ-ਬੀ ਜੇ ਪੀ ਸਰਕਾਰ ਨੂੰ ਕਾਰਪੋਰੇਟ ਤੇ ਪੂੰਜੀਪਤੀ ਪ੍ਰਸਤ ਨੀਤੀਆਂ ਦੀ ਸਿਆਸੀ ਕੀਮਤ ਅਦਾ ਕਰਨ ਲਈ ਮਜਬੂਰ ਕੀਤਾ ਜਾਵੇਗਾ।
ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ, ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸੀ ਪੀ ਐੱਮ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ ਅਤੇ ਸੀ ਪੀ ਆਈ ਐੱਮ ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਉੱਡਤ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ-ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਦੇ ਖਾਤਮੇ, ਬੇਜ਼ਮੀਨੇ ਗਰੀਬਾਂ ਲਈ 10-10 ਮਰਲੇ ਦੇ ਪਲਾਟ, ਮਨਰੇਗਾ ਤਹਿਤ 200 ਦਿਨ ਕੰਮ ਅਤੇ 500 ਰੁਪਏ ਦਿਹਾੜੀ, ਨੌਜਵਾਨਾਂ ਲਈ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ, 60 ਸਾਲ ਦੇ ਹਰੇਕ ਵਿਅਕਤੀ ਲਈ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਕਾਨੂੰਨ ਬਣਾਉਣ ਅਤੇ ਹੋਰ ਜਨਤਕ ਮੰਗਾਂ ਨੂੰ ਲੈ ਚਾਰੇ ਪਾਰਟੀਆਂ ਲੰਮੇ ਅਰਸੇ ਤੋਂ ਸੰਘਰਸ਼ ਚਲਾ ਰਹੀਆਂ ਹਨ। ਬਾਦਲ ਸਰਕਾਰ ਵੱਲੋਂ ਇਹਨਾਂ ਮੰਗਾਂ ਪ੍ਰਤੀ ਹੁੰਗਾਰਾ ਨਾ ਭਰਨ ਕਾਰਨ ਇਸ ਨੂੰ ਸਿਆਸੀ ਮੁੱਦਾ ਬਣਾ ਕੇ ਲੜਿਆ ਜਾਵੇਗਾ। ਆਗੂਆਂ ਗਊ ਰੱਖਿਆ ਦੀ ਆੜ ਵਿੱਚ ਫਾਸਿਸਟ ਟੋਲਿਆਂ ਵੱਲੋਂ ਦਲਿਤਾਂ ਅਤੇ ਘੱਟ ਗਿਣਤੀਆਂ ਉਪਰ ਕੀਤੇ ਗਏ ਅਣਮਨੁੱਖੀ ਜਬਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਦਾ ਮੂੰਹ-ਤੋੜ ਜਵਾਬ ਦੇਣ ਦਾ ਐਲਾਨ ਕੀਤਾ ਗਿਆ।
ਉਕਤ ਆਗੂਆਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ, ਬਲਦੇਵ ਸਿੰਘ ਬਾਜੇਵਾਲਾ ਜ਼ਿਲ੍ਹਾ ਆਗੂ ਕਿਸਾਨ ਸਭਾ, ਰਣਜੀਤ ਸਿੰਘ ਸਰਪੰਚ, ਅਮਰੀਕ ਸਿੰਘ ਫਫੜੇ, ਰੂਪ ਸਿੰਘ ਢਿੱਲੋਂ ਸਕੱਤਰ ਸਬ-ਡਵੀਜ਼ਨ ਮਾਨਸਾ, ਗੁਰਸੇਵਕ ਸਿੰਘ ਮਾਨ, ਰਤਨ ਭੋਲਾ, ਮੇਜਰ ਸਿੰਘ ਦੂਲੋਵਾਲ, ਸੁਖਦੇਵ ਸਿੰਘ ਅਤਲਾ, ਗੁਰਜੰਟ ਸਿੰਘ ਮਾਨਸਾ ਅਤੇ ਹਰਜੀਤ ਸਿੰਘ ਰੱਲਾ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਨਾਮ ਸਿੰਘ ਭੀਖੀ ਵੱਲੋਂ ਬਾਖੂਬੀ ਨਿਭਾਈ ਗਈ। 
 
ਬਠਿੰਡਾ - ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਐੱਮ, ਸੀ ਪੀ ਐੱਮ ਪੰਜਾਬ ਅਤੇ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੀਆਂ ਜ਼ਿਲ੍ਹਾ ਇਕਾਈਆਂ ਵੱਲੋ ਪੰਜਾਬ ਵਾਸੀਆਂ ਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਸ਼ਹਿਰ ਵਿੱਚ 9 ਅਗਸਤ (ਮੰਗਲਵਾਰ) ਨੂੰ ਜ਼ੋਰਦਾਰ ਰੋਸ ਵਿਖਾਵਾ ਕੀਤਾ ਜਾਵੇਗਾ। ਇਹ ਜਾਣਕਾਰੀ ਇੱਕ ਲਿਖਤੀ ਬਿਆਨ ਰਾਹੀ ਚਾਰੇ ਪਾਰਟੀਆਂ ਦੇ ਆਗੂਆਂ ਸੁਰਜੀਤ ਸਿੰਘ ਸੋਹੀ ਐਡਵੋਕੇਟ, ਹਰਬੰਸ ਸਿੰਘ, ਮਹੀਪਾਲ ਅਤੇ ਹਰਵਿੰਦਰ ਸੇਮਾ ਨੇ ਦਿੱਤੀ। ਚਾਰੇ ਪਾਰਟੀਆਂ ਵੱਲੋਂ ਇੱਕ ਵਫਦ ਰਾਹੀਂ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਉਕਤ ਮੁਜ਼ਾਹਰੇ ਇੱਕੋ ਦਿਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋ ਰਹੇ ਹਨ। ਆਗੂਆਂ ਕਿਹਾ ਕਿ ਪੰਜਾਬ ਵਾਸੀਆਂ ਦੀਆ ਮੁਸ਼ਕਲਾਂ ਦਾ ਹੱਲ ਪਾਰਟੀਆਂ ਜਾਂ ਵਿਅਕਤੀ ਬਦਲ ਕੇ ਨਹੀਂ ਹੋ ਸਕਦਾ, ਬਲਕਿ ਇਸ ਲਈ ਲੋਕ-ਮਾਰੂ ਨੀਤੀਆਂ ਵਿੱਚ ਬੁਨਿਆਦੀ ਪ੍ਰੀਵਰਤਣ ਕੀਤੇ ਜਾਣ ਦੀ ਲੋੜ ਹੈ। ਖੱਬੀਆਂ ਪਾਰਟੀਆਂ ਜਿੱਥੇ ਇਸ ਨੀਤੀਗਤ ਬਦਲਾਅ ਲਈ ਸੰਘਰਸ਼ਸ਼ੀਲ ਹਨ, ਉਥੇ ਪੰਜਾਬ ਨੂੰ ਬੁਰੀ ਤਰਾਂ ਤਬਾਹ ਕਰ ਚੁੱਕੇ ਨਸ਼ਾ ਵਿਉਪਾਰ, ਹਰ ਕਿਸਮ ਦੇ ਮਾਫੀਆ, ਲਾਕਾਨੂੰਨੀ ਅਤੇ ਲੁੱਟਾਂ-ਖੋਹਾਂ ਵਿਰੁੱਧ ਵੀ ਜ਼ਬਰਦਸਤ ਲੋਕ ਅੰਦੋਲਨ ਖੜਾ ਕਰਨਾ ਚਾਹੁੰਦੀਆਂ ਹਨ। ਮੌਜੂਦਾ ਅੰਦੋਲਨ ਇਸੇ ਮੁਹਿੰਮ ਦਾ ਹਿੱਸਾ ਹੈ। ਆਗੂਆਂ ਨੇ ਸਮੂਹ ਪੰਜਾਬੀਆਂ ਖਾਸ ਕਰ ਕਿਰਤੀ ਕਿਸਾਨਾਂ ਤੇ ਮਿਹਨਤੀਆਂ ਨੂੰ ਉਕਤ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ। 
 
ਅੰਮ੍ਰਿਤਸਰ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਦੇ ਸੂਬਾਈ ਸੱਦੇ 'ਤੇ ਪੰਜਾਬ ਦੇ ਕਿਰਤੀ ਲੋਕਾਂ ਦੇ ਜਨਤਕ ਮਸਲਿਆਂ ਦੇ ਹੱਲ ਵਾਸਤੇ ਅੱਜ 8 ਅਗਸਤ ਨੂੰ ਦਿਨ-ਰਾਤ ਦਾ ਵਿਸ਼ਾਲ ਧਰਨਾ ਡੀ ਸੀ ਦਫਤਰ ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਆਮ ਲੋਕਾਂ ਵਿਰੁੱਧ ਅਪਣਾਈਆਂ ਜਾ ਰਹੀਆਂ ਗਰੀਬ ਮਾਰੂ ਨੀਤੀਆਂ ਖਿਲਾਫ ਗੜਗੱਜ ਨਾਅਰੇ ਮਾਰਦਿਆਂ ਆਰੰਭ ਕੀਤਾ ਗਿਆ, ਜਿਸ ਵਿੱਚ ਸੈਂਕੜੇ ਕਿਰਤੀ ਤੇ ਪੇਂਡੂ ਤੇ ਸ਼ਹਿਰੀ ਮਜ਼ਦੂਰ, ਗਰੀਬ ਕਿਸਾਨ, ਨੌਜਵਾਨ ਤੇ ਔਰਤਾਂ ਹੱਥਾਂ ਵਿੱਚ ਝੰਡੇ ਅਤੇ ਮਾਟੋ ਲੈ ਕੇ ਸ਼ਾਮਲ ਹੋਏ, ਜਿਸ ਦੀ ਅਗਵਾਈ ਖੱਬੀਆਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਕਾਮਰੇਡ ਬਲਵਿੰਦਰ ਸਿੰਘ ਦੁਧਾਲਾ, ਕਾਮਰੇਡ ਅਮਰੀਕ ਸਿੰਘ, ਕਾਮਰੇਡ ਰਤਨ ਸਿੰਘ ਰੰਧਾਵਾ ਤੇ ਦਲਬੀਰ ਮਸੀਹ ਭੋਲਾ ਨੇ ਕੀਤੀ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਤੇ ਸੂਬਾਈ ਆਗੂ ਕਾਮਰੇਡ ਲਖਬੀਰ ਸਿੰਘ ਨਿਜ਼ਾਮਪੁਰਾ ਤੇ ਅਸ਼ਵਨੀ ਕੁਮਾਰ ਹਰੀਪੁਰਾ, ਸੀ ਪੀ ਆਈ (ਐੱਮ) ਦੇ ਸੀਨੀਅਰ ਆਗੂ ਸਾਥੀ ਅਵਤਾਰ ਸਿੰਘ ਰੰਧਾਵਾ ਤੇ ਕਾਮਰੇਡ ਸੁੱਚਾ ਸਿੰਘ ਅਜਨਾਲਾ, ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸਾਥੀ ਬਲਬੀਰ ਸਿੰਘ ਰੰਧਾਵਾ ਤੇ ਮੰਗਲ ਸਿੰਘ ਧਰਮਕੋਟ ਨੇ ਕਿਹਾ ਕਿ ਅਸਮਾਨ ਛੋਹ ਰਹੀ ਮਹਿੰਗਾਈ, ਵਿਆਪਕ ਬੇਕਾਰੀ ਤੇ ਭ੍ਰਿਸ਼ਟਾਚਾਰ ਨੇ ਕਿਰਤੀ ਲੋਕਾਂ ਦੇ ਹੱਕ ਵਿੱਚ ਦਮ ਕੀਤਾ ਹੋਇਆ ਹੈ। ਇਸ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤੇ ਮਜ਼ਦੂਰਾਂ ਤੇ ਗਰੀਬਾਂ ਦੇ ਕਰਜ਼ੇ ਰੱਦ ਕੀਤੇ ਜਾਣ। ਉਕਤ ਪਾਰਟੀ ਆਗੂਆਂ ਨੇ ਜ਼ੋਰ ਦਿੱਤਾ ਕਿ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉਪਰ ਹੋ ਰਹੇ ਸਮਾਜਿਕ ਤੇ ਪੁਲਸ ਜਬਰ ਨੂੰ ਰੋਕਿਆ ਜਾਵੇ ਅਤੇ ਗੁਜਰਾਤ ਸਮੇਤ ਦੇਸ਼ ਵਿੱਚ ਥਾਂ-ਥਾਂ ਦਲਿਤਾਂ ਉਪਰ ਵਹਿਸ਼ੀਆਨਾ ਹਮਲੇ ਕੁੱਟਮਾਰ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਮਨ ਕਾਨੂੰਨ ਦੀ ਅੱਤ ਵਿਗੜੀ ਹਾਲਤ ਤੁਰੰਤ ਸੁਧਾਰੀ ਜਾਵੇ ਅਤੇ ਗੁੰਡਾ ਅਨਸਰਾਂ ਤੇ ਗੈਗਸਟਰਾਂ ਨੂੰ ਨੱਥ ਪਾਈ ਜਾਵੇ, ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹੀਂ ਬੰਦ ਕੀਤਾ ਜਾਵੇ ਤੇ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦਾ ਸਰਾਕਰੀ ਇਲਾਜ ਕੀਤਾ ਜਾਵੇ।
ਸਮੂਹ ਬੁਲਾਰਿਆਂ ਨੇ ਅਪੀਲ ਕੀਤੀ ਕਿ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਚਾਰ ਖੱਬੀਆਂ ਪਾਰਟੀਆਂ ਦੇ ਆਉਣ ਵਾਲੇ ਬੱਝਵੇਂ ਸਫਲ ਕੀਤਾ ਜਾਵੇ ਅਤੇ ਕਿਰਤੀਆਂ ਦੇ ਹਿੱਤਾਂ ਲਈ 2 ਦਸੰਬਰ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੌਕੇ ਬਲਕਾਰ ਸਿੰਘ ਦੁਧਾਲਾ, ਕਾਮਰੇਡ ਨਰਿੰਦਰ ਸਿੰਘ ਧੰਜਲ, ਕਾਮਰੇਡ ਜਗਤਾਰ ਸਿੰਘ ਕਰਮਪੁਰਾ, ਪਵਨ ਕੁਮਾਰ ਮੋਹਕਮਪੁਰਾ, ਕੁਲਵੰਤ ਸਿੰਘ ਮੱਲੂ ਨੰਗਲ, ਅਜੀਤ ਰਾਏ ਬਾਵਾ, ਪਿਆਰਾ ਸਿੰਘ ਧਾਰੜ, ਕਾਮਰੇਡ ਰਾਜ ਬਲਬੀਰ ਸਿੰਘ ਵੀਰਮ, ਨਰਿੰਦਰ ਚਮਿਆਰੀ, ਡਾ. ਗੁਰਮੇਜ ਸਿੰਘ ਤਿਮੋਵਾਲ, ਸੁਖਵਿੰਦਰ ਸਿੰਘ ਚਵਿੰਡਾ ਦੇਵੀ, ਦਰਬਾਰਾ ਸਿੰਘ ਲੋਪੋਕੇ, ਦਰਬਾਰਾ ਸਿੰਘ ਲੋਪੋਕੇ, ਸੁਰਜੀਤ ਸਿੰਘ ਦੁਧਾਰਾਏ, ਕਿਰਪਾਲ ਸਿੰਘ, ਡਾ. ਬਲਵਿੰਦਰ ਸਿੰਘ ਛੇਹਰਟਾ, ਟਹਿਲ ਸਿੰਘ ਚੇਤਨਪੁਰਾ, ਮਾਸਟਰ ਹਰਭਜਨ ਸਿੰਘ, ਪੰਜਾਬ ਇਸਤਰੀ ਸਭ ਦੀ ਸਰਪ੍ਰਸਤ ਨਰਿੰਦਰ ਪਾਲ ਪਾਲੀ, ਕਾਮਰੇਡ ਗੁਰਭੇਜ ਸਿੰਘ ਸੈਦੋਲੇਹਲ, ਕਾਮਰੇਡ ਪਿਆਰਾ ਸਿੰਘ ਧਾਰੜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। 
 
ਰੂਪਨਗਰ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵੱਲੋਂ ਬਣਾਏ ਸਾਂਝੇ ਮੋਰਚੇ ਦੇ ਸੱਦੇ 'ਤੇ ਅੱਜ ਰੂਪਨਗਰ ਜ਼ਿਲ੍ਹੇ ਦੀਆਂ ਤਿੰਨ ਖੱਬੀਆਂ ਪਾਰਟੀਆਂ ਸੀ ਪੀ ਆਈ ਦੇ ਸਹਾਇਕ ਸਕੱਤਰ ਦਵਿੰਦਰ ਨੰਗਲੀ, ਸੀ ਪੀ ਆਈ (ਐੱਮ) ਦੇ ਸੀਨੀਅਰ ਆਗੂ ਮਹਿੰਦਰ ਸਿੰਘ ਸੰਗਤਪੁਰਾ ਅਤੇ ਸੀ ਪੀ ਐੱਮ ਪੰਜਾਬ ਦੇ ਸੀਨੀਅਰ ਆਗੂ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਸਵੇਰੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਸਾਥੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਸਰਮਾਏਦਾਰੀ ਸਰਕਾਰਾਂ ਕਾਰਪੋਰੇਟ ਘਰਾਣਿਆਂ ਨੂੰ ਨਜਾਇਜ਼ ਲਾਭ ਦੇਣ ਲਈ ਗਰੀਬ ਲੋਕਾਂ/ ਆਮ ਜਨਤਾ ਦੀ ਲੁੱਟ ਕਰ ਰਹੀਆਂ ਹਨ। ਸਰਕਾਰ ਦੇ ਮੰਤਰੀ ਅਤੇ ਹੋਰ ਸੱਤਾਧਾਰੀ ਪਾਰਟੀਆਂ ਦੇ ਰਾਜਨੀਤਕ ਆਗੂ, ਨਸ਼ਿਆਂ, ਰੇਤਾ-ਬੱਜਰੀ, ਟਰਾਂਸਪੋਰਟ, ਕੇਬਲ ਅਤੇ ਭੂਮੀ-ਮਾਫੀਆ ਦਾ ਧੰਦਾ ਕਰ ਰਹੇ ਹਨ। ਮਹਿੰਗਾਈ ਛਾਲਾਂ ਮਾਰਦੀ ਵਧਦੀ ਜਾ ਰਹੀ ਹੈ। ਮਹਿੰਗੀਆਂ ਡਿਗਰੀਆਂ ਹਾਸਲ ਕਰਕੇ ਨੌਜਵਾਨ ਬੇਰੁਜ਼ਗਾਰ ਫਿਰਦੇ ਹਨ ਅਤੇ ਸਰਕਾਰਾਂ ਰੁਜ਼ਗਾਰ ਦੇਣ ਵਿੱਚ ਫੇਲ੍ਹ ਹੋਈਆਂ ਹਨ। ਅਮਨ-ਕਾਨੂੰਨ ਦੀ ਹਾਲਤ ਦਿਨ-ਬ-ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਹਰ ਆਮ ਜਨਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਨ੍ਹਾਂ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋ ਤਿੱਖਾ ਕੀਤਾ ਜਾਵੇਗਾ ।
ਧਰਨੇ ਨੂੰ ਸੀ ਪੀ ਆਈ ਆਗੂ ਮਾਸਟਰ ਦਰਸ਼ਨ ਸਿੰਘ ਖੇੜੀ, ਹਰੀ ਚੰਦ ਗੋਲਣੀ, ਗੁਰਨਾਮ ਸਿੰਘ, ਸੀ.ਪੀ.ਆਈ (ਐੱਮ) ਦੇ ઠਜ਼ਿਲਾ ਸਕੱਤਰ ਤਰਸੇਮ ਸਿੰਘ ਭੱਲੜੀ, ਸੁਰਜੀਤ ਸਿੰਘ ਢੇਰ,  ਬੀ ਐੱਸ ਸੈਣੀ, ਭਜਨ ਸਿੰਘ ਸੰਦੋਏ,  ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਮੋਹਨ ਸਿੰਘ ਧਮਾਣਾ, ਬਲਵਿੰਦਰ ਸਿੰਘ ਉਸਮਾਨਪੁਰ, ਹਿੰਮਤ ਸਿੰਘ ਤੇ ਮਲਕੀਤ ਸਿੰਘ ਨੇ ਸੰਬੋਧਨ ਕੀਤਾ।
Thanks to Nawan Zamana

Saturday, 6 August 2016

ਖੱਬੀਆਂ ਪਾਰਟੀਆਂ ਵਲੋਂ 8-9 ਅਗਸਤ ਨੂੰ ਜ਼ਿਲ੍ਹਾ ਕੇਂਦਰਾਂ ਉਪਰ ਧਰਨੇ ਤੇ ਮੁਜ਼ਾਹਰੇ

ਜਲੰਧਰ, 6 ਅਗਸਤ - ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ.(ਐਮ.), ਸੀ.ਪੀ.ਐਮ.ਪੰਜਾਬ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ 8 ਅਗਸਤ ਨੂੰ ਲੋਕਾਂ ਦੀਆਂ ਭੱਖਦੀਆਂ ਮੰਗਾਂ ਲਈ ਜ਼ਿਲ੍ਹਾ ਕੇਂਦਰਾਂ ਉਪਰ ਮਾਰੇ ਜਾ ਰਹੇ ਧਰਨਿਆਂ ਤੇ 9 ਅਗਸਤ ਨੂੰ ਕੀਤੇ ਜਾਣ ਵਾਲੇ ਜਨਤਕ ਮੁਜ਼ਾਹਰਿਆਂ ਲਈ ਪੰਜਾਬ ਦੇ ਸਮੂਹ ਕਿਰਤੀ ਵਰਗਾਂ ਵਿਚ ਅਤਿਅੰਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਮੰਗਾਂ ਵਿਚ ਵੱਧ ਰਹੀ ਮਹਿੰਗਾਈ ਉਪਰ ਰੋਕ, ਬੇਕਾਰੀ ਦਾ ਖਾਤਮਾ, ਸ਼ਹਿਰੀ ਤੇ ਪੇਂਡੂ ਬੇਜ਼ਮੀਨੇ ਲੋਕਾਂ ਲਈ ਹਾਊਸਿੰਗ ਕਲੋਨੀਆਂ ਅਤੇ ਘਰਾਂ ਵਾਸਤੇ ਪਲਾਟ, ਮਜਦੂਰਾਂ-ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ, ਸਰਕਾਰ ਵਲੋਂ ਸਿਹਤ ਤੇ ਵਿਦਿਅਕ ਸਹੂਲਤਾਂ ਪ੍ਰਦਾਨ ਕਰਨਾ, ਨਸ਼ਾਖੋਰੀ ਦਾ ਖਾਤਮਾ ਤੇ ਨਸ਼ਾ ਵਿਉਪਾਰੀਆਂ ਨੂੰ ਸਖਤ ਸਜ਼ਾਵਾਂ ਦੇ ਕੇ ਜੇਲ੍ਹਾਂ ਵਿਚ ਬੰਦ ਕਰਨਾ, ਦਲਿਤਾਂ ਤੇ ਹੋਰ ਪੱਛੜੀਆਂ ਜਾਤੀਆਂ ਦੇ ਲੋਕਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਨੱਥ ਪਾਉਣੀ ਅਤੇ ਕਾਨੂੰਨ ਪ੍ਰਬੰਧ ਦੀ ਵਿਗੜਦੀ ਜਾ ਰਹੀ ਹਾਲਤ ਨੂੰ ਸੁਧਾਰਨਾ ਸ਼ਾਮਿਲ ਹਨ। ਇਹ ਐਲਾਨ ਚਾਰ ਖੱਬੀਆਂ ਪਾਰਟੀਆਂ ਦੇ ਸੂਬਾਈ ਸਕੱਤਰਾਂ ਸਰਬ ਸਾਥੀ ਹਰਦੇਵ ਅਰਸ਼ੀ, ਚਰਨ ਸਿੰਘ ਵਿਰਦੀ, ਮੰਗਤ ਰਾਮ ਪਾਸਲਾ ਤੇ ਗੁਰਮੀਤ ਸਿੰਘ ਬਖਤਪੁਰਾ ਨੇ ਇਕ ਬਿਆਨ ਵਿਚ ਕੀਤਾ।
ਆਗੂਆਂ ਨੇ ਅੱਗੇ ਦੱਸਿਆ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਕਿਰਤੀ ਲੋਕਾਂ ਦਾ ਨੱਕ ਵਿਚ ਦਮ ਕੀਤਾ ਹੋਇਆ ਹੈ। ਦੇਸ਼ ਨੂੰ ਸਾਮਰਾਜੀ ਧਾੜਵੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਕਾਨੂੰਨ ਪ੍ਰਬੰਧ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈ ਤੇ ਲੁੱਟਾਂ, ਖੋਹਾਂ ਤੇ ਡਕੈਤੀਆਂ ਦਿਨ ਦਿਹਾੜੇ ਵਾਪਰ ਰਹੀਆਂ ਹਨ। ਦਲਿਤਾਂ ਤੇ ਹੋਰ ਪਛੜੇ ਵਰਗਾਂ ਉਪਰ ਹੋ ਰਹੇ ਅਤਿਆਚਾਰ ਨੂੰ ਮੋਦੀ ਤੇ ਬਾਦਲ ਸਰਕਾਰ ਅੱਖਾਂ  ਤੇ ਕੰਨ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਅੱਤ ਦੀ ਮਹਿੰਗਾਈ ਕਾਰਨ ਕਿਰਤੀ ਲੋਕਾਂ ਵਾਸਤੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਬਣਦਾ ਜਾ ਰਿਹਾ ਹੈ। ਖੱਬੇ ਪੱਖੀ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਕਿਰਤੀ ਲੋਕਾਂ ਨੂੰ 8-9 ਅਗਸਤ ਦੇ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।

(ਹਰਦੇਵ ਸਿੰਘ ਅਰਸ਼ੀ)        (ਚਰਨ ਸਿੰਘ ਵਿਰਦੀ)        (ਮੰਗਤ ਰਾਮ ਪਾਸਲਾ)       (ਗੁਰਮੀਤ ਸਿੰਘ ਬਖਤਪੁਰਾ)
        ਸਕੱਤਰ                          ਸਕੱਤਰ                        ਸਕੱਤਰ                                     ਸਕੱਤਰ
         
  ਸੀ.ਪੀ.ਆਈ.            ਸੀ.ਪੀ.ਆਈ.(ਐਮ)         ਸੀ.ਪੀ.ਐਮ.ਪੰਜਾਬ         ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ