Sunday 24 April 2016

ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ’ਚ ਹਾਕਮਾਂ ਦੀ ਅਸਫਲਤਾ ਮੁਜ਼ਰਮਾਨਾ-ਪਾਸਲਾ

8 ਮਈ ਨੂੰ ਕੀਤੇ ਜਾਣਗੇ ਸਾਰੇ ਪੰਜਾਬ ’ਚ ਵਿਸ਼ਾਲ ਇਕੱਠ 
ਜਲੰਧਰ, 23 ਅਪ੍ਰੈਲ - ਕਰਜ਼ੇ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਵਿਚ ਹਾਕਮਾਂ ਦੀ ਮੁਜ਼ਰਮਾਨਾ ਅਸਫਲਤਾ ਵਿਰੁੱਧ ਸੀਪੀਐਮ ਪੰਜਾਬ ਵਲੋਂ 8 ਮਈ ਨੂੰ ਸਾਰੇ ਪ੍ਰਾਂਤ ਵਿਚ ਵਿਸ਼ਾਲ ਇਕੱਠ ਕੀਤੇ ਜਾਣਗੇ। ਇਹ ਫੈਸਲਾ ਇੱਥੇ ਪਾਰਟੀ ਦੀ ਸੂਬਾ ਕਮੇਟੀ ਦੀ ਕਾਮਰੇਡ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਦੋ ਦਿਨਾਂ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਦੇ ਫੈਸਲੇ ਪ੍ਰੈਸ ਲਈ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਸੂਬਾ ਕਮੇਟੀ ਨੇ ਗੰਭੀਰਤਾ ਸਹਿਤ ਨੋਟ ਕੀਤਾ ਹੈ ਕਿ ਅੱਜ ਜਦੋਂ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਣ ਕਰਜੇ ਦੇ ਭਾਰ ਹੇਠ ਬੁਰੀ ਤਰ੍ਹਾਂ ਦੱਬੀ ਗਈ ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀਆਂ ਨਿਰਾਸ਼ਾਵਸ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਰਫਤਾਰ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਕਾਰਣ ਆਮ ਕਿਰਤੀ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਅੌਖਾ ਹੋ ਗਿਆ ਹੈ। ਲੋਕ ਬੇਇਲਾਜੇ ਮਰ ਰਹੇ ਹਨ ਅਤੇ ਗਰੀਬਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਇਕ ਭਿਆਨਕ ਸੁਪਨਾ ਬਣ ਚੁੱਕੀ ਹੈ ਅਤੇ ਪੰਜਾਬ ਦੇ ਹਾਕਮ ਦੁੱਖਾਂ ਮਾਰੇ ਲੋਕਾਂ ਦੀ ਬਾਂਹ ਫੜਨ ਦੀ ਥਾਂ, ਵੋਟਾਂ ਬਟੋਰਨ ਲਈ ਤਰ੍ਹਾਂ-ਤਰ੍ਹਾਂ ਦੇ ਅਨੈਤਿਕ ਹੱਥਕੰਡੇ ਵਰਤਣ ਵਿਚ ਗਲਤਾਣ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੀਟਿੰਗ ਨੇ ਇਹ ਨੋਟ ਕੀਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪਿਛਲੇ 9 ਵਰ੍ਹਿਆਂ ਦੌਰਾਨ ਪ੍ਰਾਂਤ ਅੰਦਰ ਮਚਾਈ ਗਈ ਅੰਨ੍ਹੀ ਲੁੱਟ ਅਤੇ ਨਸ਼ਿਆਂ ਦੇ ਪਰਵਾਹ ਰਾਹੀਂ ਕੀਤੀ ਗਈ ਭਾਰੀ ਬਰਬਾਦੀ ਦੇ ਬਾਵਜੂਦ ਇਹ ਦੋਵੇਂ ਪਾਰਟੀਆਂ ਲੋਕਾਂ ਨੂੰ ਨਵੇਂ-ਨਵੇਂ ਲੋਭ-ਲਾਲਚਾਂ ਰਾਹੀਂ ਭਰਮਾ ਰਹੀਆਂ ਹਨ ਅਤੇ ਆਪਣੇ ਸੌੜੇ ਹਿੱਤਾਂ ਖਾਤਰ ਦਰਿਆਈ ਪਾਣੀਆਂ ਦੇ ਸੰਵੇਦਨਸ਼ੀਲ ਮਸਲੇ ਨੂੰ ਵੀ ਹੋਰ ਵਧੇਰੇ ਉਲਝਾਉਣ ਲਈ ਯਤਨਸ਼ੀਲ ਹਨ। ਦੂਜੇ ਪਾਸੇ ਮੁੱਖ ਵਿਰੋਧੀ ਕਾਂਗਰਸੀ ਪਾਰਟੀ ਅਤੇ ਰਾਜਸੱਤਾ ਦੀ ਦਾਅਵੇਦਾਰ ਲਈ ਚੋਣ ਦੰਗਲ ’ਚ ਪੱਬਾਂ ਭਾਰ ਹੋਈ ਪਈ ਆਮ ਆਦਮੀ ਪਾਰਟੀ (ਆਪ) ਵੀ ਲੋਕਾਂ ਨੂੰ ਬੇਕਾਰੀ-ਭੁਖਮਰੀ ਵਰਗੀਆਂ ਦਿੱਕਤਾਂ ਤੋਂ ਮੁਕਤ ਕਰਨ ਲਈ ਕੋਈ ਬਦਲਵੀਂ ਪਹੁੰਚ ਅਪਨਾਉਣ ਦੀ ਬਜਾਇ ਉਨ੍ਹਾਂ ਹੀ ਕਾਰਪੋਰੇਟ ਪੱਖੀ ਅਤੇ ਸਾਮਰਾਜ ਨਿਰਦੇਸ਼ਤ ਲੋਕ ਮਾਰੂ ਨੀਤੀਆਂ ਦਾ ਸਮਰਥਨ ਕਰ ਰਹੀਆਂ ਹਨ ਜਿਨ੍ਹਾਂ ਨੇ ਸਮੁੱਚੇ ਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਸਾਥੀ ਪਾਸਲਾ ਨੇ ਕਿਹਾ ਕਿ ਇਸ ਪਿਛੋਕੜ ਵਿਚ ਸੀਪੀਐਮ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਆਉਂਦੇ ਸਮੇਂ ਦੌਰਾਨ ਪਾਰਟੀ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਲਾਕਾਨੂੰਨੀ ਵਿਰੁੱਧ ਅਤੇ ਪ੍ਰਾਂਤ ਅੰਦਰ ਵੱਧ ਰਹੀ ਨਸ਼ਾਖੋਰੀ, ਗੁੰਡਾਗਰਦੀ ਅਤੇ ਅਰਾਜਕਤਾ ਵਿਰੁੱਧ ਜਨਤਕ ਲਾਮਬੰਦੀ ਨੂੰ ਮਜ਼ਬੂਤ ਬਨਾਉਣਾ ਜਾਰੀ ਰੱਖੇਗੀ ਅਤੇ ਇਸ ਦਿਸ਼ਾ ਵਿਚ ਨਵੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਇਸ ਸੰਦਰਭ ਵਿਚ ਆਲ ਇੰਡੀਆ ਪੀਪਲਜ਼ ਫੋਰਮ ਦੇ ਸੱਦੇ ’ਤੇ ਸੋਕੇ, ਕਰਜ਼ੇ ਅਤੇ ਖੁਦਕੁਸ਼ੀਆਂ ਦੀ ਲਪੇਟ ਵਿਚ ਆਏ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸੰਘਰਸ਼ ਦੇ ਰਾਹੇ ਪਾਉਣ ਲਈ 8 ਮਈ ਨੂੰ ਥਾਂ ਪੁਰ ਥਾਂ ਜਲਸੇ ਜਲੂਸ ਤੇ ਮੁਜ਼ਾਹਰੇ ਕੀਤੇ ਜਾਣਗੇ। ਇਕ ਮਤੇ ਰਾਹੀਂ ਸੂਬਾ ਕਮੇਟੀ ਨੇ ਪੰਜਾਬ ’ਚ ਅਕਾਲੀ-ਭਾਜਪਾ ਗਠਜੋੜ ਦੀ ਹੱਥਠੋਕਾ ਬਣ ਚੁੱਕੀ ਪੰਜਾਬ ਪੁਲਸ ਵਲੋਂ ਵਿਰੋਧੀ ਧਿਰਾਂ ਨੂੰ ਦਬਾਉਣ ਦੇ ਨਜ਼ਰੀਏ ਨਾਲ ਤਰਨ ਤਾਰਨ ਵਿਖੇ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਅਤੇ ਹੋਰਨਾਂ ਸਥਾਨਕ ਆਗੂਆਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹ ਪਰਚਾ ਰੱਦ ਕਰਨ ਦੀ ਮੰਗ ਕੀਤੀ। ਇਕ ਹੋਰ ਮਤੇ ਰਾਹੀਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਨਤਕ ਦਬਾਅ ਹੇਠ ਕੀਤੀਆਂ ਗਈਆਂ ਕੁੱਝ ਠੋਸ ਪ੍ਰਾਪਤੀਆਂ ਉਪਰ ਅਤੇ ਇਸੇ ਤਰ੍ਹਾਂ ਦੇਸ਼ ਭਰ ਦੇ ਮੁਲਾਜ਼ਮਾਂ-ਮਜ਼ਦੂਰਾਂ ਵਲੋਂ ਪ੍ਰਾਵੀਡੈਂਟ ਫੰਡ ਨੂੰ ਖੁਰਦ-ਬੁਰਦ ਕਰਨ ਲਈ ਕੀਤੇ ਗਏ ਹਮਲੇ ਦਾ ਮੂੰਹ ਮੋੜਨ ਲਈ ਉਨ੍ਹਾਂ ਨੂੰ ‘ਸੰਗਰਾਮੀ’ ਵਧਾਈਆਂ ਪੇਸ਼ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਵਿਚ  ਹਰ ਪ੍ਰਕਾਰ ਦਾ ਸਹਿਯੋਗ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੇ ਆਰੰਭ ਵਿਚ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਪਾਰਟੀ ਦੇ ਨਵਾਂ ਸ਼ਹਿਰ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਸਰੂਪ ਸਿੰਘ ਰਾਹੋਂ, ਰੇਲਵੇ ਮੁਲਾਜ਼ਮਾਂ ਦੇ ਆਗੂ ਸਾਥੀ ਜੁਗਿੰਦਰ ਸਿੰਘ, ਵਿਦਿਆਰਥੀ ਅਤੇ ਕਰਮਚਾਰੀ ਲਹਿਰ ਦੇ ਆਗੂ ਸਾਥੀ ਨਵਤੇਜ ਸਿੰਘ ਦਿਹੜ ਅਤੇ ਸਾਥੀ ਕੁਲਦੀਪ ਸਿੰਘ ਜੰਡਿਆਲਾ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
 
ਜਾਰੀ ਕਰਤਾ
(ਮੰਗਤ ਰਾਮ ਪਾਸਲਾ)