Sunday, 3 January 2016

ਕਾਮਰੇਡ ਏਬੀ ਬਰਧਨ ਦੇ ਦੇਹਾਂਤ ’ਤੇ ਸ਼ੋਕ ਦਾ ਪ੍ਰਗਾਟਵਾ

ਜਲੰਧਰ, 3 ਜਨਵਰੀ - ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ (ਸੀ.ਪੀ.ਐਮ.ਪੰਜਾਬ) ਦੇ ਸੂਬਾ ਸਕੱਤਰੇਤ ਨੇ ਸੀ.ਪੀ.ਆਈ. ਦੇ ਸਿਰਮੌਰ ਆਗੂ ਕਾਮਰੇਡ ਏ.ਬੀ. ਬਰਧਨ ਦੇ ਸਦੀਵੀਂ ਵਿਛੋੜਾ ਦੇ ਜਾਣ ’ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਕੱਤਰੇਤ ਦੀ ਮੀਟਿੰਗ ਉਪਰੰਤ ਪ੍ਰੈਸ ਦੇ ਨਾਂਅ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਮਰੇਡ ਬਰਧਨ ਨੇ ਸਾਰਾ ਜੀਵਨ ਸਨਅਤੀ ਮਜਦੂਰਾਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਦੀਆਂ ਜੀਵਨ ਹਾਲਤਾਂ ਨੂੰ ਬਿਹਤਰ ਬਨਾਉਣ ਲਈ ਲੜੇ ਗਏ ਸੰਘਰਸ਼ਾਂ ਦੇ ਲੇਖੇ ਲਾਇਆ ਹੈ। ਦੇਸ਼ ਅੰਦਰ ਜਮਹੂਰੀਅਤ ਅਤੇ ਧਰਮ ਨਿਰਪਖ ਕਦਰਾਂ-ਕੀਮਤਾਂ ਦੀ ਮਜਬੂਤੀ ਲਈ ਲੜੇ ਗਏ ਸੰਘਰਸ਼ਾਂ ਦੇ ਵੀ ਕਾਮਰੇਡ ਬਰਧਨ ਪ੍ਰਮੁਖ ਆਗੂ ਸਨ। ਸੀ.ਪੀ.ਆਈ. ਦੇ ਜਨਰਲ ਸਕੱਤਰ ਵਜੋਂ ਉਹ ਦੇਸ਼ ਅੰਦਰ ਖੱਬੀ ਧਿਰ ਨੂੰ ਇਕਜੁੱਟ ਕਰਨ ਲਈ ਵੀ ਹਮੇਸ਼ਾ ਯਤਨਸ਼ੀਲ ਰਹੇ। ਸਾਥੀ ਪਾਸਲਾ ਨੇ ਕਿਹਾ ਕਿ ਕਿਰਤੀ ਲਹਿਰ ਉਪਰ ਨਵਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਦੇ ਵੱਧ ਰਹੇ ਹਮਲਿਆਂ ਦੇ ਇਸ ਦੌਰ ਵਿਚ ਕਾਮਰੇਡ ਬਰਧਨ ਵਰਗੇ ਤਜਰਬੇਕਾਰ ਅਤੇ ਮਜਬੂਤ ਇਰਾਦੇ ਦੇ ਮਾਲਕ ਕਮਿਊਨਿਸਟ ਆਗੂ ਦੇ ਤੁਰ ਜਾਣ ਨਾਲ ਇਸ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੀ ਇਸ ਬੇਵਕਤ ਮੌਤ ’ਤੇ ਸੀ.ਪੀ.ਐਮ.ਪੰਜਾਬ ਦੇ ਸਕੱਤਰੇਤ ਨੇ ਸੀ.ਪੀ.ਆਈ. ਦੇ ਸਮੁਚੇ ਕਾਡਰ ਅਤੇ ਕਾਮਰੇਡ ਬਰਧਨ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
 
(ਮੰਗਤ ਰਾਮ ਪਾਸਲਾ)