Wednesday, 7 September 2016

ਮਾਮਲਾ ਖ਼ੁਰਾਕ ਤੇ ਪੁਸ਼ਾਕ ਬਾਰੇ ਬੇਹੂਦਾ ਫ਼ਰਮਾਨਾਂ ਦਾ

(ਨਵਾਂ ਜ਼ਮਾਨਾਂ, 7 ਸਤੰਬਰ 2016)
 
 

- ਮੰਗਤ ਰਾਮ ਪਾਸਲਾ
ਮੋਦੀ ਸਰਕਾਰ ਦੇ ਸੰਸਕ੍ਰਿਤ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਵਿਦੇਸ਼ੀ ਸੈਲਾਨੀਆਂ ਖਾਸਕਰ ਔਰਤਾਂ ਲਈ ਇਕ ਫੁਰਮਾਨ ਜਾਰੀ ਕੀਤਾ ਹੈ ਕਿ ਉਹ ਭਾਰਤ ਅੰਦਰ ਰਹਿਕੇ ਸਕਰਟਸ ਨਾ ਪਹਿਨਣ, ਇਕੱਲਿਆਂ ਨਾ ਘੁੰਮਣ ਇਤਿਆਦੀ। ਇਹ ਇਸ ਵਾਸਤੇ ਕਿ ਭਾਰਤੀ ਸਭਿਆਚਾਰ ਇਸਦੀ ਅਨੁਮਤੀ ਨਹੀਂ ਦਿੰਦਾ। ਪਹਿਲਾਂ ਹੀ ਹਿੰਦੂ ਆਸਥਾ ਦੇ ਬਹਾਨੇ ਖੁਰਾਕ (ਗਊ ਮਾਸ) ਬਾਰੇ ਸਰਕਾਰ ਨੇ 24 ਪ੍ਰਾਂਤਾਂ ਵਿਚ ਪਾਬੰਦੀ ਲਾ ਰੱਖੀ ਹੈ। ਹੁਣ ਕੱਪੜਿਆਂ ਬਾਰੇ ਸੰਘ ਵਲੋਂ ਨਵੇਂ ਆਦੇਸ਼ ਦਿੱਤੇ ਜਾ ਰਹੇ ਹਨ। ਉਂਝ ਭਾਰਤ ਅੰਦਰ ਦਰਮਿਆਨੇ ਤੇ ਇਸਤੋਂ ਉਪਰਲੇ ਵਰਗਾਂ ਦੀਆ ਔਰਤਾਂ ਤੇ ਲੜਕੀਆਂ ਪਹਿਲਾਂ ਹੀ ਸਕਰਟਸ ਤੇ ਹੋਰ ਕੱਪੜੇ ਵੀ ਪੱਛਮੀ ਲੋਕਾਂ ਵਾਂਗੂੰ ਪਹਿਨਦੀਆਂ ਹਨ। ਇਨ੍ਹਾਂ ਵਿਚ ਸੰਭਵ ਹੈ ਕਿ ਬਹੁਤੇ ਪਰਿਵਾਰ ਭਾਜਪਾ ਨਾਲ ਜੁੜੇ ਹੋਏ ਹੋਣ। ਭਾਰਤੀ ਫਿਲਮਾਂ ਤੇ ਟੀ.ਵੀ. ਉਪਰ ਦਿਖਾਇਆ ਜਾ ਰਿਹਾ ਨੰਗੇਜ਼ ਤਾਂ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਹੈ। ਨਾ ਸੰਘ (ਆਰ.ਐਸ.ਐਸ.) ਤੇ ਇਸਦੇ ਹੋਰ ਪਰਿਵਾਰਕ ਮੈਂਬਰਾਂ (ਬਜਰੰਗ ਦਲ, ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ) ਨੂੰ ਕੋਈ ਗਊ ਨਾਲ ਪਿਆਰ ਹੈ ਤੇ ਨਾ ਹੀ ਭਾਰਤੀ ਸਭਿਆਚਾਰ ਨਾਲ ਕੋਈ ਵਾਸਤਾ ਜਾਂ ਗਿਆਨ ਹੈ। ਇਸਦੇ ਆਗੂ ਤਾਂ ਹਰ ਵੇਲੇ ਇਸ ਤਾਕ ਵਿਚ ਰਹਿੰਦੇ ਹਨ ਕਿ ਕੋਈ ਅਜਿਹਾ ਮੁੱਦਾ ਲੱਭੋ, ਜਿਸ ਨਾਲ ਸਮਾਜ ਵਿਚ ਫਿਰਕੂ ਆਧਾਰ ਉਪਰ ਬਹਿਸ ਛਿੜੇ ਤੇ ਸੰਘ ਦਾ 'ਹਿੰਦੂ ਰਾਸ਼ਟਰ' ਕਾਇਮ ਕਰਨ ਦਾ ਸੁਪਨਾ ਛੇਤੀ ਤੋਂ ਛੇਤੀ ਪੂਰਾ ਹੋਵੇ। ਭਾਜਪਾ ਦੇ ਹੀ ਦੋ ਸੰਸਦ ਮੈਂਬਰਾਂ ਨੇ ਇਕ ਬਿਆਨ ਦਾਗ ਕੇ ਆਖਿਆ ਹੈ ਕਿ ਭਾਰਤ ਦਾ ਉਲੈਂਪਿਕ ਖੇਡਾਂ ਵਿਚ ਤਗਮਾ ਨਾ ਜਿੱਤਣ ਦਾ ਵੱਡਾ ਕਾਰਨ ਖੁਰਾਕ ਹੈ, ਜਦਕਿ ਸੰਸਾਰ ਦਾ ਸਭ ਤੋਂ ਤੇਜ਼ ਦੌੜਾਕ ਉਸੈਨ ਬੋਲਟ (ਜਮਾਇਕਾ ਦਾ ਵਾਸੀ)  ਦੋ ਸਮੇਂ ਗਾਂ ਦਾ ਮੀਟ ਖਾ ਕੇ 9 ਤਗਮੇ ਜਿੱਤ ਗਿਆ ਹੈ। ਬਾਅਦ ਵਿਚ ਇਨ੍ਹਾਂ ਸੰਸਦਾਂ ਦੇ ਕਥਨ ਅਨੁਸਾਰ ਭਾਜਪਾ ਨੇ ਪਾਰਟੀ ਤੌਰ 'ਤੇ ਕਿਸੇ ਵਿਅਕਤੀ ਦੇ ਖਾਣ ਪੀਣ ਉਪਰ ਕੋਈ ਪਾਬੰਦੀ ਨਹੀਂ ਲਾਈ। ਸੰਘੀਆਂ ਵਲੋਂ ਦੇਸ਼ ਵਿਚ ਪਾਇਆ ਜਾ ਰਿਹਾ ਖਰੂਦ ਫਿਰ ਕਿਸਦੇ ਇਸ਼ਾਰੇ ਉਪਰ ਕੀਤਾ ਜਾ ਰਿਹਾ ਹੈ? ਅਸਲ ਵਿਚ ਇਨ੍ਹਾਂ ਦੋ ਸੰਸਦਾਂ, ਜੋ ਦਲਿਤ ਵਰਗ ਨਾਲ ਸਬੰਧਤ ਹਨ, ਨੂੰ ਆਉਂਦੀਆਂ ਅਸੈਂਬਲੀ ਚੋਣਾਂ ਵਿਚ 'ਦਲਿਤ' ਵੋਟਾਂ ਦੀ ਬਹੁਤ ਚਿੰਤਾ ਹੈ। ਇਕ ਪਾਸੇ ਗਊ ਮਾਸ ਦੇ ਨਾਂਅ ਉਪਰ ਦਲਿਤਾਂ ਉਪਰ ਹੋ ਰਹੇ ਜਬਰ ਕਾਰਨ ਪੈਦਾ ਹੋਏ ਗੁੱਸੇ ਨੂੰ ਖਾਰਜ ਕਰਨ ਲਈ ਇਹ ਸਰਕਾਰ ਵਲੋਂ ਕਿਸੇ ਦੀ ਖੁਰਾਕ ਉਪਰ ਪਾਬੰਦੀ ਨਾ ਲਗਾਉਣ ਦਾ ਝੂਠ ਬੋਲ ਰਹੇ ਹਨ ਤੇ ਅਗਲੇ ਹੀ ਪਲ ਸੰਘ ਦੀ ਘੁਰਕੀ ਨਾਲ ਆਪਣੇ ਪਹਿਲੇ ਬਿਆਨ ਤੋਂ ਮੁਕਰ ਜਾਂਦੇ ਹਨ। ਵੋਟਾਂ ਦੇ ਸਾਹਮਣੇ ਭਾਜਪਾ ਆਗੂਆਂ ਲਈ ਝੂਠ ਸੱਚ ਸਭ ਜਾਇਜ਼ ਹੈ!
ਕਿੰਨਾ ਕੁਫਰ ਤੇ ਝੂਠ ਬੋਲਿਆ ਜਾ ਰਿਹਾ ਹੈ, ਇਸ ਭਗਵੇ ਬ੍ਰਿਗੇਡ ਵਲੋਂ, ਜੋ ਮਾਣ ਮਰਿਆਦਾ ਵਿਚ ਰਹਿਣ ਦਾ ਬਹੁਤ ਢੰਡੋਰਾ ਪਿੱਟਦੇ ਹਨ? ਅਸੀਂ ਭਾਰਤੀ ਸਭਿਆਚਾਰ ਦੀ ਕੱਪੜੇ ਪਹਿਨਣ ਦੀ ਰਵਾਇਤ ਉਪਰ ਹੀ ਜ਼ਰਾ ਨਜ਼ਰ ਮਾਰੀਏ। ਹਿੰਦੂ ਧਰਮ ਗ੍ਰੰਥਾਂ ਤੇ ਤਸਵੀਰਾਂ ਦੀ ਜ਼ੁਬਾਨੀ ਹਿੰਦੂ ਰਿਸ਼ੀ ਮੁਨੀ ਸਾਲਾਂ ਬੱਧੀ ਬਿਨਾਂ ਬਸਤਰ ਜਾਂ ਅਰਧ ਨਗਨ ਅਵਸਥਾ ਵਿਚ ਤਪੱਸਿਆ ਕਰਦੇ ਦਿਖਾਏ ਗਏ ਹਨ। ਅੱਜ ਵੀ ਅਨੇਕਾਂ ਹਿੰਦੂ ਧਾਰਮਕ ਅਸਥਾਨਾਂ ਵਿਚ ਬਹੁਤ ਸਾਰੇ ਪੁਜਾਰੀ ਸਿਰਫ ਧੋਤੀ ਨਾਲ ਹੀ ਸਰੀਰ ਕੱਜਦੇ ਹਨ, ਜਿਸ ਨਾਲ ਅੱਧਾ ਜਿਸਮ ਹੀ ਢਕਿਆ ਜਾਂਦਾ ਹੈ। ਵੱਖ ਵੱਖ ਧਾਰਮਿਕ ਉਤਸਵਾਂ ਉਤੇ ਵੱਖ ਵੱਖ ਅਖਾੜਿਆਂ ਦੇ ਸੰਤ ਮਹੰਤ ਪੂਰਨ ਰੂਪ ਵਿਚ ਨਗਨ ਅਵਸਥਾ ਵਿਚ ਗੰਗਾ ਇਸ਼ਨਾਨ ਕਰਦੇ ਹਨ।  ਇਨ੍ਹਾਂ ਮੌਕਿਆਂ ਉਪਰ ਕਈ ਵਾਰ ਵੱਡੇ ਝਗੜੇ ਵੀ ਹੋਏ ਹਨ ਕਿ ਪਹਿਲਾਂ ਇਸ਼ਨਾਨ ਕਰਨ ਦਾ ਅਧਿਕਾਰ ਕਿਸ ਅਖਾੜੇ ਦਾ ਹੈ? ਇਨ੍ਹਾਂ ਨਾਂਗੇ ਸਾਧੂਆਂ ਨੂੰ ਲਾਈਨਾਂ ਬਣਾ ਕੇ ਤੁਰਦਿਆਂ ਦੇਖਕੇ ਸਮਝਦਾਰ ਬੰਦਿਆਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤੇ ਉਹ ਟੀ.ਵੀ. ਉਪਰ ਇਸ ਸੀਨ ਦੇ ਸਿੱਧੇ ਪ੍ਰਸਾਰਨ ਦੇਖ ਕੇ ਟੀ.ਵੀ. ਬੰਦ ਕਰ ਦਿੰਦੇ ਹਨ। ਉਂਝ ਵੀ ਸਾਡੇ ਸਮਾਜ ਵਿਚ ਬਹੁਤ ਸਾਰੇ ਧਾਰਮਿਕ ਡੇਰਿਆਂ ਦੇ ਸੰਚਾਲਕ ਗੁਰੂ ਲਗਭਗ ਅਰਧ ਜਾਂ ਪੂਰੀ ਨਗਨ ਅਵਸਥਾ ਵਿਚ ਰਹਿੰਦੇ ਹਨ। ਇਨ੍ਹਾਂ ਸਥਾਨਾਂ ਦੇ ਹਜ਼ਾਰਾਂ ਲੱਖਾਂ ਅਨੁਆਈ ਇੱਥੇ ਰੋਜ਼ਾਨਾ ਯਾਤਰਾ ਕਰਨ ਆਉਂਦੇ ਹਨ। ਇਹ ਸਭ ਹਿੰਦੂ ਮਰਿਆਦਾ ਤੇ ਭਾਰਤੀ ਸਭਿਆਚਾਰ ਦੇ ਨਾਮ ਉਪਰ ਕੀਤਾ ਜਾਂਦਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਜੈਨ ਮੁਨੀ ਨੇ ਅਰਧ ਨਗਨ ਅਵਸਥਾ ਵਿਚ ਹਰਿਆਣਾ ਦੀ ਅਸੈਂਬਲੀ ਵਿਚ ਭਾਸ਼ਨ ਕੀਤਾ ਹੈ, ਜਿੱਥੇ ਔਰਤਾਂ ਵੀ ਮੌਜੂਦ ਸਨ। ਅਫਸੋਸ ਦੀ ਗੱਲ ਇਹ ਹੈ ਕਿ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਭਾਜਪਾ, ਕਾਂਗਰਸ, ਬਸਪਾ ਨੇ ਇਸ ਵਰਤਾਰੇ ਦਾ ਕੋਈ ਵਿਰੋਧ ਕਰਨ ਦੀ ਥਾਂ ਤਾੜੀਆਂ ਮਾਰਕੇ ਸਵਾਗਤ ਕੀਤਾ। ਮੁਨੀ ਜੀ ਦੇ ਪਰਿਵਚਨਾਂ ਬਾਰੇ ਤਾਂ ਸਿਫਰ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਔਰਤ ਜਾਤੀ ਦਾ ਘੋਰ ਅਪਮਾਨ ਕੀਤਾ ਗਿਆ ਤੇ ਭਾਰਤੀ ਸੰਵਿਧਾਨ ਦੇ ਮੂਲ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਪਰ ਕੋਈ ਕਿਸੇ ਧਰਮ ਗੁਰੂ ਦੇ ਕਹੇ 'ਤੇ ਉਂਗਲ ਕਿਵੇਂ ਧਰ ਸਕਦਾ ਹੈ? ਧਰਮ ਅਸਥਾਨ ਉਤੇ ਪ੍ਰਚਾਰ ਕਰਨ ਦੀ ਥਾਂ ਸੂਬਾਈ ਅਸੈਂਬਲੀ ਨੂੰ ਇਸ ਮੰਤਵ ਲਈ ਵਰਤਣਾ ਕਿੰਨਾ ਕੁ ਜਾਇਜ਼ ਹੈ?
ਭਾਰਤੀ ਸਭਿਆਚਾਰ ਦਾ ਇਕ ਦੂਸਰਾ ਦਰਦਨਾਕ ਤੇ ਸ਼ਰਮਨਾਕ ਪਹਿਲੂ ਵੀ ਹੈ, ਜਿੱਥੇ ਕਿਸੇ ਆਸਥਾ ਜਾ ਧਾਰਮਕ ਭਾਵਨਾਵਾਂ ਦੇ ਅਧੀਨ ਨਹੀਂ ਬਲਕਿ ਮਨੂੰਵਾਦੀ ਵਿਚਾਰਧਾਰਾ ਉਪਰ ਸਿਰਜੇ ਸਮਾਜ ਵਿਚ ਦੇਸ਼ ਦੇ ਗਰੀਬ ਦਲਿਤ ਕਈ ਭਾਗਾਂ   (ਤਾਮਿਲਨਾਡੂ) ਅੰਦਰ ਔਰਤਾਂ ਨੂੰ ਸਰੀਰ ਦਾ ਲੱਕ ਤੋਂ ਉਪਰਲਾ ਭਾਗ ਕੱਜਣ ਦੀ ਇਜਾਜਤ ਹੀ ਨਹੀਂ ਹੈ। ਹਰ ਪ੍ਰਾਂਤ ਸਮੇਤ ਪੰਜਾਬ ਅੰਦਰ ਹਜ਼ਾਰਾਂ ਕੰਮਕਾਜੀ ਔਰਤਾਂ ਹਨ, ਜੋ ਇਕੋ ਪੁਸ਼ਾਕ ਜਾਂ ਸਾੜੀ ਹੋਣ ਕਾਰਨ ਇਸਦਾ ਇਕ ਹਿੱਸਾ ਧੋ ਲੈਂਦੀਆਂ ਹਨ ਤੇ ਦੂਸਰਾ ਸਰੀਰ ਕੱਜਣ ਲਈ ਵਰਤਦੀਆਂ ਹਨ। ਇਸ਼ਨਾਨ ਕਰਨ ਸਮੇਂ ਵੀ ਬਿਨਾਂ ਕਿਸੇ ਇਸ਼ਨਾਨ ਘਰ ਦੇ ਅਸਮਾਨ ਦੀ ਛੱਤ ਹੇਠ ਸਾਡੀਆਂ ਇਹ ਧੀਆਂ ਤੇ ਭੈਣਾਂ ਅਰਧ ਨਗਨ ਅਵਸਥਾ ਵਿਚ ਹੀ ਨਹਾਉਂਦੀਆਂ ਹਨ। ਇਹ ਦੇਖ ਕੇ ਵੀ ਮਨੂੰਵਾਦੀ ਵਿਚਾਰਧਾਰਾ ਤੇ ਸੰਘੀਆਂ ਨਾਲ ਜੁੜੇ ਨਾਮ ਨਿਹਾਦ ਗਊ ਭਗਤਾਂ ਤੇ ਰਾਮ ਭਗਤਾਂ ਨੂੰ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਤੇ ਉਹ ਵਿਦੇਸ਼ੀ ਸੈਲਾਨੀਆਂ ਲਈ ਖੁਰਾਕ ਤੇ ਪੁਸ਼ਾਕ ਦੀਆਂ ਸੇਧਾਂ ਨੀਅਤ ਕਰ ਰਹੇ ਹਨ।
ਉਪਰੋਕਤ ਸਵਾਲ ਜਵਾਬ ਮੰਗਦੇ ਹਨ ਕਿ ਭਾਰਤ ਦੀ ਕਿਹੜੀ ਸਭਿਅਤਾ ਦੇ ਪਰਦੇ ਹੇਠਾਂ ਭਾਜਪਾ ਆਗੂ ਵਿਦੇਸ਼ੀਆਂ ਦੇ ਪਹਿਰਾਵੇ ਬਾਰੇ ਜ਼ਰੂਰੀ ਸੇਧਾਂ ਤੈਅ ਕਰ ਰਹੇ ਹਨ? ਅਮੀਰ ਵਰਗਾਂ ਤੇ ਪਿਛਾਖੜੀ ਵਿਚਾਰਾਂ ਦੀ ਸਭਿਅਤਾ ਜਾਂ ਲਿਤਾੜੇ ਜਾ ਰਹੇ ਦਲਿਤਾਂ, ਆਦਿਵਾਸੀਆਂ ਤੇ ਗਰੀਬੀ ਭੋਗ ਰਹੇ ਲੋਕਾਂ ਦੇ ਉਪਰ ਲੱਦੇ ਅਸੱਭਿਆ ਸਭਿਆਚਾਰ ਦੇ ਨਾਂਅ ਹੇਠ। ਪਿਛਲੇ ਸਮੇਂ ਤੋਂ, ਜਦੋਂ ਦੀ ਕੇਂਦਰ ਵਿਚ ਆਰ.ਐਸ.ਐਸ. ਤੋਂ ਸੇਧ ਪ੍ਰਾਪਤ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਇਹੋ ਜਿਹੀਆਂ ਸੰਕੀਰਨ ਤੇ ਫਿਰਕੂ ਸੋਚ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਗਿਆ ਹੈ। ਕਦੀ ਮਰੀ ਹੋਈ ਗਾਂ ਦਾ ਚੰਮ ਲਾਹੁਣ ਦੀ ਸਜ਼ਾ ਵਜੋਂ ਦਲਿਤ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁਟਿਆ ਜਾਂਦਾ ਹੈ ਤੇ ਕਦੀ ਕਿਸੇ ਵੀ ਮਾਸ ਨੂੰ ਗਊ ਮਾਸ ਦਾ ਨਾਂਮ ਦੇ ਕੇ ਸਮਾਜ ਵਿਰੋਧੀ ਤੱਤਾਂ 'ਗਊ ਰਖਸ਼ਕਾ'' ਵਲੋਂ ਬੇਗੁਨਾਹ ਲੋਕਾਂ ਉਪਰ ਜਬਰ ਢਾਹਿਆ ਜਾਂਦਾ ਹੈ। ਇਕ ਹੋਰ ਅਜਬ ਦੇਣ ਹੈ ਮੋਦੀ ਸਰਕਾਰ ਦੀ, ਉਹ ਹੈ 'ਦੇਸ਼ ਧ੍ਰੋਹੀ' ਹੋਣਾ। ਕਿਸੇ ਵੀ ਹੱਕਾਂ ਦੀ ਅਵਾਜ਼ ਨੂੰ 'ਦੇਸ਼ ਧ੍ਰੋਹੀ' ਆਖਕੇ ਜੇਲ੍ਹ ਵਿਚ ਸੁਟ ਦਿੱਤਾ ਜਾਂਦਾ ਹੈ। ਜੇਕਰ ਇਕ ਔਰਤ ਜਾਂ ਕਿਸੇ ਮੁਸਲਮਾਨ ਉਪਰ ਪਾਕਿਸਤਾਨ ਦੀ ਕੋਈ ਸਿਫਤ ਕਰਨ ਬਦਲੇ 'ਦੇਸ਼ ਧ੍ਰੋਹੀ' ਦਾ ਕੇਸ ਬਣਦਾ ਹੈ, ਤਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਿਸਨੇ ਆਕਸਫੋਰਡ ਯੂਨੀਵਰਸਟੀ ਇੰਗਲੈਂਡ ਵਿਚ ਜਾ ਕੇ ਬਰਤਾਨਵੀ ਸਾਮਰਾਜ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਸਨ ਤੇ ਹੁਣ ਮੋਦੀ ਸਾਹਿਬ ਦੁਨੀਆਂ ਦੇ ਸਭ ਤੋਂ ਖਤਰਨਾਕ ਲੋਕ ਦੁਸ਼ਮਣ ਅਮਰੀਕਣ ਸਾਮਰਜ ਦੇ  ਰਾਸ਼ਟਰਪਤੀ ਨਾਲ 'ਕਰੂਰਾ' ਮਿਲ ਜਾਣ ਦੀ ਗਿਰਾਵਟ ਭਰੀ ਚਾਪਲੂਸੀ ਕਰਨ ਉਪਰ 'ਦੇਸ਼ ਭਗਤੀ' ਜਾਂ 'ਦੇਸ਼ ਧ੍ਰੋਹੀ' ਵਿਚੋਂ ਕਿਹੜਾ ਮੁਕੱਦਮਾ ਦਰਜ ਕੀਤਾ ਜਾਵੇ? ਇਸ ਸਵਾਲ ਦਾ ਉਤਰ ਦੇਸ਼ ਦੇ ਸਾਰੇ ਅਮਨ ਪਸੰਦ ਤੇ ਜਮਹੂਰੀ  ਲੋਕਾਂ ਨੂੰ ਹੁਕਮਰਾਨਾਂ ਤੋਂ ਲੈਣਾ ਹੋਵੇਗਾ।
ਕਿਸ ਤਰ੍ਹਾਂ ਦੇ ਕੱਪੜੇ ਪਾਉਣਾ ਜਾਂ ਖੁਰਾਕ ਖਾਣੀ ਹੈ, ਦੀ ਆਜ਼ਾਦੀ ਉਪਰ 'ਤਾਨਾਸ਼ਾਹੀ ਫੁਰਮਾਨ' ਕੋਈ ਸੰਘ ਵਰਗਾ ਸੰਗਠਨ, ਜੋ ਦੁਨੀਆਂ ਭਰ ਵਿਚ ਲੋਕਾਂ ਦੇ ਨਫਰਤ ਦੇ ਪਾਤਰ ਤਾਨਾਸ਼ਾਹ ਹਿਟਲਰ ਨੂੰ ਆਪਣਾ ਆਦਰਸ਼ ਮੰਨਦਾ ਹੋਵੇ, ਹੀ ਲਗਾ ਸਕਦਾ ਹੈ।  ਇਸ ਪਿੱਛੇ ਇਕ ਹੋਰ ਡੂੰਘੀ ਚਾਲ ਵੀ ਹੈ। ਜਦੋਂ ਲੋਕ ਗੈਰ ਜ਼ਰੂਰੀ ਜਾਂ ਫਿਰਕੂ ਸਵਾਲਾਂ ਵਿਚ ਉਲਝੇ ਹੋਣ, ਤਦ ਮੋਦੀ ਨੂੰ ਸਾਮਰਾਜ ਦੀਆਂ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨੀਆਂ ਅਸਾਨ ਬਣ ਜਾਂਦੀਆਂ ਹਨ। ਕਿਉਂਕਿ ਇਨਾਂ ਦਾ ਵਿਰੋਧ ਕਰਨ ਵਾਲੀ ਲੋਕਾਈ ਫਿਰਕਾਪ੍ਰਸਤੀ, ਇਲਾਕੇ, ਜਾਤੀ ਆਦਿ ਵਰਗੇ ਨਫਰਤਾਂ ਭਰੇ ਸਵਾਲਾਂ ਦੁਆਲੇ ਉਲਝੀ ਹੁੰਦੀ ਹੈ।
ਪ੍ਰੰਤੂ ਇਹ ਤਸੱਲੀ  ਵਾਲੀ ਗੱਲ ਇਹ ਹੈ ਕਿ ਜਿਸ ਜਬਰ ਦੀ ਤਲਵਾਰ ਮੋਦੀ ਤਿੱਖੀ ਕਰ ਰਿਹਾ ਹੈ, ਉਸ ਨਾਲ ਟੱਕਰ ਲੈਣ ਲਈ ਦਲਿਤ, ਆਦਿਵਾਸੀ, ਔਰਤਾਂ, ਘਟ ਗਿਣਤੀਆਂ ਤੇ ਦੂਸਰੇ ਤਮਾਮ ਕਿਰਤੀ ਲੋਕ ਵੀ ਕਮਰਕੱਸੇ ਕਰ ਰਹੇ ਹਨ, ਜੋ ਮੋਦੀ ਸਰਕਾਰ ਦੀ ਕਬਰ ਪੁੱਟਕੇ ਹੀ ਦਮ ਲੈਣਗੇ।

No comments:

Post a Comment