ਜਲੰਧਰ 27 ਜੂਨ - ਲੱਕ ਤੋੜ ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਵੱਧ ਰਹੀਆਂ ਖੁਦਕੁਸ਼ੀਆਂ, ਨਸ਼ਾਖੋਰੀ ਤੇ ਪ੍ਰਾਂਤ ਅੰਦਰ ਲਗਾਤਾਰ ਵਿਗੜਦੀ ਜਾ ਰਹੀ ਅਮਨ ਕਾਨੂੰਨ ਦੀ ਹਾਲਤ ਵਿਰੁੱਧ ਜਨਤਕ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਲਈ ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਵਲੋਂ 4 ਜੁਲਾਈ ਨੂੰ ਜਲੰਧਰ ਅਤੇ 5 ਜੁਲਾਈ ਨੂੰ ਬਰਨਾਲਾ ਵਿਖੇ ਦੋ ਵਿਸ਼ਾਲ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਇਹ ਫੈਸਲਾ ਅੱਜ ਏਥੇ 4 ਖੱਬੀਆਂ ਪਾਰਟੀਆਂ ਦੀ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਇਕ ਸਾਂਝੀ ਮੀਟਿੰਗ ਵਿਚ ਕੀਤਾ ਗਿਆ।
ਇਸ ਮੀਟਿੰਗ ਵਿਚ ਸੀ.ਪੀ.ਆਈ. ਵਲੋਂ ਸਰਵਸਾਥੀ ਹਰਦੇਵ ਸਿੰਘ ਅਰਸ਼ੀ, ਡਾ. ਜੋਗਿੰਦਰ ਦਿਆਲ ਅਤੇ ਜਗਰੂਪ ਸਿੰਘ, ਸੀ.ਪੀ.ਆਈ.(ਐਮ) ਵਲੋਂ ਚਰਨ ਸਿੰਘ ਵਿਰਦੀ ਅਤੇ ਰਾਮ ਸਿੰਘ ਨੂਰਪੁਰੀ, ਸੀ.ਪੀ.ਐਮ.ਪੰਜਾਬ ਵਲੋਂ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਘਬੀਰ ਸਿੰਘ ਤੇ ਕੁਲਵੰਤ ਸਿੰਘ ਸੰਧੂ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਗੁਰਮੀਤ ਸਿੰਘ ਬਖਤਪੁਰਾ, ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਮਾਓਂ ਅਤੇ ਰੁਲਦੂ ਸਿੰਘ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੇ ਪ੍ਰਾਂਤ ਅੰਦਰ ਅਕਾਲੀ-ਭਾਜਪਾ ਸਰਕਾਰ ਦੇ ਮਾਫੀਆ ਤੰਤਰ ਕਾਰਨ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ, ਗਰੀਬ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ, ਔਰਤਾਂ ਤੇ ਮੁਲਾਜ਼ਮਾਂ ਦੀਆਂ ਲਗਾਤਾਰ ਵੱਧ ਰਹੀਆਂ ਮੁਸੀਬਤਾਂ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਵਲੋਂ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਵਰਤੇ ਜਾ ਰਹੇ ਦਮਨਕਾਰੀ ਹਥਕੰਡਿਆਂ ਦੀ ਪੁਰਜ਼ੋਰ ਨਿਖੇਧੀ ਕੀਤੀ। ਮੀਟਿੰਗ ਨੇ ਇਹ ਵੀ ਨੋਟ ਕੀਤਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਜਿੱਤਣ ਲਈ ਜਿੱਥੇ ਇਹ ਸਰਕਾਰ ਇਕ ਪਾਸੇ ਸਰਕਾਰੀ ਫੰਡਾਂ ਦੀ ਨੰਗੀ ਚਿੱਟੀ ਦੁਰਵਰਤੋਂ ਕਰ ਰਹੀ ਹੈ ਉਥੇ ਨਾਲ ਹੀ ਇਸ ਮੰਤਵ ਲਈ ਹਰ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰਨ ਦੀ ਵੀ ਯੋਜਨਾਬੰਦੀ ਕਰ ਰਹੀ ਹੈ।
ਮੀਟਿੰਗ ਨੇ ਇਹ ਵੀ ਨੋਟ ਕੀਤਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਮੂੰਹ ਖੋਲ੍ਹਣ ਅਤੇ ਦੁੱਖਾਂ ਮਾਰੇ ਲੋਕਾਂ ਦੀ ਬਾਂਹ ਫੜਨ ਦੀ ਥਾਂ ਰਾਜਸੱਤਾ ਹਥਿਆਉਣ ਦੀ ਦੌੜ ਵਿਚ ਹਵਾਈ ਨਾਅਰਿਆਂ ਦੇ ਗੁੰਮਰਾਹਕੁੰਨ ਸ਼ਬਦਜਾਲ ਹੀ ਬੁਣ ਰਹੇ ਹਨ। ਜਿਸ ਨਾਲ ਆਮ ਲੋਕਾਂ ਅੰਦਰ ਆਪਣੇ ਭਵਿਖ ਪ੍ਰਤੀ ਚਿੰਤਾਵਾਂ ਨਿਰੰਤਰ ਡੂੰਘੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਪਿਛੋਕੜ ਵਿਚ ਆਮ ਲੋਕਾਂ ਨੂੰ ਮਹਿੰਗਾਈ ਅਤੇ ਬੇਕਾਰੀ ਦੇ ਸੰਤਾਪ ਤੋਂ ਮੁਕਤ ਕਰਵਾਉਣ ਲਈ, ਕਰਜ਼ੇ ਤੇ ਕੰਗਾਲੀ ਦੀ ਮਾਰ ਹੇਠ ਆਏ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਬੰਨ੍ਹ ਲਾਉਣ ਲਈ, ਬੇਘਰੇ ਪੇਂਡੂ ਮਜ਼ਦੂਰਾਂ ਲਈ ਰਿਹਾਇਸ਼ੀ ਪਲਾਟਾਂ ਤੇ ਸ਼ਹਿਰੀ ਮਜ਼ਦੂਰਾਂ ਲਈ ਢੁਕਵੇਂ ਫਲੈਟਾਂ ਦੀ ਵਿਵਸਥਾ ਕਰਵਾਉਣ ਲਈ, ਦਲਿਤਾਂ ਤੇ ਔਰਤਾਂ ਉਪਰ ਵੱਧ ਰਹੇ ਜਬਰ ਨੂੰ ਨੱਥ ਪਾਉਣ ਲਈ, ਸਿੱਖਿਆ ਤੇ ਸਿਹਤ ਸੇਵਾਵਾਂ ਦੇ ਵੱਧ ਰਹੇ ਵਪਾਰੀਕਰਨ ਨੂੰ ਰੋਕਣ ਲਈ ਅਤੇ ਪ੍ਰਾਂਤ ਦੇ ਅਮਨ ਕਾਨੂੰਨ ਉਪਰ ਹਾਵੀ ਹੋ ਰਹੇ ਗੁੰਡਾ-ਗੈਂਗਾਂ ਨੂੰ ਨੱਥ ਪਾਉਣ ਲਈ ਦੋਆਬਾ-ਮਾਝਾ ਦੇ ਖੇਤਰ ਦੀ ਵਿਸ਼ਾਲ ਜਨਤਕ ਕਨਵੈਨਸ਼ਨ 4 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਅਤੇ ਮਾਲਵਾ ਖੇਤਰ ਦੀ ਕਨਵੈਨਸ਼ਨ 5 ਜੁਲਾਈ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀਆਂ ਜਾਣਗੀਆਂ। ਜਿਨ੍ਹਾਂ ਵਿਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਮੀਟਿੰਗ ਨੇ ਇਕ ਮਤੇ ਰਾਹੀਂ ਮਲੇਰਕੋਟਲਾ ਵਿਖੇ ਫਿਰਕੂ ਨਫਰਤ ਫੈਲਾਉਣ ਲਈ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਦੀ ਰਚੀ ਗਈ ਸਾਜਿਸ਼ ਦੀ ਸਖਤ ਨਿੰਦਾ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਰਕੂ ਤੱਤਾਂ ਦੀਆਂ ਅਜਿਹੀਆਂ ਸਾਜਿਸ਼ੀ ਕਾਰਵਾਈਆਂ ਪ੍ਰਤੀ ਸਾਵਧਾਨ ਰਿਹਾ ਜਾਵੇ ਅਤੇ ਆਪਣੀ ਭਾਈਚਾਰਕ ਇਕਮੁੱਠਤਾ ਦੀ ਰਾਖੀ ਕੀਤੀ ਜਾਵੇ। ਇਕ ਹੋਰ ਮਤੇ ਰਾਹੀਂ ਪੱਛਮੀ ਬੰਗਾਲ ਅੰਦਰ ਕਮਿਊਨਿਸਟ ਕਾਰਕੁੰਨਾਂ ਤੇ ਉਨ੍ਹਾਂ ਦੇ ਦਫਤਰਾਂ ਉਪਰ ਸਰਕਾਰੀ ਸ਼ਹਿ 'ਤੇ ਗੁੰਡਿਆਂ ਵਲੋਂ ਕੀਤੇ ਜਾ ਰਹੇ ਘਾਤਕ ਹਮਲਿਆਂ ਉਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਨ੍ਹਾਂ ਦੇ ਟਾਕਰੇ ਲਈ ਖੱਬੀਆਂ ਸ਼ਕਤੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ।
ਜਾਰੀਕਰਤਾ
(ਮੰਗਤ ਰਾਮ ਪਾਸਲਾ)
98141-82998